ਟੈਸਟ ਦਰਜਾਬੰਦੀ: ਜੈਸਵਾਲ ਪੰਜਵੇਂ ਤੇ ਪੰਤ ਛੇਵੇਂ ਸਥਾਨ ’ਤੇ
ਦੁਬਈ, 25 ਸਤੰਬਰ
ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਬੀਤੇ ਦਿਨੀਂ ਬੰਗਲਾਦੇਸ਼ ਖ਼ਿਲਾਫ਼ ਟੈਸਟ ਕ੍ਰਿਕਟ ਮੈਚ ਵਿੱਚ ਸੈਂਕੜਾ ਜੜ ਕੇ ਅੱਜ ਜਾਰੀ ਆਈਸੀਸੀ ਦਰਜਾਬੰਦੀ ਵਿੱਚ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ ਪਰ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਸੂਚੀ ਵਿੱਚ ਹੇਠਾਂ ਖਿਸਕ ਗਏ। ਪੰਤ ਦੇ 731 ਰੇਟਿੰਗ ਅੰਕ ਹਨ। ਉਸ ਨੇ ਚੇਨੱਈ ਵਿੱਚ ਬੰਗਲਾਦੇਸ਼ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਸੈਂਕੜਾ ਜੜਿਆ ਸੀ। ਇਸੇ ਤਰ੍ਹਾਂ ਭਾਰਤ ਦਾ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ (751) ਟੈਸਟ ਮੈਚ ਦੀ ਪਹਿਲੀ ਪਾਰੀ ’ਚ ਨੀਮ ਸੈਂਕੜੇ ਦੀ ਮਦਦ ਨਾਲ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ। ਰੋਹਿਤ ਸ਼ਰਮਾ ਪੰਜ ਸਥਾਨ ਖਿਸਕ ਕੇ 10ਵੇਂ ਸਥਾਨ ’ਤੇ ਜਦਕਿ ਕੋਹਲੀ ਵੀ ਪੰਜ ਸਥਾਨ ਹੇਠਾਂ 12ਵੇਂ ਸਥਾਨ ’ਤੇ ਆ ਗਿਆ ਹੈ। ਗਾਲੇ ’ਚ ਸ੍ਰੀਲੰਕਾ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਟੈਸਟ ਮੈਚ ਮਗਰੋਂ ਸਿਖਰਲੇ 10 ਗੇਂਦਬਾਜ਼ਾਂ ਦੀ ਰੈਂਕਿੰਗ ’ਚ ਵੀ ਕੁੱਝ ਬਦਲਾਅ ਹੋਇਆ ਹੈ। ਇਸ ਤਹਿਤ ਪ੍ਰਭਾਤ ਜੈਸੂਰਿਆ ਨੇ ਨੌਂ ਵਿਕਟਾਂ ਲੈ ਕੇ ਪੰਜ ਸਥਾਨਾਂ ਦੀ ਛਾਂਲ ਲਾਈ ਹੈ। ਉਹ ਹੁਣ ਅੱਠਵੇਂ ਸਥਾਨ ’ਤੇ ਪਹੁੰਚ ਗਿਆ ਹੈ। ਜੈਸੂਰਿਆ ਦੇ 743 ਰੇਟਿੰਗ ਅੰਕ ਹਨ ਅਤੇ ਉਹ ਤਿੰਨੋਂ ਵੰਨਗੀਆਂ ਵਿੱਚ ਸ੍ਰੀਲੰਕਾ ਦਾ ਸਰਬੋਤਮ ਰੈਂਕਿੰਗ ਵਾਲਾ ਖਿਡਾਰੀ ਹੈ। ਇੱਕ ਰੋਜ਼ਾ ਦਰਜਾਬੰਦੀ ’ਚ ਅਫ਼ਗਾਨਿਸਤਾਨ ਦਾ ਨੌਜਵਾਨ ਬੱਲੇਬਾਜ਼ੀ ਰਹਿਮਾਨਉੱਲ੍ਹਾ ਗੁਰਬਾਜ਼ ਤੇ ਆਸਟਰੇਲੀਆ ਦਾ ਟਰੈਵਿਸ ਹੈੱਡ ਸਿਖਰਲੇ 10 ’ਚ ਬੱਲੇਬਾਜ਼ਾਂ ’ਚ ਆ ਗਏ ਹਨ। ਇਸੇ ਤਰ੍ਹਾਂ ਅਫ਼ਗਾਨਿਸਤਾਨ ਦਾ ਲੈੱਗ ਸਪਿੰਨਰ ਰਾਸ਼ਿਦ ਖਾਨ ਗੇਂਦਬਾਜ਼ੀ ਦੀ ਦਰਜਾਬੰਦੀ ’ਚ ਅੱਠ ਸਥਾਨਾਂ ਦੇ ਫਾਇਦੇ ਨਾਲ ਤੀਜੇ ਸਥਾਨ ’ਤੇ ਆ ਗਿਆ ਹੈ। -ਪੀਟੀਆਈ