ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਬ੍ਰਿਜਿੰਦਰਾ ਕਾਲਜ ਵਿੱਚ ਸਮਾਗਮ
ਜਸਵੰਤ ਜੱਸ
ਫ਼ਰੀਦਕੋਟ, 19 ਅਪਰੈਲ
ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿੱਚ ਖਾਲਸਾ ਸਾਜਨਾ ਦਿਵਸ ਤੇ ਅੰਬੇਡਕਰ ਜੈਅੰਤੀ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿਦਿਆਰਥੀ ਸ਼ਾਮਲ ਹੋਏ। ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਵਜੋਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਪਹੁੰਚੇ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ‘ਇਹ ਲਹੂ ਕਿਸਦਾ ਹੈ’ ਨਾਟਕ ਦੀ ਪੇਸ਼ਕਾਰੀ ਕੀਤੀ। ਮਨੀਸ਼ਾ ਅਤੇ ਟੀਮ ਨੇ ਇਹ ਨਾਟਕ ਪੇਸ਼ ਕੀਤਾ। ਕਾਲਜ ਦੇ ਵਿਦਿਆਰਥੀਆਂ ਵਲੋਂ ਗੀਤ ਅਤੇ ਕਵਿਤਾਵਾਂ ਵੀ ਪੇਸ਼ ਕੀਤਿਆਂ ਗਈਆਂ। ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿੱਖ ਲਹਿਰ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਗੁਰੂਅਆਂ ਨੇ ਲੁੱਟ ਖਿਲਾਫ਼ ਵਿਚਾਰਧਾਰਕ ਲੜਾਈ ਲੜਨ ਦੇ ਨਾਲ-ਨਾਲ ਹਥਿਆਰਬੰਦ ਸੰਘਰਸ਼ ਵੀ ਲੜੇ। ਸਿੱਖ ਲਹਿਰ ਨੇ ਸਾਨੂੰ ਲੁੱਟ ਅਤੇ ਜਾਬਰ ਹਕੂਮਤ ਖਿਲਾਫ਼ ਜਥੇਬੰਦ ਹੋ ਕੇ ਲੜਨ ਦਾ ਸੁਨੇਹਾ ਦਿੱਤਾ। ਏਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਫੌਜ ਦੀ ਸਾਜਨਾ ਕੀਤੀ ਸੀ। ਰਜਿੰਦਰ ਸਿੰਘ ਨੇ ਕਿਹਾ ਕਿ ਅੱਜ ਸਾਡੇ ਨੌਜਵਾਨਾਂ ਦੇ ਨਾਇਕ ਬਦਲੇ ਜਾ ਰਹੇ ਹਨ। ਗੁਰੂ ਗੋਬਿੰਦ ਸਿੰਘ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਅੰਬੇਡਕਰ ਵਰਗੀਆਂ ਸ਼ਖ਼ਸੀਤਆਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਰਜਿੰਦਰ ਸਿੰਘ ਨੇ ਅੱਜ ਦੇ ਦੌਰ ਵਿੱਚ ਕਲਾ ਦੀ ਮਹੱਤਤਾ ਉੱਪਰ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕਲਾ ਦਾ ਮੰਤਵ ਸਿਰਫ਼ ਮਨੋਰੰਜਨ ਨਹੀਂ ਹੁੰਦਾ। ਕਲਾ ਦਾ ਮੰਤਵ ਸਮਾਜ ਦੇ ਗ਼ਰੀਬ ਲਤਾੜੇ ਹੋਏ ਲੋਕਾਂ ਦੀਆਂ ਮੁਸ਼ਕਲਾਂ ਨੂੰ ਲੋਕਾਂ ਅੱਗੇ ਲੈ ਕੇ ਜਾਣਾ ਹੋਣਾ ਚਾਹੀਦਾ। ਪ੍ਰੋਗਰਾਮ ਦੇ ਅਖੀਰ ਵਿੱਚ ਨਾਟਕ ਟੀਮ, ਗੀਤ ਗਾਉਣ ਵਾਲੇ ਅਤੇ ਵਲੰਟੀਅਰ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ।