ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਮੁਕਾਬਲੇ ’ਚ ਮਾਰਨ ਵਾਲੇ ਪੰਜਾਬ ਪੁਲੀਸ ਡੀਐੱਸਪੀ ਤੇ ਜਵਾਨਾਂ ਨੂੰ ਰਾਸ਼ਟਰਪਤੀ ਮੈਡਲ
ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 25 ਜਨਵਰੀ
ਸਿੱਧੂ ਮੂਸੇਵਾਲਾ ਦੇ ਕਾਤਲਾਂ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਵਿਰੁੱਧ ਮੁਕਾਬਲੇ ਵਿੱਚ ਬਹਾਦਰੀ ਦਿਖਾਉਣ ਲਈ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੇ ਡੀਐੱਸਪੀ ਬਿਕਰਮ ਬਰਾੜ ਅਤੇ ਚਾਰ ਐੱਸਪੀਜੀ ਜਵਾਨਾਂ ਲਈ ਰਾਸ਼ਟਰਪਤੀ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਡੀਐੱਸਪੀ ਬਰਾੜ ਲਈ ਇਹ ਚੌਥਾ ਰਾਸ਼ਟਰਪਤੀ ਮੈਡਲ ਹੈ। ਏਜੀਟੀਐੱਫ ਦੇ ਮੁਖੀ ਏਡੀਜੀਪੀ ਪ੍ਰਮੋਦ ਬਾਨ ਨੂੰ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਮੈਡਲ ਦਿੱਤਾ ਜਾਵੇਗਾ।
ਪਟਿਆਲਾ(ਸਰਬਜੀਤ ਸਿੰਘ ਭੰਗੂ): ਗੈਂਗਸਟਰਾਂ ਨਾਲ ਬਹਾਦਰੀ ਨਾਲ ਲੋਹਾ ਲੈਂਦੇ ਆ ਰਹੇ ਪਟਿਆਲਾ ਦੇ ਵਸਨੀਕ ਅਤੇ 'ਐਂਟੀ ਗੈਂਗਸਟਰ ਟਾਸਕ ਫੋਰਸ' ਦੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੂੰ ਪੁਲਿਸ ਵਿਭਾਗ ਵਿੱਚ ਕੀਤੀਆਂ ਕਾਰਵਾਈਆਂ ਲਈ ਚੌਥੀ ਵਾਰ ਰਾਸ਼ਟਰਪਤੀ ਬਹਾਦਰੀ ਪੁਲੀਸ ਮੈਡਲ ਮਿਲਿਆ ਹੈ।
ਇਸ ਤੋਂ ਇਲਾਵਾ ਬਿਕਰਮਜੀਤ ਬਰਾੜ ਨੂੰ ਮੁੱਖ ਮੰਤਰੀ ਪੁਲੀਸ ਮੈਡਲ ਸਮੇਤ ਕਈ ਹੋਰ ਵੱਕਾਰੀ ਐਵਾਰਡ ਵੀ ਮਿਲ ਚੁੱਕੇ ਹਨ। 15 ਅਗਸਤ 2023 ਨੂੰ ਪਟਿਆਲਾ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਸ੍ਰੀ ਬਰਾੜ ਨੂੰ ਮੁੱਖ ਮੰਤਰੀ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।