ਕਰਾਟੇ ਮੁਕਾਬਲਿਆਂ ’ਚ ਪੰਜਾਬ ਨੂੰ 3 ਸੋਨ ਤਗ਼ਮੇ
ਕੌਮੀ ਖੇਡਾਂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਜਨਵਰੀ
ਸਕੂਲ ਸਿੱਖਿਆ ਵਿਭਾਗ ਵੱਲੋਂ ਪੀਏਯੂ ਲੁਧਿਆਣਾ ਵਿੱਚ ਕਰਵਾਈਆਂ ਜਾ ਰਹੀਆਂ ਕੋਮੀ ਖੇਡਾਂ ਦੌਰਾਨ ਅੱਜ ਦੂਜੇ ਦਿਨ ਕਾਫ਼ੀ ਰੋਚਕ ਮੁਕਾਬਲੇ ਵੇਖਣ ਨੂੰ ਮਿਲੇ। ਪ੍ਰਿੰਸੀਪਲ ਗੁਰਜੰਟ ਸਿੰਘ ਕੋਟਾਲਾ ਨੇ ਅੱਜ ਹੋਏ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀਏਯੂ ਦੇ ਖੇਡ ਮੈਦਾਨ-1 ਵਿੱਚ ਹੋਏ ਮੈਚਾਂ ਦੌਰਾਨ ਅੰਡਰ-19 ਲੜਕੀਆਂ ਦੇ ਹੋਏ ਫੁੱਟਬਾਲ ਮੁਕਾਬਲੇ ਵਿੱਚ ਪੰਜਾਬ ਤੇ ਬਿਹਾਰ ਵਿੱਚ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ। ਪੰਜਾਬ ਦੀ ਖਿਡਾਰਨ ਜੋਬਨਪ੍ਰੀਤ ਕੌਰ ਵੱਲੋਂ ਕੀਤੇ 2 ਗੋਲਾਂ ਨਾਲ ਪੰਜਾਬ 2-0 ਨਾਲ ਜੇਤੂ ਰਿਹਾ। ਇਸ ਤੋਂ ਇਲਾਵਾ ਮਹਾਂਰਾਸ਼ਟਰ ਨੇ ਸੀਆਈਐਸਸੀਈ ਨੂੰ 3-0 ਨਾਲ, ਤਾਮਿਲਨਾਡੂ ਨੇ ਆਈਬੀਐਸਓ ਨੂੰ 7-1 ਨਾਲ ਤੇ ਮਹਾਰਾਸ਼ਟਰ ਨੇ ਛੱਤੀਸਗੜ੍ਹ ਨੂੰ 2-0 ਨਾਲ ਹਰਾਇਆ। ਇਸੇ ਦੌਰਾਨ ਪੀਏਯੂ ਦੇ ਗਰਾਊਂਡ-2 ਵਿੱਚ ਅੰਡਰ-19 ਲੜਕਿਆਂ ਦੇ ਫੁੱਟਬਾਲ ਮੁਕਾਬਲਿਆਂ ਦੌਰਾਨ ਸੀਬੀਐੱਸਈ ਨੇ ਵਿਦਿਆ ਭਾਰਤੀ ਨੂੰ 9-1 ਨਾਲ, ਝਾਰਖੰਡ ਨੇ ਕੇਰਲ ਨੂੰ 3-1 ਨਾਲ, ਦਿੱਲੀ ਨੇ ਆਈਪੀਐੱਸਸੀ ਨੂੰ 1-0 ਨਾਲ ਤੇ ਗੁਜਰਾਤ ਨੇ ਵਿੱਦਿਆ ਭਾਰਤੀ ਨੂੰ 24-0 ਨਾਲ ਹਰਾਇਆ। ਪੀਏਯੂ ਦੇ ਖੇਡ ਮੈਦਾਨ-3 ਵਿੱਚ ਹੋਏ ਪੂਲ ਮੈਚਾਂ ਦੌਰਾਨ ਹਰਿਆਣਾ ਨੇ ਚੰਡੀਗੜ੍ਹ ਨੂੰ 3-0 ਨਾਲ ਹਰਾਇਆ ਤੇ ਆਂਧਰਾ ਪ੍ਰਦੇਸ਼ ਤੇ ਜੰਮੂ ਕਸ਼ਮੀਰ 1-1 ਨਾਲ ਬਰਾਬਰ ਰਹੇ, ਜਦਕਿ ਆਈਸੀਐੱਸਸੀਈ ਨੇ ਤੇਲੰਗਾਨਾ ਨੂੰ 7-0 ਨਾਲ ਤੇ ਪੱਛਮੀ ਬੰਗਾਲ ਨੇ ਸੀਬੀਐੱਸਸੀ ਨੂੰ 6-1 ਨਾਲ ਹਰਾਇਆ।
ਅੱਜ ਹੋਏ ਕਰਾਟੇ ਮੁਕਾਬਲਿਆਂ ਵਿੱਚ ਪੰਜਾਬ ਨੇ 2 ਸੋਨ ਤਗ਼ਮੇ ਜਿੱਤੇ। ਕਰਾਟੇ ਦੇ ਅੰਡਰ-19 ਲੜਕੇ ਮੁਕਾਬਲਿਆਂ ਵਿੱਚ 35 ਕਿੱਲੋ ਭਾਰ ਵਰਗ ਵਿੱਚ ਪੰਜਾਬ ਨੂੰ ਪਹਿਲਾ ਸੋਨ ਤਗ਼ਮਾ ਅਭੀ ਕੁਮਾਰ ਸ਼ਾਸਤਰੀ ਨੇ ਦਿੱਲੀ ਦੇ ਹੇਮੰਤ ਕਸ਼ਅਪ ਨੂੰ ਹਰਾ ਕੇ ਦਿਵਾਇਆ। ਇਸ ਵਿੱਚ ਤੀਜਾ ਸਥਾਨ ਅਸਾਮ ਦੇ ਸੂਰਜ ਦੇਵਰਾ ਨੇ ਜਿੱਤਿਆ। ਅੰਡਰ-19 ਲੜਕੀਆਂ ਦੇ 52 ਕਿੱਲੋ ਭਾਰ ਵਰਗ ਵਿੱਚ ਪੰਜਾਬ ਦੀ ਨਿਸ਼ਾ ਨੇ ਹਰਿਆਣਾ ਦੀ ਜੈਸਮੀਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਤੀਜਾ ਸਥਾਨ ਅਸਾਮ ਦੀ ਸ਼ਵੇਤਾ ਹਜ਼ਾਰਿਕਾ ਦੇ ਨਾਂ ਰਿਹਾ। ਇਸੇ ਤਰ੍ਹਾਂ ਅੰਡਰ-19 ਲੜਕੀਆਂ 60 ਕਿੱਲੋ ਭਾਰ ਵਰਗ ਵਿੱਚ ਪੰਜਾਬ ਦੀ ਅਸ਼ਿਕਾ ਭਾਰਦਵਾਜ ਨੇ ਅਸਾਮ ਦੀ ਅੰਗਕਿਤਾ ਨੂੰ ਹਰਾ ਸੋਨ ਤਗ਼ਮੇ ’ਤੇ ਕਬਜ਼ਾ ਕੀਤਾ। ਦੂਜੇ ਪਾਸੇ ਕਰਾਟੇ ਅੰਡਰ-19 ਲੜਕੇ 50 ਕਿੱਲੋ ਭਾਰ ਵਰਗ ਵਿੱਚ ਪ੍ਰਸ਼ਾਂਤ ਸਿੰਘ ਉੱਤਰ ਪ੍ਰਦੇਸ਼ ਨੇ ਪੰਜਾਬ ਦੇ ਕਰਨ ਕਨੌਜੀਆ ਨੂੰ ਹਰਾਇਆ। ਜੂਡੋ ਮੁਕਾਬਲਿਆਂ ਵਿੱਚ ਅੰਡਰ-17 ਲੜਕਿਆਂ ਦੇ 40 ਕਿੱਲੋ ਭਾਰ ਵਰਗ ਵਿੱਚ ਪੰਜਾਬ ਦਾ ਸਾਹਿਲ ਪਹਿਲੇ ਸਥਾਨ, ਦਿੱਲੀ ਦਾ ਰਾਜ ਦੂਜੇ ਸਥਾਨ ਅਤੇ ਤੇਲੰਗਨਾ ਦਾ ਪ੍ਰਵੀਨ ਕੁਮਾਰ ਤੀਜੇ ਸਥਾਨ ਤੇ ਰਿਹਾ। 