For the best experience, open
https://m.punjabitribuneonline.com
on your mobile browser.
Advertisement

ਪੰਜਾਬ ਨਾਬਰੀ ਖ਼ਿਲਾਫ਼ ਡਟ ਕੇ ਇਤਿਹਾਸ ਦੁਹਰਾਵੇ: ਖੁੱਡੀਆਂ

07:55 AM May 13, 2024 IST
ਪੰਜਾਬ ਨਾਬਰੀ ਖ਼ਿਲਾਫ਼ ਡਟ ਕੇ ਇਤਿਹਾਸ ਦੁਹਰਾਵੇ  ਖੁੱਡੀਆਂ
ਇੱਕ ਚੋਣ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਗੁਰਮੀਤ ਸਿੰਘ ਖੁੱਡੀਆਂ।
Advertisement

ਸ਼ਗਨ ਕਟਾਰੀਆ
ਬਠਿੰਡਾ, 12 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ (ਦਿਹਾਤੀ) ਵਿਧਾਨ ਸਭਾ ਹਲਕੇ ’ਚ ਚੋਣ ਪ੍ਰਚਾਰ ਕੀਤਾ। ਆਪਣੀਆਂ ਤਕਰੀਰਾਂ ਦੌਰਾਨ ਉਨ੍ਹਾਂ ਕੇਂਦਰੀ ਹਾਕਮ ਧਿਰ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਜਰਮਨ ਦੇ ਤਾਨਾਸ਼ਾਹ ਹਿਟਲਰ ਨੇ ਵਿਰੋਧੀਆਂ ਦੀ ਜ਼ੁਬਾਨ ਬੰਦ ਕਰਨ ਲਈ ਭਾਵੇਂ ਗੈਸ ਦੇ ਚੈਂਬਰਾਂ ’ਚ ਪਾਇਆ ਸੀ, ਪਰ ਇਤਿਹਾਸ ਗਵਾਹ ਹੈ ਕਿ ਆਖ਼ਰ ਹਿਟਲਰ ਨੂੰ ਹੀ ਆਤਮ-ਹੱਤਿਆ ਕਰਨ ਲਈ ਮਜਬੂਰ ਹੋਣਾ ਪਿਆ ਸੀ। ਉਨ੍ਹਾਂ ਕਿਹਾ ਕਿ ਭਾਜਪਾ ਹਕੂਮਤ ਦੀ ਤਾਨਸ਼ਾਹੀ ਦੀ ਇਹ ਇੰਤਹਾ ਹੀ ਕਹੀ ਜਾਵੇਗੀ ਕਿ ਵਿਰੋਧੀਆਂ ਨੂੰ ਜੇਲ੍ਹੀਂ ਡੱਕ ਕੇ, ਜਮਹੂਰੀਅਤ ਦੀ ਰੂਹ ਦਾ ਕਤਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਵੀ ਇਤਿਹਾਸ ’ਚ ਦਰਜ ਹੈ ਕਿ ਹਕੂਮਤ ਦੀ ਨਾਬਰੀ ਨੂੰ ਨੱਥ ਪਾਉਣ ਲਈ ਪੰਜਾਬ ਨੇ ਸਦਾ ਮੋਹਰੀ ਭੂਮਿਕਾ ਨਿਭਾਈ ਹੈ, ਉਸੇ ਨੂੰ ਵੇਖਦਿਆਂ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਚੋਣਾਂ ’ਚ ਭਾਜਪਾ ਨੂੰ ਪੰਜਾਬ ’ਚੋਂ ਬੁਰੀ ਤਰ੍ਹਾਂ ਮੂੰਹ ਦੀ ਖਾਣੀ ਪਵੇਗੀ। ਉਨ੍ਹਾਂ ਕਿਹਾ ਕਿ ਸ਼ਰਮਨਾਕ ਵਰਤਾਰਾ ਇਹ ਵੀ ਹੈ ਕਿ ਭਾਜਪਾ ਨਾਲ ਤੋੜ-ਵਿਛੋੜੇ ਦਾ ਰੌਲਾ ਪਾਉਣ ਵਾਲਾ ਅਕਾਲੀ ਦਲ ਹੁਣ ਵੀ ਭਾਜਪਾ ਦੀ ‘ਪੂਛ’ ਬਣਿਆ ਹੋਇਆ ਹੈ। ਉਨ੍ਹਾਂ ਪੰਜਾਬ ਦੇ ਵੋਟਰਾਂ ਨੂੰ ਸੁਚੇਤ ਕੀਤਾ ਕਿ ਅਕਾਲੀ ਦਲ ਨੂੰ ਵੋਟ ਪਾਉਣ ਦਾ ਸਾਫ਼ ਮਤਲਬ ਭਾਜਪਾ ਨੂੰ ਵੋਟ ਪਾਉਣਾ ਹੈ ਕਿਉਂ ਕਿ ਚੋਣਾਂ ਤੋਂ ਮਗਰੋਂ ਨੰਗੇ-ਚਿੱਟੇ ਰੂਪ ’ਚ ਦੋਵੇਂ ਇਕੱਠੇ ਦਿਖਾਈ ਦੇਣਗੇ। ਸ੍ਰੀ ਖੁੱਡੀਆਂ ਨੇ ਕਿਹਾ ਕਿ ਉਹ ਕਾਂਗਰਸ ਦਾ ਜ਼ਿਕਰ ਕਰਨਾ ਮੁਨਾਸਿਬ ਨਹੀਂ ਸਮਝਦੇ ਕਿਉਂਕਿ ‘ਖੱਖੜੀਆਂ-ਕਰੇਲੇ’ ਹੋਈ ਕਾਂਗਰਸ ’ਤੇ ਹੁਣ ਸਿਰਫ ਤਰਸ ਹੀ ਕੀਤਾ ਜਾ ਸਕਦਾ ਹੈ, ਉਂਜ ਵੀ 70 ਸਾਲਾਂ ਤੋਂ ‘ਅਜ਼ਮਾਈ’ ਇਸ ਪਾਰਟੀ ਦੀ ਖ਼ਸਲਤ ਨੂੰ ਲੋਕ ਖੁਦ ਚੰਗੀ ਤਰ੍ਹਾਂ ਜਾਣਦੇ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਾਧਾਰਨ ਆਵਾਮ ’ਚੋਂ ਉੱਠੀ ਉਹ ਲਹਿਰ ਹੈ, ਜਿਸ ਦੇ ਪੋਟੇ-ਪੋਟੇ ਵਿੱਚ ਮਿਹਨਤਕਸ਼ ਅਤੇ ਕਿਰਤੀ ਲੋਕਾਂ ਦਾ ਦਰਦ ਸਮੋਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ‘ਆਓ! ਪੰਜਾਬ ਦੀ ਪੀੜਾ ਨੂੰ ਹਰਨ ਦੇ ਲਈ ‘ਆਪ’ ਦੇ ਸਾਥ ਨਾਲ ਨਵੀਂ ਇਬਾਰਤ ਲਿਖ਼ੀਏ’। ਆਪਣੇ ਸੰਬੋਧਨ ਦੀ ਸਿਖ਼ਰ ’ਤੇ ਸ੍ਰੀ ਖੁੱਡੀਆਂ ਮਸ਼ਹੂਰ ਸ਼ਾਇਰ ਦੁਸ਼ਯੰਤ ਦਾ ਇਹ ਸ਼ੇਅਰ ਆਖਿਆ ‘ਹੋ ਗਈ ਹੈ ਪੀੜ ਪਰਬਤ ਸੀ, ਪਿਘਲਨੀ ਚਾਹੀਏ। ਇਸ ਹਿਮਾਲੀਆ ਸੇ ਕੋਈ, ਗੰਗਾ ਨਿਕਲਨੀ ਚਾਹੀਏ। ਆਜ ਯੇ ਦੀਵਾਰ, ਪਰਦੋਂ ਕੀ ਤਰਹ ਹਿਲਨੇ ਲਗੀ। ਸ਼ਰਤ ਲੇਕਿਨ ਥੀ ਕਿ, ਯੇ ਦੀਵਾਰ ਹਿਲਨੀ ਚਾਹੀਏ।’

Advertisement

ਲੱਡੂਆਂ ਨਾਲ ਤੁਲਾਈ ਨੇ ਰਫ਼ਤਾਰ ਫੜੀ

ਸ੍ਰੀ ਖੁੱਡੀਆਂ ਨੇ ਅੱਜ ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਦੇ ਪਿੰਡ ਡੂੰਮਵਾਲੀ, ਪਥਰਾਲਾ, ਚੱਕ ਰੁਲਦੂ ਸਿੰਘ ਵਾਲਾ, ਜੱਸੀ ਬਾਗ ਵਾਲੀ, ਗਹਿਰੀ ਬੁੱਟਰ, ਗੁਰੂਸਰ ਸੈਣੇਵਾਲਾ, ਜੋਧਪੁਰ ਰੋਮਾਣਾ, ਜੱਸੀ ਪੌ ਵਾਲੀ, ਭਾਗੂ, ਕਟਾਰ ਸਿੰਘ ਵਾਲਾ, ਕੋਟ ਸ਼ਮੀਰ, ਕੋਟ ਫੱਤਾ ਤੇ ਧੰਨ ਸਿੰਘ ਵਾਲਾ ਆਦਿ ਪਿੰਡਾਂ ’ਚ ਲੋਕ ਮਿਲਣੀਆਂ ਕੀਤੀਆਂ। ਇਨ੍ਹਾਂ ’ਚੋਂ ਕਰੀਬ ਅੱਧੀ ਦਰਜਨ ਪਿੰਡਾਂ ’ਚ ਉਨ੍ਹਾਂ ਨੂੰ ਲੱਡੂਆਂ ਨਾਲ ਤੋਲਿਆ ਗਿਆ। ਜੱਸੀ ਬਾਗ ਵਾਲੀ ਵਿੱਚ ਲੱਡੂਆਂ ਨਾਲ ਤੋਲਣ ਸਮੇਂ ਇਲਾਕੇ ਦੀ ਉੱਘੀ ਸ਼ਖ਼ਸੀਅਤ ਜੈਦੀਪ ਸਿੰਘ ਜੱਸੀ ਉਚੇਚੇ ਤੌਰ ’ਤੇ ਹਾਜ਼ਰ ਸਨ।

Advertisement
Author Image

sukhwinder singh

View all posts

Advertisement
Advertisement
×