For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਾਸੀ 13 ਲੋਕ ਸਭਾ ਸੀਟਾਂ ਜਿਤਾ ਕੇ ਇਤਿਹਾਸ ਦੁਹਰਾਉਣ: ਭਗਵੰਤ ਮਾਨ

06:46 AM Mar 04, 2024 IST
ਪੰਜਾਬ ਵਾਸੀ 13 ਲੋਕ ਸਭਾ ਸੀਟਾਂ ਜਿਤਾ ਕੇ ਇਤਿਹਾਸ ਦੁਹਰਾਉਣ  ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਨਮਾਨਿਤ ਕਰਦੇ ਹੋਏ ਵਪਾਰੀ ਤੇ ਸਨਅਤਕਾਰ।
Advertisement

ਜਗਤਾਰ ਸਿੰਘ ਲਾਂਬਾ/ਗੁਰਿੰਦਰ ਸਿੰਘ
ਅੰਮ੍ਰਿਤਸਰ/ਲੁਧਿਆਣਾ, 3 ਮਾਰਚ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਣਾ ਕੇ ਇਤਿਹਾਸ ਦੁਹਰਾਉਣ ਦਾ ਸੱਦਾ ਦਿੱਤਾ। ਦੋਵਾਂ ਮੁੱਖ ਮੰਤਰੀਆਂ ਨੇ ਅੱਜ ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਵਪਾਰੀਆਂ ਨਾਲ ਮੁਲਾਕਾਤ ਕੀਤੀ ਤੇ ਵਪਾਰੀਆਂ ਨੂੰ ਕਈ ਰਾਹਤਾਂ ਦੇਣ ਦਾ ਐਲਾਨ ਕਰਦਿਆਂ ਦੱਸਿਆ ਕਿ ਵੈਟ ਦੀ ਓਟੀਐੱਸ ਸਾਲ 2016-17 ਤੋਂ ਲਾਗੂ ਰਹੇਗੀ ਤੇ ਅਸੈਸਮੈਂਟ ਮਗਰੋਂ ਆਏ ਸੀਐੱਫਐੱਚ ਫਾਰਮ ਵੀ ਯੋਗ ਮੰਨੇ ਜਾਣਗੇ। ਇਸ ਤੋਂ ਇਲਾਵਾ ਦੋ ਕਰੋੜ ਤੱਕ ਦੀ ਟਰਨਓਵਰ ਵਾਲੇ ਕਾਰੋਬਾਰੀਆਂ ਦਾ ਪੰਜ ਲੱਖ ਦਾ ਮੈਡੀਕਲ ਬੀਮਾ ਵੀ ਸੂਬਾ ਸਰਕਾਰ ਕਰਵਾਏਗੀ। ਸ੍ਰੀ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਵਿੱਚ ਪਲਾਸਟਿਕ ਦੇ ਲਿਫਾਫਿਆਂ ਤੋਂ ਪਾਬੰਦੀ ਹਟਾਉਣ ਸਬੰਧੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਅਤੇ ਇਸ ਬਾਰੇ ਜਲਦੀ ਹੀ ਫ਼ੈਸਲਾ ਲਿਆ ਜਾਵੇਗਾ। ਸ੍ਰੀ ਮਾਨ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਵੰਡ ਪਾਊ ਰਾਜਨੀਤੀ ਨੂੰ ਨਕਾਰ ਕੇ ਨੈਤਿਕ ਕਦਰਾਂ-ਕੀਮਤਾਂ ਆਧਾਰਿਤ ਰਾਜਨੀਤੀ ਸ਼ੁਰੂ ਕਰਕੇ ਸਿਆਸਤ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਵਿੱਚ ਸੂਬੇ ਵਿੱਚ ਸਿਰਫ਼ ਦੋ ਵਿਅਕਤੀਆਂ ਨੇ ਰਾਜ ਕੀਤਾ ਹੈ ਜਿਨ੍ਹਾਂ ਆਪਣੇ ਨਿੱਜੀ ਹਿੱਤਾਂ ਲਈ ਸੂਬੇ ਦੇ ਵਸੀਲਿਆਂ ਦੀ ਦੁਰਵਰਤੋਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਸੁੱਖ ਵਿਲਾਸ ਹੋਟਲ ਦੀ ਉਸਾਰੀ ਲਈ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਦਾ ਪੱਖ ਪੂਰਨ ਲਈ ਨਿਯਮਾਂ ਵਿੱਚ ਬਦਲਾਅ ਕੀਤਾ ਤੇ ਇਸ ਤਹਿਤ 2009 ਵਿੱਚ ਈਕੋ ਟੂਰਿਜ਼ਮ ਨੀਤੀ ਲਿਆਂਦੀ ਜਿਸ ਤਹਿਤ ਰਿਜ਼ੋਰਟ ਨਾਲ ਸਬੰਧਤ 108 ਕਰੋੜ ਰੁਪਏ ਟੈਕਸ ਵਜੋਂ ਮੁਆਫ਼ ਕਰ ਦਿੱਤੇ ਗਏ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕੈਪਟਨ ਉਨ੍ਹਾਂ ਵਿਰੁੱਧ ਕਾਰਵਾਈ ਕਰ ਸਕਦੇ ਸਨ ਪਰ ਉਹ ਚੁੱਪ ਰਹੇ ਕਿਉਂਕਿ ਉਹ ਬਾਦਲਾਂ ਨਾਲ ਮਿਲੇ ਹੋਏ ਸਨ ਸਗੋਂ ਉਨ੍ਹਾਂ ਨੇ ਵੀ ਨਿਯਮਾਂ ਦੀ ਉਲੰਘਣਾ ਕਰ ਕੇ ਸੁੱਖ ਵਿਲਾਸ ਦੇ ਆਲੇ-ਦੁਆਲੇ ਆਪਣਾ ਮਹਿਲ ਉਸਾਰ ਲਿਆ। ਉਨ੍ਹਾਂ ਕਿਹਾ ਕਿ ਦੋ ਸਾਲਾਂ ਦੌਰਾਨ ਪੰਜਾਬ ਵਿੱਚ 65 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਸਬੰਧੀ ਸਮਝੌਤੇ ਕੀਤੇ ਗਏ ਹਨ ਅਤੇ ਹੁਣ ਤੱਕ ਕਈ ਵੱਡੇ ਸਨਅਤੀ ਘਰਾਣਿਆਂ ਵੱਲੋਂ ਅਮਲ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਗੈਰ-ਭਾਜਪਾ ਸਰਕਾਰਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਵਪਾਰੀਆਂ ਨੂੰ ਕਿਹਾ,‘‘ਤੁਸੀਂ ਸਾਨੂੰ 13 ਸੀਟਾਂ ਦਿਓ ਅਸੀਂ ਤੁਹਾਡੇ ਬੱਚਿਆਂ ਦੇ ਭਵਿੱਖ ਨੂੰ ਰੋਸ਼ਨ ਕਰਨ ਲਈ ਕੰਮ ਕਰਾਂਗੇ।’ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੈਸਾ ਕਮਾਉਣ ਜਾਂ ਸੱਤਾ ਦਾ ਫਲ ਭੋਗਣ ਲਈ ਰਾਜਨੀਤੀ ਵਿੱਚ ਨਹੀਂ ਆਏ ਸਗੋਂ ਉਹ ਇੱਥੇ ਲੋਕਾਂ ਦੀ ਸੇਵਾ ਕਰਨ ਲਈ ਆਏ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਤਾਂ ਕਿ ਭਗਵੰਤ ਸਿੰਘ ਮਾਨ ਕੇਂਦਰ ਸਰਕਾਰ ਦੀਆਂ ਪੱਖਪਾਤੀ ਨੀਤੀਆਂ ਦਾ ਡਟ ਕੇ ਮੁਕਾਬਲਾ ਕਰ ਸਕਣ। ਉਨ੍ਹਾਂ ਸੂਬੇ ਦੇ ਕਰੀਬ 8000 ਕਰੋੜ ਰੁਪਏ ਦੇ ਫੰਡਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ।

