ਮੰਟੋ ਦੇ ਹਰਫ਼ਾਂ ’ਚ ਦਿਸਦਾ ਪੰਜਾਬ
ਸਆਦਤ ਹਸਨ ਮੰਟੋ ਬਾਰੇ ਪੰਜਾਬੀ ਪਾਠਕਾਂ ਨੂੰ ਇਹ ਰੰਜ ਰਿਹਾ ਹੈ ਕਿ ਉਸ ਨੇ ਪੰਜਾਬੀ ਹੁੰਦਿਆਂ ਹੋਇਆਂ ਪੰਜਾਬੀ ਵਿੱਚ ਜਾਂ ਪੰਜਾਬ ਬਾਰੇ ਉਸ ਤਰ੍ਹਾਂ ਕਲਮ ਨਹੀਂ ਵਾਹੀ ਜਿਵੇਂ ਉਸ ਤੋਂ ਤਵੱਕੋ ਕੀਤੀ ਜਾਂਦੀ ਹੈ। ਹੱਥਲਾ ਲੇਖ ਮੰਟੋ ਨੇ ਭਾਵੇਂ ਉਰਦੂ ਵਿੱਚ ਹੀ ਲਿਖਿਆ, ਪਰ ਉਸ ਅੰਦਰ ਮੌਜੂਦ ਪੰਜਾਬੀ ਬੰਦਾ ਆਸਾਨੀ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ। ਸਾਨੂੰ ਇਸ ਗੱਲ ਨੂੰ ਪਾਸੇ ਰੱਖ ਕੇ ਮੰਟੋ ਨੂੰ ਵੇਖਣਾ ਬਣਦਾ ਹੈ ਕਿ ਇੱਕ ਪੰਜਾਬੀ ਹੁੰਦਿਆਂ ਉਸ ਦੀ ਨਾ ਸਿਰਫ਼ ਭਾਰਤੀ ਬਲਕਿ ਵਿਸ਼ਵ ਦੇ ਅਦਬ ਨੂੰ ਕੀ ਦੇਣ ਹੈ। ਇਸ ਲੇਖ ਦਾ ਅਨੁਵਾਦ ਪਵਨ ਟਿੱਬਾ ਨੇ ਕੀਤਾ ਹੈ।
ਆਓ, ਤੁਹਾਨੂੰ ਪੰਜਾਬ ਦੇ ਪਿੰਡਾਂ ਦੀ ਸੈਰ ਕਰਾਈਏ। ਇਹ ਹਿੰਦੋਸਤਾਨ ਦੇ ਉਹ ਪਿੰਡ ਹਨ ਜਿੱਥੇ ਮੁਹੱਬਤ ਤਹਿਜ਼ੀਬ ਅਤੇ ਜਿਊਣ-ਜਾਚ ਦੇ ਭਾਰ ਤੋਂ ਬਿਲਕੁਲ ਆਜ਼ਾਦ ਹੈ; ਜਿੱਥੇ ਜਜ਼ਬਾਤ ਬੱਚਿਆਂ ਵਾਂਗ ਖੇਡਦੇ ਹਨ। ਇੱਥੇ ਦਾ ਇਸ਼ਕ ਅਜਿਹਾ ਸੋਨਾ ਹੈ ਜਿਸ ਵਿੱਚ ਮਿੱਟੀ ਮਿਲੀ ਹੋਈ ਹੈ। ਦਿਖਾਵੇ ਅਤੇ ਬਣਾਉਟੀਪੁਣੇ ਤੋਂ ਰਹਿਤ ਇਨ੍ਹਾਂ ਪਿੰਡਾਂ ਵਿੱਚ ਬੱਚਿਆਂ, ਨੌਜਵਾਨਾਂ ਅਤੇ ਬੁੱਢਿਆਂ ਦੇ ਦਿਲ ਧੜਕਦੇ ਹਨ। ਪੈਰ-ਪੈਰ ਉੱਤੇ ਤੁਹਾਨੂੰ ਸ਼ਾਇਰੀ ਨਜ਼ਰ ਆਵੇਗੀ ਜੋ ਬਹਿਰ ਦੀ ਕੈਦ ਅਤੇ ਸ਼ਬਦੀ ਬੰਦਿਸ਼ਾਂ ਤੋਂ ਬਿਲਕੁਲ ਆਜ਼ਾਦ ਹੈ।
ਇੱਥੋਂ ਦੀ ਖੁੱਲ੍ਹੀ ਹਵਾ ਵਿੱਚ ਤੁਸੀਂ ਚੱਲੋ-ਫਿਰੋਗੇ ਤਾਂ ਤੁਸੀਂ ਆਪਣੇ ਅੰਦਰ ਇੱਕ ਨਵੀਂ ਜ਼ਿੰਦਗੀ ਪਾਉਗੇ। ਤੁਹਾਨੂੰ ਅਜਿਹਾ ਮਹਿਸੂਸ ਹੋਵੇਗਾ ਕਿ ਤੁਸੀਂ ਵੀ ਇਸ਼ਕ ਕਰ ਸਕਦੇ ਹੋ, ਤੁਹਾਡੇ ਅੰਦਰ ਵੀ ਫੈਲ ਕੇ ਪਾਗਲਾਂ ਵਰਗੀ ਸ਼ਿੱਦਤ ਅਖ਼ਤਿਆਰ ਕਰ ਲੈਣ ਦੀ ਤਾਕਤ ਮੌਜੂਦ ਹੈ, ਤੁਸੀਂ ਵੀ ਪੰਛੀਆਂ ਦੀ ਜ਼ਬਾਨ ਸਮਝ ਸਕਦੇ ਹੋ ਅਤੇ ਹਵਾਵਾਂ ਦੀ ਗੁਣਗੁਣਾਹਟ ਤੁਹਾਡੇ ਲਈ ਵੀ ਕੁਝ ਅਰਥ ਰੱਖਦੀ ਹੈ। ਜਦੋਂ ਅਬਾਬੀਲਾਂ ਖ਼ਾਮੋਸ਼ ਆਸਮਾਨ ਵਿੱਚ ਡੁਬਕੀ ਲਗਾਉਂਦੀਆਂ ਹਨ, ਸ਼ਾਮ ਨੂੰ ਚਾਮਚੜਿੱਕਾਂ ਡਾਰਾਂ ਬਣਾ-ਬਣਾ ਜੰਗਲਾਂ ਵੱਲ ਤੈਰਦੀਆਂ ਹਨ , ਪਿੰਡ ਵਾਪਸ ਆਉਣ ਵਾਲੇ ਪਸ਼ੂ ਡੰਗਰਾਂ ਦੇ ਗਲੇ ਵਿੱਚ ਬੱਝੇ ਹੋਏ ਘੁੰਗਰੂ ਵੱਜਦੇ ਹਨ ਅਤੇ ਫ਼ਿਜ਼ਾ ਉੱਤੇ ਇੱਕ ਦਿਲਫ਼ਰੇਬ ਨਾਚ ਵਰਗੀ ਕੈਫ਼ੀਅਤ ਤਾਰੀ ਹੋ ਜਾਂਦੀ ਹੈ ਤਾਂ ਤੁਹਾਡਾ ਦਿਲ ਵੀ ਕਦੇ ਫੈਲੇਗਾ ਅਤੇ ਕਦੇ ਸੁੰਗੜੇਗਾ।
ਉਹ ਵੇਖੋ, ਸਾਹਮਣੇ ਕੱਚੇ ਕੋਠੇ ਜ਼ਮੀਨ ਉੱਤੇ ਲਿਟੇ ਹੋਏ ਹਨ। ਦੀਵਾਰਾਂ ਉੱਤੇ ਵੱਡੀਆਂ-ਵੱਡੀਆਂ ਪਾਥੀਆਂ ਦੀ ਕਤਾਰ ਦੂਰ ਤੱਕ ਚਲੀ ਗਈ ਹੈ। ਮਿੱਟੀ ਦੇ ਇਹ ਘਰੌਂਦੇ ਵੀ ਇੱਕ ਦੂਜੇ ਨਾਲ ਮੁਹੱਬਤ ਕਰਦੇ ਹਨ ਕਿਉਂਕਿ ਉਨ੍ਹਾਂ ਵਿੱਚ ਫ਼ਾਸਲਾ ਨਹੀਂ। ਇੱਕ ਕੋਠੇ ਨੇ ਦੂਜੇ ਕੋਠੇ ਨਾਲ ਗਲਵਕੜੀ ਪਾਈ ਹੋਈ ਹੈ, ਇਸੇ ਤਰ੍ਹਾਂ ਉਸ ਖੁੱਲ੍ਹੇ ਮੈਦਾਨ ਵਿੱਚ ਇੱਕ ਹੋਰ ਖੁੱਲ੍ਹਾ ਮੈਦਾਨ ਬਣ ਗਿਆ ਹੈ। ਉਨ੍ਹਾਂ ਕੋਠਿਆਂ ਉੱਤੇ ਮੰਜੇ ਮੂਧੇ ਪਏ ਹਨ। ਗੰਨੇ ਦੇ ਲੰਮੇ-ਲੰਮੇ ਛਿਲਕੇ ਇੱਥੇ-ਉੱਥੇ ਖਿੱਲਰੇ ਹੋਏ ਹਨ। ਦੁਪਹਿਰ ਦਾ ਵੇਲਾ ਹੈ, ਧੁੱਪ ਏਨੀ ਤੇਜ਼ ਹੈ ਕਿ ਇੱਲ ਵੀ ਅੰਡਾ ਛੱਡ ਦੇਵੇ। ਫ਼ਿਜ਼ਾ ਇੱਕ ਸੁਪਨੀਂਦੀ ਜਿਹੀ ਉਦਾਸੀ ਵਿੱਚ ਡੁੱਬੀ ਹੋਈ ਹੈ। ਕਦੇ ਕਦੇ ਕਿਸੇ ਇੱਲ ਦੀ ਬਾਰੀਕ ਜਿਹੀ ਚੀਖ਼ ਉੱਭਰਦੀ ਹੈ ਅਤੇ ਖ਼ਾਮੋਸ਼ੀ ਉੱਤੇ ਇੱਕ ਖ਼ਰਾਸ਼ ਜਿਹੀ ਪੈਦਾ ਕਰਦੀ ਹੋਈ ਡੁੱਬ ਜਾਂਦੀ ਹੈ... ਪਰ ਇਸ ਤੇਜ਼ ਧੁੱਪ ਵਿੱਚ ਇਹ ਕੋਠੇ ਉੱਤੇ ਕੌਣ ਚੜ੍ਹਿਆ ਹੈ... ਓਏ, ਇਹ ਤਾਂ ਕੋਈ ਇਸ ਪਿੰਡ ਦੀ ਮੁਟਿਆਰ (ਨੌਜਵਾਨ ਕੁੜੀ) ਹੈ। ਵੇਖੋ ਤਾਂ ਕਿਸ ਅੰਦਾਜ਼ ਨਾਲ ਤਪੇ ਹੋਏ ਕੋਠੇ ਉੱਤੇ ਨੰਗੇ ਪੈਰ ਚੱਲ ਰਹੀ ਹੈ। ਇਹ ਲਓ, ਉਹ ਖੜ੍ਹੀ ਹੋ ਗਈ। ਉਸ ਨੂੰ ਕਿਸ ਦੀ ਉਡੀਕ ਹੈ। ਉਸ ਦੀਆਂ ਅੱਖਾਂ ਕਿਸ ਨੂੰ ਲੱਭ ਰਹੀਆਂ ਹਨ। ਕਿੱਕਰਾਂ ਦੇ ਝੁੰਡ ਵਿੱਚ ਇਹ ਕੀ ਵੇਖ ਰਹੀ ਹੈ। ਕਦੋਂ ਤੀਕ ਇਹ ਇੰਜ ਹੀ ਖੜ੍ਹੀ ਰਹੇਗੀ। ਕੀ ਉਸ ਦੇ ਪੈਰ ਨਹੀਂ ਸੜਦੇ, ਸ਼ਾਇਦ ਇਸੇ ਨੇ ਇਹ ਕਿਹਾ ਹੋਵੇਗਾ,
ਕੋਠੇ ਉੱਪਰ ਖੇਲੀਆਂ ਮੇਰੀਆਂ ਸੜ ਗਈਆਂ ਪੈਰਾਂ ਦੀਆਂ ਤਲੀਆਂ
ਮੇਰਾ ਯਾਰ ਨਜ਼ਰ ਨਾ ਆਵੇ
(ਮੈਂ ਕੋਠੇ ਉੱਤੇ ਖੜ੍ਹੀ ਹਾਂ ਅਤੇ ਇੰਜ ਖੜ੍ਹੇ-ਖੜ੍ਹੇ ਮੇਰੇ ਪੈਰ ਦੀਆਂ ਤਲੀਆਂ ਸੜ ਗਈਆਂ ਹਨ... ਪਰ ਮੇਰਾ ਆਸ਼ਿਕ ਨਜ਼ਰ ਨਹੀਂ ਆਉਂਦਾ।)
ਨਹੀਂ, ਉਸ ਨੇ ਤਾਂ ਗੰਨੇ ਦੇ ਸੁੱਕੇ ਹੋਏ ਛਿਲਕੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ... ਪਰ ਇਹ ਫਿਰ ਵਾਰ-ਵਾਰ ਉੱਧਰ ਕਿਉਂ ਵੇਖਦੀ ਹੈ ਜਿਧਰ ਬੁੱਢੇ ਬੋਹੜ ਦੀ ਛਾਂ ਥੱਲੇ ਇੱਕ ਨੌਜਵਾਨ ਹੱਥ ਵਿੱਚ ਇੱਕ ਲੰਮੀ ਡਾਂਗ ਲਈ ਖੜ੍ਹਾ ਹੈ... ਕੀ ਇਹ ਉਸ ਦਾ ਉਹ ਤਾਂ ਨਹੀਂ...? ਉਸ ਦੀ ਡਾਂਗ ਉੱਤੇ ਪਿੱਤਲ ਦੇ ਕੋਕੇ ਕਿੰਨੇ ਚਮਕ ਰਹੇ ਹਨ!
ਅਸੀਂ ਏਧਰ ਨੌਜਵਾਨ ਵੱਲ ਵੇਖਦੇ ਰਹੇ ਅਤੇ ਉੱਧਰ ਆਖ਼ਰੀ ਕੋਠੇ ਉੱਤੇ, ਜੋ ਕਿ ਇੱਥੋਂ ਕਾਫ਼ੀ ਦੂਰ ਹੈ, ਇੱਕ ਹੋਰ ਨੌਜਵਾਨ ਕੁੜੀ ਪ੍ਰਗਟ ਹੋ ਗਈ। ਦੂਰੋਂ ਕੁਝ ਵਿਖਾਈ ਤਾਂ ਨਹੀਂ ਦਿੰਦਾ, ਪਰ ਉਸ ਦੇ ਨੱਕ ਦਾ ਲੌਂਗ ਕਿੰਨਾ ਚਮਕ ਰਿਹਾ ਹੈ। ਕੀ ਇਸ ਲੌਂਗ ਦੇ ਬਾਰੇ ਵਿੱਚ ਇਹ ਕਿਹਾ ਗਿਆ ਸੀ:
ਤੇਰੇ ਲੌਂਗ ਦਾ ਪਿਆ ਲਿਸ਼ਕਾਰਾ
ਹਾਲੀਆਂ ਨੇ ਹਲ ਡੱਕ ਲਏ
(ਤੇਰੇ ਲੌਂਗ (ਨੱਕ ਦਾ ਕਿੱਲ) ਨੇ ਜਦੋਂ ਚਮਕ ਪੈਦਾ ਕੀਤੀ ਤਾਂ ਹਲ ਚਲਾਉਣ ਵਾਲਿਆਂ ਨੇ ਆਪਣੇ ਹਲ ਰੋਕ ਲਏ। ਇਸ ਖ਼ਿਆਲ ਨਾਲ ਕਿ ਬਿਜਲੀ ਚਮਕ ਰਹੀ ਹੈ ਅਤੇ ਮੀਂਹ ਆਉਣ ਵਾਲਾ ਹੈ।)
ਨਹੀਂ ਬਈ, ਇਹ ਤਾਂ ਕੁਝ ਹੋਰ ਹੀ ਮਾਮਲਾ ਹੈ... ਇਹ ਵੇਖੋ, ਏਧਰ ਦੀ ਕੁੜੀ ਉਸ ਕੁੜੀ ਨੂੰ ਇਸ਼ਾਰਾ ਕਰ ਰਹੀ ਹੈ। ਸ਼ਾਇਦ ਉਸ ਨੂੰ ਆਉਣ ਲਈ ਕਹਿ ਰਹੀ ਹੈ, ਫਿਰ ਉਸ ਪਾਸੇ ਵੀ ਝੁਕ ਕੇ ਵੇਖਦੀ ਹੈ ਜਿੱਥੇ ਪਿੰਡ ਦਾ ਉਹ ਨੌਜਵਾਨ ਆਦਮੀ ਛਾਂ ਵਿੱਚ ਖੜ੍ਹਾ ਹੈ। ਇੱਕ ਹੱਥ ਵਿੱਚ ਡਾਂਗ ਫੜੀ ਹੈ ਅਤੇ ਦੂਜੇ ਹੱਥ ਨਾਲ ਆਪਣੇ ਗਲੇ ਵਿੱਚ ਪਾਏ ਤਵੀਤਾਂ ਨਾਲ ਖੇਡ ਰਿਹਾ ਹੈ। ਇਸ ਦ੍ਰਿਸ਼ ਨੂੰ ਵੇਖ ਕੇ ਉਹ ਬੋਲੀ ਯਾਦ ਆ ਜਾਂਦੀ ਹੈ ਜੋ ਇਸ ਪਿੰਡ ਦੇ ਸਾਰੇ ਮੁੰਡਿਆਂ ਨੂੰ ਯਾਦ ਹੈ। ਕੀ ਹੈ...? ਹਾਂ...
ਮੁੰਡਾ ਮੋਹ ਲਿਆ ਤਵੀਤਾਂ ਵਾਲਾ
ਦਮੜੀ ਦਾ ਸੱਕ ਮਲ ਕੇ
(ਇੱਕ ਤਕੜੇ ਜਵਾਨ ਨੂੰ ਜਿਸ ਨੇ ਆਫ਼ਤਾਂ ਤੋਂ ਬਚਣ ਲਈ ਤਵੀਤ ਪਾਏ ਹੋਏ ਸਨ, ਇੱਕ ਕੁੜੀ ਨੇ ਦਮੜੀ ਦਾ ਸੱਕ (ਅਖ਼ਰੋਟ ਜਾਂ ਕਿਸੇ ਹੋਰ ਦਰੱਖ਼ਤ ਦੀ ਛਿੱਲ, ਜਿਸ ਨਾਲ ਬੁੱਲ੍ਹ ਰੰਗੇ ਜਾਂਦੇ ਹਨ) ਮਲ ਕੇ ਮੋਹ ਲਿਆ।)
ਫਿਰ ਇਸ਼ਾਰੇ ਹੋ ਰਹੇ ਹਨ। ਏਧਰ ਦੀ ਕੁੜੀ ਉਸ ਨੂੰ ਜਲਦੀ ਆਉਣ ਲਈ ਇਸ਼ਾਰਾ ਕਰ ਰਹੀ ਹੈ... ਸਾਫ਼ ਸਾਫ਼ ਕਿਉਂ ਨਹੀਂ ਕਹਿ ਦਿੰਦੀ:
ਕੋਠੇ ਕੋਠੇ ਆ ਲੱਛੀਏ
ਤੈਨੂੰ ਬੰਤੋ ਦਾ ਯਾਰ ਵਖਾਵਾਂ
ਕੀ ਪਤਾ ਹੈ ਕਿ ਇਹ ਨੌਜਵਾਨ, ਜੋ ਬੋਹੜ ਦੀ ਛਾਂ ਥੱਲੇ ਆਪਣੀਆਂ ਮੁੱਛਾਂ ਨੂੰ ਵੱਟ ਚਾੜ੍ਹ ਰਿਹਾ ਹੈ, ਬੰਤੋ ਦਾ ਹੀ ਆਸ਼ਿਕ ਹੋਵੇ। ਬੰਤੋ ਦਾ ਨਾ ਹੋਵੇਗਾ ਤਾਂ ਕਿਸੇ ਹੋਰ ਦਾ ਹੋਵੇਗਾ। ਕਿਉਂਕਿ ਬਹਰਹਾਲ ਉਸ ਨੂੰ ਕਿਸੇ ਦਾ ਤਾਂ ਆਸ਼ਿਕ ਹੋਣਾ ਹੀ ਚਾਹੀਦਾ ਹੈ। ਵੇਖੋ, ਕਿਸ ਅੰਦਾਜ਼ ਵਿੱਚ ਖੜ੍ਹਾ ਹੈ। ਸਿਰ ਉੱਤੇ ਚਿੱਟਾ ਖਾਦੀ ਦਾ ਸਾਫ਼ਾ ਬੰਨ੍ਹਿਆ ਹੋਇਆ ਹੈ ਅਤੇ ਆਪਣੇ ਆਪ ਨੂੰ ਕਿਸ ਕਦਰ ਅਹਿਮ ਸਮਝ ਰਿਹਾ ਹੈ। ਉਸ ਨੂੰ ਦੋ ਨੌਜਵਾਨ ਕੁੜੀਆਂ ਨੇ ਇਸ ਹਾਲਤ ਵਿੱਚ ਵੇਖ ਲਿਆ ਹੈ, ਹੁਣ ਸਾਰੇ ਪਿੰਡ ਦੀਆਂ ਕੁਆਰੀਆਂ ਨੂੰ ਪਤਾ ਲੱਗ ਜਾਵੇਗਾ ਕਿ ਸਿਰ ਉੱਤੇ ਚਿੱਟਾ ਖਾਦੀ ਦਾ ਸਾਫ਼ਾ ਬੰਨ੍ਹ ਕੇ ਉਹ ਬੋਹੜ ਦੀ ਛਾਂ ਥੱਲੇ ਖੜ੍ਹਾ ਸੀ। ਕੀ-ਕੀ ਗੱਲਾਂ ਨਾ ਹੋਣਗੀਆਂ। ਬੋਲੀਆਂ ਮਾਰੀਆਂ ਜਾਣਗੀਆਂ ਅਤੇ ਖੂਹ ਉੱਤੇ ਦੇਰ ਤੱਕ ਹਾਸੇ-ਠੱਠੇ ਅਤੇ ਠਹਾਕਿਆਂ ਦੇ ਛਿੱਟੇ ਉੱਡਦੇ ਰਹਿਣਗੇ ਅਤੇ ਕੀ ਪਤਾ ਹੈ ਕਿ ਕੋਈ ਸ਼ਰਾਰਤੀ ਕੁੜੀ ਉੱਚੇ ਸੁਰ ਵਿੱਚ ਇਹ ਗਾਣਾ ਸ਼ੁਰੂ ਕਰ ਦੇਵੇ:
ਸਿਰ ਬੰਨ੍ਹ ਕੇ ਖੱਦਰ ਦਾ ਸਾਫ਼ਾ
ਚੰਦਰਾ ਸ਼ੌਕੀਨ ਹੋ ਗਿਆ
ਇਹ ਕੁੜੀ ਜਦੋਂ ਹੱਸੇਗੀ ਤਾਂ ਉਸ ਦੇ ਦੰਦਾਂ ਵਿੱਚ ਲੱਗੀਆਂ ਸੋਨੇ ਦੀਆਂ ਮੇਖਾਂ ਵੀ ਹੱਸਣਗੀਆਂ। ਕੀ ਪਤਾ ਹੈ ਕਿ ਉੱਥੇ ਕੋਲ ਹੀ ਕਿਸੇ ਝਾੜੀ ਦੇ ਪਿੱਛੇ ਕੋਈ ਸ਼ਰਾਰਤੀ ਮੁੰਡਾ ਲੁਕਿਆ ਬੈਠਾ ਹੋਵੇ। ਉਹ ਇਹ ਹੱਸਦੀਆਂ ਹੋਈਆਂ ਮੇਖਾਂ ਵੇਖ ਲਵੇ ਅਤੇ ਉੱਠ ਕੇ ਜਦੋਂ ਖੇਤਾਂ ਦਾ ਰੁਖ਼ ਕਰੇ ਤਾਂ ਅਚਾਨਕ ਉਸ ਦੇ ਬੁੱਲ੍ਹ ਅੱਡੇ ਰਹਿ ਜਾਣ ਅਤੇ ਇਹ ਬੋਲੀ ਪੰਛੀ ਵਾਂਗ ਫਿਰ ਉੱਡ ਜਾਵੇ:
ਮੌਜ ਸੁਨਿਆਰਾ ਲੈ ਗਿਆ
ਜਿਹਨੇ ਲਾਈਆਂ ਦੰਦਾਂ ਵਿੱਚ ਮੇਖਾਂ
ਇਹ ਮੁੰਡਾ ਜਦੋਂ ਖੇਤਾਂ ਤੋਂ ਵਾਪਸ ਪਿੰਡ ਪਰਤੇਗਾ ਅਤੇ ਸ਼ਾਮ ਨੂੰ ਸੱਥ ’ਤੇ ਹੁੱਕੇ ਦੇ ਦੌਰ ਚੱਲਣਗੇ ਤਾਂ ਉੱਥੇ ਉਹ ਚਿੱਟੇ ਸਾਫ਼ੇ ਵਾਲਾ ਵੀ ਹੋਵੇਗਾ। ਉਸ ਨੂੰ ਪਤਾ ਲੱਗ ਜਾਵੇਗਾ ਕਿ ਖੂਹ ਉੱਤੇ ਪਾਣੀ ਭਰਨ ਦੌਰਾਨ ਕਿਸ ਜ਼ਾਲਮਾਨਾ ਤਰੀਕੇ ਨਾਲ ਉਸ ਦਾ ਮਜ਼ਾਕ ਉਡਾਇਆ ਗਿਆ ਹੈ ਤਾਂ ਉਹ ਨਿੰਮੋਝੂਣਾ ਅਤੇ ਦੁਖੀ ਹੋ ਜਾਵੇਗਾ, ਉੱਠਦੇ-ਬੈਠਦੇ, ਸੌਂਦੇ-ਜਾਗਦੇ ਉਸ ਨੂੰ ਆਪਣੀ ਮਾਸ਼ੂਕਾ ਦੀ ਬੇਰੁਖ਼ੀ ਸਤਾਉਂਦੀ ਰਹੇਗੀ, ਇੱਕ ਆਹ ਦੀ ਸੂਰਤ ਵਿੱਚ ਆਖ਼ਰਕਾਰ ਉਸ ਦੇ ਸੀਨੇ ਵਿੱਚ ਇਹ ਸ਼ਬਦ ਉੱਠਣਗੇ:
ਕੱਲਾ ਟੱਕਰੇਂ ਤੇ ਹਾਲ ਸੁਣਾਵਾਂ
ਦੁੱਖਾਂ ਵਿੱਚ ਪੈ ਗਈ ਜਿੰਦੜੀ
(ਇਸ ਵਿੱਚ ਆਪਣੇ ਕਿਸੇ ਦੋਸਤ ਨੂੰ ਜਾਂ ਆਪਣੇ ਹੀ ਆਪ ਨੂੰ ਸੰਬੋਧਤ ਹੋਇਆ ਗਿਆ ਹੈ। ਜੇ ਤੂੰ ਮੈਨੂੰ ਇਕੱਲਿਆਂ ਮਿਲੇਂ ਤਾਂ ਮੈਂ ਤੈਨੂੰ ਸਾਰਾ ਹਾਲ ਸੁਣਾਵਾਂ, ਮੇਰੀ ਜ਼ਿੰਦਗੀ ਦੁੱਖਾਂ ਵਿੱਚ ਘਿਰ ਗਈ।)
ਬਹੁਤ ਸੰਭਵ ਹੈ ਕਿ ਉਹ ਆਪਣੇ ਕਿਸੇ ਦੋਸਤ ਨੂੰ ਹਮਦਰਦ ਜਾਣ ਕੇ ਦਿਲ ਦਾ ਹਾਲ ਕਹੇ ਅਤੇ ਇੰਜ ਆਪਣੇ ਦਿਲ ਦਾ ਗ਼ੁਬਾਰ ਹਲਕਾ ਕਰੇ ਪਰ ਇਤਫ਼ਾਕ ਅਜਿਹਾ ਹੋਵੇ ਕਿ ਉਨ੍ਹਾਂ ਦੋਵਾਂ ਵਿੱਚ ਕਿਸੇ ਗੱਲ ਉੱਤੇ ਲੜਾਈ ਹੋ ਜਾਵੇ ਅਤੇ ਜਿਸ ਨੂੰ ਉਸ ਨੇ ਆਪਣਾ ਹਮਦਰਦ ਬਣਾਇਆ ਸੀ, ਉਸ ਨੂੰ ਸਾਰੇ ਪਿੰਡ ਵਿੱਚ ਨਸ਼ਰ ਕਰ ਦੇਵੇ। ਉਸ ਉੱਤੇ ਕੋਈ ਇਹ ਜ਼ਰੂਰ ਕਹੇਗਾ:
ਯਾਰੀ ਵਿੱਚ ਨਾ ਵਕੀਲ ਬਣਾਈਏ
ਲੜ ਕੇ ਦੱਸ ਦੇਊਗਾ
ਫਿਰ ਅਭਾਗਾ ਆਸ਼ਿਕ ਇਹ ਸਮਝ ਕੇ ਕਿ ਉਸ ਦਾ ਇਸ਼ਕ ਨਾਕਾਮ ਰਿਹਾ ਹੈ, ਹਲ ਚਲਾਉਂਦਿਆਂ ਦੁਪਹਿਰ ਦੀ ਉਦਾਸ ਧੁੱਪੇ ਅਚਾਨਕ ਬੋਲ ਉੱਠੇਗਾ:
ਮੇਰੀ ਲੱਗਦੀ ਕਿਸੇ ਨਾ ਵੇਖੀ
ਤੇ ਟੁੱਟਦੀ ਨੂੰ ਜੱਗ ਜਾਣਦਾ
(ਜਦੋਂ ਮੇਰੀ ਅਤੇ ਉਸ ਦੀ ਮੁਹੱਬਤ ਹੋਈ ਤਾਂ ਕਿਸੇ ਨੂੰ ਪਤਾ ਤੱਕ ਨਾ ਲੱਗਿਆ, ਪਰ ਹੁਣ ਜਦੋਂ ਇਹ ਰਿਸ਼ਤਾ ਟੁੱਟ ਗਿਆ ਹੈ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਹੈ ਅਤੇ ਇਹ ਜੱਗ-ਹਸਾਈ ਦਾ ਸਬੱਬ ਹੈ।)
ਪਰ ਕੀ ਪਤਾ ਹੈ ਕਿ ਦੂਜੇ ਪਾਸੇ ਉਸ ਦੀ ਮਾਸ਼ੂਕਾ ਨੇ ਵੀ ਕੁਝ ਕਹਿਣਾ ਹੋਵੇ। ਕੀ ਪਤਾ ਹੈ ਕਿ ਉਹ ਉਸ ਨੂੰ ਮੁਹੱਬਤ ਕਰਦੀ ਹੋ ਅਤੇ ਜ਼ਾਹਰ ਨਾ ਕਰ ਸਕਦੀ ਹੋਵੇ, ਕਿਉਂਕਿ ਇਹ ਬੋਲ ਉਸ ਦੇ ਮੂੰਹ ਵਿੱਚੋਂ ਬਿਨਾਂ ਕਿਸੇ ਵਜ੍ਹਾ ਦੇ ਤਾਂ ਨਹੀਂ ਨਿਕਲਣਗੇ:
ਯਾਰ ਸੀ ਸਰੂ ਦਾ ਬੂਟਾ
ਵਿਹੜੇ ਵਿੱਚ ਲਾ ਰੱਖਦੀ
ਇੰਨੇ ਵਿੱਚ ਫ਼ੌਜ ਦੀ ਭਰਤੀ ਸ਼ੁਰੂ ਹੋ ਜਾਵੇਗੀ ਅਤੇ ਉਸ ਦਾ ਇਹ ਸਰੂ ਕੱਦ ਯਾਰ ਲਾਮ ਉੱਤੇ ਚਲਿਆ ਜਾਵੇਗਾ। ਉਸ ਦੀ ਦੁਨੀਆ ਸੁੰਨੀ ਹੋ ਜਾਵੇਗੀ। ਜਦੋਂ ਵਰਖਾ ਆਵੇਗੀ, ਪਿੱਪਲਾਂ ਉੱਤੇ ਪੀਂਘਾਂ ਪੈਣਗੀਆਂ, ਅੰਬਾਂ ਉੱਤੇ ਪਪੀਹੇ ਪੀਹੂ-ਪੀਹੂ ਬੋਲਣਗੇ, ਕੋਇਲਾਂ ਕੂਕਣਗੀਆਂ, ਸਾਰਾ ਪਿੰਡ ਖ਼ੁਸ਼ ਹੋਵੇਗਾ ਤਾਂ ਉਹ... ਉਹ ਆਪਣੇ ਘਰ ਦੇ ਗਿੱਲੇ ਬਨੇਰੇ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਵੇਖ ਕੇ ਪੁਕਾਰੇਗੀ:
ਬੋਲ ਵੇ ਨਿਮਾਣਿਆਂ ਕਾਵਾਂ
ਕੋਇਲਾਂ ਕੂਕਦੀਆਂ
(ਐ ਨਿਮਾਣੇ ਜਿਹੇ ਕਾਵਾਂ ਤੂੰ ਹੀ ਬੋਲ, ਕੋਇਲਾਂ ਕੂਕ ਰਹੀਆਂ ਹਨ। ਕਾਂ ਜੇਕਰ ਬੋਲੇ ਤਾਂ ਇਹ ਸਮਝਿਆ ਜਾਂਦਾ ਹੈ ਕਿ ਕੋਈ ਅਜ਼ੀਜ਼ ਆਉਣ ਵਾਲਾ ਹੈ।)
ਮੈਦਾਨ ਖ਼ਾਲੀ ਹੋਣ ਉੱਤੇ ਉਸ ਪਿੰਡ ਵਿੱਚ ਇੱਕ ਹੋਰ ਆਸ਼ਿਕ ਵੀ ਪੈਦਾ ਹੋ ਜਾਵੇਗਾ। ਉਹ ਹਰ ਰੋਜ਼ ਇਸ ਉਮੀਦ ਨਾਲ ਉਸ ਦੇ ਘਰ ਦੇ ਕੋਲੋਂ ਲੰਘਿਆ ਕਰੇਗਾ ਕਿ ਇੱਕ ਦਿਨ ਉਹ ਉਸ ਨੂੰ ਜ਼ਰੂਰ ਬੁਲਾਏਗੀ ਅਤੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਗੱਲਾਂ ਹੋਣਗੀਆਂ, ਪਰ ਅਜਿਹਾ ਨਹੀਂ ਹੁੰਦਾ। ਆਖ਼ਰਕਾਰ ਉਹ ਤੰਗ ਆ ਕੇ ਕਹੇਗਾ:
ਕਦੀ ਚੰਦਰੀਏ ਹਾਕ ਨਾ ਮਾਰੀ
ਚੂੜੇ ਵਾਲੀ ਬਾਂਹ ਕੱਢ ਕੇ
(ਸ਼ਬਦ ਚੰਦਰੀ ਦਾ ਤਰਜਮਾ ਨਹੀਂ ਹੋ ਸਕਦਾ। ਉਰਦੂ ਵਿੱਚ ਇਸ ਲਈ ਕੋਈ ਸਮਾਨਾਰਥਕ ਸ਼ਬਦ ਮੈਨੂੰ ਨਹੀਂ ਮਿਲਿਆ। ਚੰਦਰੀ ਪੰਜਾਬੀ ਜ਼ਬਾਨ ਵਿੱਚ ਵੱਖੋ-ਵੱਖ ਅਰਥਾਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਕਦੇ ਹਮਦਰਦੀ ਦੇ ਤੌਰ ਉੱਤੇ ਇਸ ਨੂੰ ਗੱਲਬਾਤ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇੱਥੇ ਮੁਹੱਬਤ ਅਤੇ ਸ਼ਿਕਾਇਤ ਦੋਵੇਂ ਇਸ ਵਿੱਚ ਸ਼ਾਮਿਲ ਹਨ। ਉਹ ਉਸ ਨੂੰ ਚੰਦਰੀ ਸ਼ਬਦ ਨਾਲ ਸੰਬੋਧਨ ਕਰਦਾ ਹੈ ਅਤੇ ਕਹਿੰਦਾ ਹੈ ਕਿ ਤੂੰ ਕਦੇ ਆਪਣੇ ਚੂੜੇ (ਹਾਥੀ-ਦੰਦ ਦੀਆਂ ਬਣੀਆਂ ਹੋਈਆਂ ਚੂੜੀਆਂ ਦਾ ਇੱਕ ਜੁੱਟ ਜੋ ਵੀਣੀ ਤੋਂ ਲੈ ਕੇ ਕੂਹਣੀ ਤੱਕ ਪਿੰਡ ਦੀਆਂ ਔਰਤਾਂ ਪਹਿਨਦੀਆਂ ਹਨ) ਵਾਲੀ ਬਾਂਹ ਬਾਹਰ ਕੱਢ ਕੇ ਮੈਨੂੰ ਇਸ਼ਾਰਾ ਨਹੀਂ ਕੀਤਾ, ਮੈਨੂੰ ਆਪਣੇ ਕੋਲ ਨਹੀਂ ਬੁਲਾਇਆ।)
ਇੱਕ ਜ਼ਮਾਨਾ ਲੰਘ ਜਾਵੇਗਾ। ਇਸ਼ਕ ਦੀ ਦਾਸਤਾਨ ਕਹਾਣੀ ਬਣ ਜਾਵੇਗੀ ਅਤੇ ਆਖ਼ਰ ਇੱਕ ਦਿਨ ਇਹ ਪੇਂਡੂ ਹਸੀਨਾ ਕਿਸੇ ਨਾਲ ਵਿਆਹ ਦਿੱਤੀ ਜਾਵੇਗੀ। ਉਸ ਦੇ ਵਿਆਹ ਉੱਤੇ ਲੋਕਾਂ ਵਿੱਚ ਕਾਨਾਫੂਸੀ ਹੋਵੇਗੀ। ਲੋਕ ਉਸ ਦਾ ਅਤੇ ਉਸ ਦੇ ਖਾਵੰਦ ਦਾ ਮੁਕਾਬਲਾ ਕਰਨਗੇ ਅਤੇ ਕੋਈ ਨੌਜਵਾਨ ਚੀਕ ਉੱਠੇਗਾ:
ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ
ਵਿਆਹ ਕੇ ਲੈ ਗਿਆ ਚੰਦ ਵਰਗੀ
(ਰੋਹੀ ਦੀ ਕਿੱਕਰ ਇੱਕ ਖ਼ਾਸ ਕਿਸਮ ਦੇ ਬਬੂਲ ਨੂੰ ਕਹਿੰਦੇ ਹਨ, ਜਿਸ ਦੀ ਲੱਕੜੀ ਬੜੀ ਸਖ਼ਤ ਅਤੇ ਕਾਲੀ ਹੁੰਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇੱਕ ਮਰਦ ਜੋ ਕਿ ਰੋਹੀ ਦੀ ਕਿੱਕਰ ਵਾਂਗ ਖੁਰਦਰਾ ਅਤੇ ਕਾਲ਼ਾ ਸੀ, ਚੰਨ ਵਰਗੀ ਦੁਲਹਨ ਵਿਆਹ ਕੇ ਲੈ ਗਿਆ ਹੈ।)
ਪਹਿਲੀ ਰਾਤ ਆਵੇਗੀ। ਹਜ਼ਾਰਾਂ ਕੰਬਣੀਆਂ ਆਪਣੇ ਨਾਲ ਲੈ ਕੇ। ਇੱਕ ਪਲੰਗ ਉੱਤੇ ਦੁਲਹਨ ਗਠੜੀ ਬਣੀ ਹੋਈ ਆਪਣੇ ਮਹਿੰਦੀ ਭਰੇ ਹੱਥ ਜੋੜੇਗੀ ਅਤੇ ਆਪਣੇ ਜ਼ੁਲਮ ਕਰਨ ਲਈ ਤਿਆਰ ਬਰ ਤਿਆਰ ਖਾਵੰਦ ਅੱਗੇ ਮਿੰਨਤ ਭਰੇ ਲਹਿਜੇ ਵਿੱਚ ਕਹੇਗੀ:
ਮੈਨੂੰ ਅੱਜ ਦੀ ਰਾਤ ਨਾ ਛੇੜੀਂ
ਮਹਿੰਦੀ ਵਾਲੇ ਹੱਥ ਜੋੜਦੀ
(ਮੈਨੂੰ ਸਿਰਫ਼ ਅੱਜ ਦੀ ਰਾਤ ਨਾ ਛੇੜੋ, ਵੇਖੋ ਮੈਂ ਆਪਣੇ ਮਹਿੰਦੀ ਲੱਗੇ ਹੱਥ ਜੋੜ ਰਹੀ ਹਾਂ।)
ਕੀ ਉਹ ਮੰਨ ਜਾਵੇਗਾ? ਕੀ ਜੋੜੇ ਹੋਏ ਮਹਿੰਦੀ ਲੱਗੇ ਹੱਥ ਉਸ ਜ਼ਾਲਮ ਦੇ ਦਿਲ ਵਿੱਚ ਰਹਿਮ ਪੈਦਾ ਕਰ ਦੇਣਗੇ...? ਖ਼ੈਰ ਇਸ ਕਿੱਸੇ ਨੂੰ ਛੱਡੀਏ। ਇਹ ਮਰਹਲਾ ਕਿਸੇ ਨਾ ਕਿਸੇ ਤਰ੍ਹਾਂ ਤੈਅ ਹੋ ਹੀ ਜਾਵੇਗਾ ਅਤੇ ਦੁਲਹਨ ਪੁਰਾਣੀ ਹੋ ਜਾਵੇਗੀ, ਫਿਰ ਝਗੜੇ ਸ਼ੁਰੂ ਹੋਣਗੇ। ਇੱਕ ਦਿਨ ਉਸ ਦਾ ਖਾਵੰਦ ਉਸ ਦੇ ਪਹਿਲੇ ਆਸ਼ਿਕ ਨੂੰ ਬੁਰਾ-ਭਲਾ ਕਹੇਗਾ ਤਾਂ ਉਹ ਉਸ ਵੇਲੇ ਸੀਨੇ ਉੱਤੇ ਪੱਥਰ ਰੱਖ ਕੇ ਚੁੱਪ ਤਾਂ ਹੋ ਜਾਵੇਗੀ, ਪਰ ਇਕੱਲਿਆਂ ਹੋਣ ਵੇਲੇ ਉਸ ਦੇ ਮੂੰਹ ਵਿੱਚੋਂ ਇਹ ਬੋਲ ਨਿਕਲਣਗੇ:
ਮੇਰੇ ਯਾਰ ਨੂੰ ਮੰਦਾ ਨਾ ਬੋਲੀਂ
ਮੇਰੀ ਭਾਵੇਂ ਗੁੱਤ ਪੱਟ ਲਈਂ
(ਮੇਰੀ ਤੂੰ ਗੁੱਤ ਜੜ੍ਹੋਂ ਵੱਢ ਦੇ, ਪਰ ਮੇਰੇ ਯਾਰ ਨੂੰ ਮੰਦਾ ਨਾ ਬੋਲ।)
(ਅਤੇ... ਅਤੇ ਫਿਰ... ਇੰਜ ਹੀ ਉਮਰ ਬੀਤ ਜਾਵੇਗੀ ਅਤੇ ਇਹ ਕਹਾਣੀ ਇਸ ਦਿਹਾਤ ਵਿੱਚ ਨਵੀਆਂ ਕਹਾਣੀਆਂ ਪੈਦਾ ਕਰੇਗੀ।)
ਸੰਪਰਕ: 98766-35285