45 ਕਿੱਲੋ ਵਰਗ ਵਿੱਚ ਪੰਜਾਬ ਦਾ ਰਘੂ ਮਹਿਰਾ ਪਹਿਲੇ, ਅਰੁਨਾਚਲ ਪ੍ਰਦੇਸ਼ ਦਾ ਕੀਪਾ ਚਿੰਗਪਾ ਦੂਜੇ ਤੇ ਵਿੱਦਿਆ ਭਾਰਤੀ ਤੋਂ ਮਨੀਸ਼ ਤੀਜੇ ਸਥਾਨ ’ਤੇ ਰਹੇ।
ਜੂਡੋ ਮੁਕਾਬਲਿਆਂ ਵਿੱਚ ਅੰਡਰ-17 ਲੜਕੀਆਂ 44 ਕਿੱਲੋ ਭਾਰ ਵਰਗ ਵਿੱਚ ਹਰਿਆਣਾ ਦੀ ਗਰਿਮਾ ਪਹਿਲੇ, ਪੱਛਮੀ ਬੰਗਾਲ ਦੀ ਸਮਿਤਾ ਦੂਜੇ ਅਤੇ ਹਿਮਾਚਲ ਪ੍ਰਦੇਸ਼ ਦੀ ਅੰਕਿਤਾ ਤੀਜੇ ਸਥਾਨ ’ਤੇ ਰਹੀਆਂ। ਇਸੇ ਤਰ੍ਹਾਂ 70 ਕਿੱਲੋ ਵਰਗ ਵਿੱਚ ਪੰਜਾਬ ਦੀ ਕੰਵਰਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ, ਚੰਡੀਗੜ੍ਹ ਦੀ ਦਿਵਾਂਸ਼ੀ ਮਿਗਲਾਨੀ ਦੂਜੇ ਅਤੇ ਰਾਜਸਥਾਨ ਦੀ ਮਮਤਾ ਤੀਜੇ ਸਥਾਨ ’ਤੇ ਰਹੀ। ਇਸ ਮੌਕੇ ਪੁੱਜੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਖਿਡਾਰੀਆਂ ਦੀ ਹੋਸਲਾ-ਅਫ਼ਜਾਈ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੈਡਮ ਡਿੰਪਲ ਮਦਾਨ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਕੁਲਵੀਰ ਸਿੰਘ, ਪ੍ਰਿੰਸੀਪਲ ਮੈਡਮ ਕੰਵਲਜੋਤ ਕੌਰ, ਪ੍ਰਿੰਸੀਪਲ ਡਾ. ਦਵਿੰਦਰ ਸਿੰਘ ਛੀਨਾ ਅਤੇ ਖੇਡ ਕੋਚ ਅਜੀਤਪਾਲ ਸਿੰਘ ਨੇ ਵੱਖ-ਵੱਖ ਖੇਡ ਮੈਦਾਨਾਂ ਵਿੱਚ ਪਹੁੰਚ ਕੇ ਖਿਡਾਰੀਆਂ ਨਾਲ ਗੱਲਬਾਤ ਕੀਤੀ।