Advertisement

ਵਪਾਰੀਆਂ ਲਈ ਕੀਤੇ ਐਲਾਨ

  • ਵੈਟ ਦੀ ਓਟੀਐੱਸ ਸਾਲ 2016-17 ਤੋਂ ਲਾਗੂ ਰਹੇਗੀ; ਅਸੈਸਮੈਂਟ ਮਗਰੋਂ ਆਏ ਸੀਐੱਫਐੱਚ ਫਾਰਮ ਵੀ ਯੋਗ ਮੰਨੇ ਜਾਣਗੇ
  • ਦੋ ਕਰੋੜ ਤੱਕ ਦੀ ਟਰਨਓਵਰ ਵਾਲੇ ਕਾਰੋਬਾਰੀਆਂ ਦਾ ਪੰਜ ਲੱਖ ਦਾ ਮੈਡੀਕਲ ਬੀਮਾ ਕਰਵਾਏਗੀ ਸਰਕਾਰ
  • ਬੋਗਸ ਬਿਲਿੰਗ ਰੋਕਣ ਲਈ ਆਈਆਈਟੀ ਨਾਲ ਅੱਠ ਕਰੋੜ ਰੁਪਏ ਵਿੱਚ ਸਮਝੌਤਾ; ਬੋਗਸ ਬਿਲਿੰਗ ’ਤੇ ਕੱਸੀ ਜਾਵੇਗੀ ਲਗਾਮ
  • 500 ਵਰਗ ਗਜ ਦੇ ਪਲਾਟ ਦਾ ਨਕਸ਼ਾ ਖੁਦ ਮਾਲਕ ਦੇ ਸਰਟੀਫਿਕੇਟ ਨਾਲ ਕੀਤਾ ਜਾਵੇਗਾ ਪਾਸ
  • ਵਪਾਰੀਆਂ ਨੂੰ ਤਿੰਨ ਸਾਲ ਲਈ ਮਿਲੇਗਾ ਟਰੇਡ ਲਾਇਸੈਂਸ; ਲਾਇਸੈਂਸ ਨਵਿਆਉਣ ਲਈ ਡਿਫਾਲਟਰਾਂ ਨਾਲ ਕੀਤੀ ਜਾਵੇਗੀ ਵਨ ਟਾਈਮ ਸੈਟਲਮੈਂਟ
  • ਵਪਾਰੀਆਂ ਲਈ ਬਣਾਈ ਨਵੀਂ ਐਪ ’ਤੇ ਵਰਕਰਾਂ ਦੇ ਵੇਰਵੇ ਅਪਲੋਡ ਕਰਨਗੇ ਮਾਲਕ ਤੇ ਪੁਲੀਸ ਵੱਲੋਂ ਕੀਤੀ ਜਾਵੇਗੀ ਵੈਰੀਫਿਕੇਸ਼ਨ
Advertisement
Author Image

Advertisement
Advertisement
×