ਪੰਜਾਬ ਨੇ ਜੂਨੀਅਰ ਹਾਕੀ ਚੈਂਪੀਅਨਸ਼ਿਪ ਜਿੱਤੀ
ਹਤਿੰਦਰ ਮਹਿਤਾ
ਜਲੰਧਰ, 19 ਸਤੰਬਰ
ਪੰਜਾਬ ਨੇ ਉੱਤਰ ਪ੍ਰਦੇਸ਼ ਨੂੰ ਸ਼ੂਟ-ਆਊਟ ਰਾਹੀਂ 7-6 ਨਾਲ ਹਰਾ ਕੇ 14ਵੀਂ ਹਾਕੀ ਇੰਡੀਆ ਜੂਨੀਅਰ ਪੁਰਸ਼ ਕੌਮੀ ਹਾਕੀ ਚੈਂਪੀਅਨਸ਼ਿਪ ਦੇ ਖਿਤਾਬ ’ਤੇ ਕਬਜ਼ਾ ਕੀਤਾ ਹੈ। ਹਾਕੀ ਪੰਜਾਬ ਵੱਲੋਂ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਕਰਵਾਈ ਗਈ ਇਸ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਬਹੁਤ ਦਿਲਚਸਪ ਸੀ। ਮੈਚ ਦੇ ਸ਼ੁਰੂਆਤੀ ਪਲਾਂ ਵਿੱਚ ਪੰਜਾਬ ਦੀ ਟੀਮ ਨੇ ਦਬਦਬਾ ਬਣਾ ਲਿਆ ਸੀ। ਖੇਡ ਦੇ ਪੰਜਵੇਂ ਮਿੰਟ ਵਿੱਚ ਪੰਜਾਬ ਦੇ ਸੁਖਵਿੰਦਰ ਸਿੰਘ ਨੇ ਗੋਲ ਕਰਕੇ ਮੁਕਾਬਲਾ 1-0 ਕੀਤਾ। ਇਸ ਮਗਰੋਂ 31ਵੇਂ ਮਿੰਟ ਵਿੱਚ ਉੱਤਰ ਪ੍ਰਦੇਸ਼ ਦੇ ਅਜੀਤ ਯਾਦਵ ਨੇ ਗੋਲ ਕਰਕੇ ਮੁਕਾਬਲਾ 1-1 ਨਾਲ ਬਰਾਬਰ ਕਰ ਦਿੱਤਾ। ਪੰਜਾਬ ਲਈ ਜਰਮਨ ਸਿੰਘ ਨੇ 33ਵੇਂ ਮਿੰਟ ਅਤੇ ਜੋਬਨਪ੍ਰੀਨ ਨੇ 39ਵੇਂ ਮਿੰਟ ਵਿੱਚ ਗੋਲ ਕਰਕੇ ਮੈਚ 3-1 ’ਤੇ ਪਹੁੰਚਾ ਦਿੱਤਾ। ਇਸ ਮਗਰੋਂ 48ਵੇਂ ਮਿੰਟ ਵਿੱਚ ਸੂਰਜ ਪਾਲ ਅਤੇ 54ਵੇਂ ਮਿੰਟ ਵਿੱਚ ਅਕਾਸ਼ ਪਾਲ ਨੇ ਗੋਲ ਕਰ ਕੇ ਉੱਤਰ ਪ੍ਰਦੇਸ਼ ਨੂੰ ਬਰਾਬਰੀ ’ਤੇ ਲਿਆਂਦਾ।
ਸ਼ੂਟਆਊਟ ਵਿੱਚ ਪੰਜਾਬ ਨੇ ਚਾਰ ਅਤੇ ਉੱਤਰ ਪ੍ਰਦੇਸ਼ ਨੇ ਤਿੰਨ ਗੋਲ ਕੀਤੇ। ਇਸ ਤੋਂ ਪਹਿਲਾਂ ਤੀਜੇ ਸਥਾਨ ਲਈ ਖੇਡੇ ਗਏ ਮੈਚ ਵਿੱਚ ਹਰਿਆਣਾ ਨੇ ਕਰਨਾਟਕ ਨੂੰ 5-0 ਨਾਲ ਹਰਾਇਆ। ਜੇਤੂ ਟੀਮਾਂ ਨੂੰ ਰਾਜ ਸਭਾ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਅਤੇ ਹਾਕੀ ਇੰਡੀਆ ਦੇ ਪ੍ਰਧਾਨ ਦਲੀਪ ਟਿਰਕੀ ਨੇ ਇਨਾਮ ਵੰਡੇ। ਟਿਰਕੀ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਹੀ ਭਾਰਤੀ ਹਾਕੀ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਹਾਕੀ ਇੰਡੀਆ ਵੱਲੋਂ ਭਵਿੱਖ ਵਿੱਚ ਪੰਜਾਬ ’ਚ ਹੋਰ ਚੈਂਪੀਅਨਸ਼ਿਪ ਕਰਵਾਈਆਂ ਜਾਣਗੀਆਂ। ਸੰਸਦ ਮੈਂਬਰ ਅਸ਼ੋਕ ਮਿੱਤਲ ਨੇ ਹਾਕੀ ਪੰਜਾਬ ਨੂੰ ਵਧਾਈ ਦਿੰਦਿਆਂ ਟੀਮ ਨੂੰ ਇਕ ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ।