ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਬੱਸਾਂ ਦਾ ਚੱਕਾ ਜਾਮ
ਕੁਲਦੀਪ ਸਿੰਘ/ਸਰਬਜੀਤ ਸਿੰਘ ਭੰਗੂ
ਚੰਡੀਗੜ੍ਹ/ਪਟਿਆਲਾ, 6 ਜਨਵਰੀ
ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਦੇ ਕੰਟਰੈਕਟ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਦਾ ਅੱਜ ਪਹਿਲਾ ਦਿਨ ਆਮ ਜਨਤਾ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਰਿਹਾ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਕਰਕੇ ਸਰਕਾਰੀ ਦਫ਼ਤਰਾਂ ਅਤੇ ਬੈਂਕਾਂ ਆਦਿ ਵਿੱਚ ਛੁੱਟੀ ਸੀ ਪਰ ਫਿਰ ਵੀ ਪ੍ਰਾਈਵੇਟ ਨੌਕਰੀਆਂ ਜਾਂ ਹੋਰ ਕੰਮਾਂ ਉਤੇ ਜਾਣ ਵਾਲੇ ਲੋਕ ਸਾਰਾ ਦਿਨ ਪ੍ਰੇਸ਼ਾਨ ਹੁੰਦੇ ਰਹੇ। ਸੂਬੇ ਭਰ ਵਿੱਚ ਲਗਪਗ 3 ਹਜ਼ਾਰ ਬੱਸਾਂ ਅੱਡਿਆਂ ਵਿੱਚ ਖੜ੍ਹੀਆਂ ਰਹੀਆਂ। ਯੂਨੀਅਨ ਆਗੂਆਂ ਮੁਤਾਬਕ ਅੱਜ ਮੁੱਖ ਮੰਤਰੀ ਦਫ਼ਤਰ, ਟਰਾਂਸਪੋਰਟ ਵਿਭਾਗ ਤੇ ਮੁਹਾਲੀ ਪ੍ਰਸ਼ਾਸਨ ਵੱਲੋਂ ਯੂਨੀਅਨ ਨਾਲ ਰਾਬਤਾ ਬਣਾ ਕੇ ਹੜਤਾਲ ਰੱਦ ਕਰਵਾਉਣ ਦੀਆਂ ਕੀਤੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ।
ਬੱਸ ਕਾਮਿਆਂ ਦੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਚੇਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਹੜਤਾਲ ਦੇ ਪਹਿਲੇ ਦਿਨ ਉਨ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਸਫ਼ਲ ਰਿਹਾ ਹੈ ਅਤੇ ਭਲਕੇ 7 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਅੱਗੇ ਧਰਨਾ ਸ਼ੁਰੂ ਕੀਤਾ ਜਾਵੇਗਾ। ਚੰਡੀਗੜ੍ਹ ਡਿੱਪੂ ਵਿੱਚ ਯੂਨੀਅਨ ਦੇ ਸਕੱਤਰ ਚਮਕੌਰ ਸਿੰਘ, ਡਿੱਪੂ ਪ੍ਰਧਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਜਲੰਧਰ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਨੇ 1 ਜੁਲਾਈ 2024 ਨੂੰ ਪੈਨਲ ਮੀਟਿੰਗ ਕਰਕੇ 1 ਮਹੀਨੇ ਅੰਦਰ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ ਸੀ ਪਰ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣ ਜਾਣ ਲਈ ਪੂਰੇ ਪੰਜਾਬ ਤੋਂ ਬੱਸ ਕਾਮੇ ਮੁਹਾਲੀ ਦੇ ਨਵੇਂ ਬੱਸ ਅੱਡੇ ਵਿੱਚ ਇਕੱਠੇ ਹੋਣਗੇ ਅਤੇ ਫਿਰ ਵੱਡੇ ਇਕੱਠ ਦੇ ਰੂਪ ਵਿੱਚ ਚੰਡੀਗੜ੍ਹ ਵੱਲ ਕੂਚ ਕਰਨਗੇ ਜੇਕਰ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ। ਉਸ ਮਗਰੋਂ ਦਿੱਲੀ ਵਿੱਚ ਵੱਡੀ ਕਾਨਫਰੰਸ ਕੀਤੀ ਜਾਵੇਗੀ ਤੇ ਨਾਲ ਹੀ ਦਿੱਲੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਸਰਕਾਰ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਇਸ ਦੌਰਾਨ ਪੀਆਰਟੀਸੀ ਦੇ ਪਟਿਆਲਾ ਸਥਿਤ ਹੈੱਡਕੁਆਰਟਰ ਸਮੇਤ ਪੰਜਾਬ ਵਿਚਲੇ ਸਮੂਹ 27 ਡਿੱਪੂਆਂ ’ਚ ਭਰਵੀਂ ਹੜਤਾਲ ਰਹੀ, ਜਿਸ ਦੌਰਾਨ ਵਰਕਰਾਂ ਵੱਲੋਂ ਰੋਸ ਰੈਲੀਆਂ ਵੀ ਕੀਤੀਆਂ ਗਈਆਂ। ਉਨ੍ਹਾਂ ਅੱਜ ਪਟਿਆਲਾ ਸਮੇਤ ਪੰਜਾਬ ਭਰ ’ਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹਿਣ ਦਾ ਦਾਅਵਾ ਕੀਤਾ। ਯੂਨੀਅਨ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ ਪਟਿਆਲਾ, ਸਹਿਜਪਾਲ ਸਿੰਘ ਤੇ ਹੋਰਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀ ਹੋਰ ਤਿੱਖਾ ਐਕਸ਼ਨ ਵੀ ਕਰ ਸਕਦੀ ਹੈ।
ਬਦਲਵੇਂ ਪ੍ਰਬੰਧਾਂ ਤਹਿਤ 60 ਫੀਸਦ ਬੱਸਾਂ ਚਲਾਈਆਂ: ਹਡਾਣਾ
ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਅਦਾਰੇ ਵੱਲੋਂ ਬਦਲਵੇਂ ਪ੍ਰਬੰਧਾਂ ਤਹਿਤ ਅੱਜ ਪੰਜਾਬ ਭਰ ’ਚ 60 ਫੀਸਦ ਬੱਸਾਂ ਚਲਾਈਆਂ ਹਨ। ਉਨ੍ਹਾਂ ਕਿਹਾ ਕਿ ਹੜਤਾਲ ਸਿਰਫ਼ ਇੱਕ ਜਥੇਬੰਦੀ ਵੱਲੋਂ ਹੀ ਕੀਤੀ ਗਈ ਹੈ ਤੇ ਬਾਕੀ ਜਥੇਬੰਦੀਆਂ ਅਦਾਰੇ ਦੇ ਨਾਲ ਹਨ। ਅੱਜ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਹੋਰਨਾਂ ਮੁਲਾਜ਼ਮਾਂ ਦੇ ਸਹਿਯੋਗ ਨਾਲ ਪੀਆਰਟੀਸੀ ਵੱਲੋਂ ਪੰਜਾਬ ਭਰ ’ਚ 60 ਫੀਸਦ ਬੱਸਾਂ ਚਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਬੱਸ ਸਰਵਿਸ ਘੱਟ ਹੋ ਸਕਦੀ ਹੈ ਪਰ ਅਜਿਹਾ ਕੋਈ ਵੀ ਰੂਟ ਨਹੀਂ ਸੀ, ਜਿਸ ’ਤੇ ਬੱਸ ਨਾ ਚਲਾਈ ਗਈ ਹੋਵੇ।