Punjab News: ਪਟਿਆਲਾ ਵਿੱਚ ਠੰਢ ਕਾਰਨ ਤਿੰਨ ਵਿਅਕਤੀਆਂ ਦੀ ਮੌਤ
* ਕੈਦੀ ਦੀ ਹਸਪਤਾਲ ’ਚ ਇਲਾਜ ਦੌਰਾਨ ਹੋਈ ਮੌਤ
ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਜਨਵਰੀ
ਕੜਾਕੇ ਦੀ ਠੰਢ ਕਾਰਨ ਅੱਜ ਇੱਥੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਗੁਰਦੁਆਰਾ ਦੂਖਨਿਵਾਰਨ ਸਾਹਿਬ ਨੇੜੇ ਸਥਿਤ ਖੰਡਾ ਚੌਕ ’ਚੋਂ 50 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ। ਇਸੇ ਤਰ੍ਹਾਂ ਦੂਜੀ ਮੌਤ ਥਾਣਾ ਪਸਿਆਣਾ ਅਧੀਨ ਪੈਂਦੇ ਪਿੰਡ ਢਕੜੱਬਾ ਵਿੱਚ, ਜਦਕਿ ਤੀਜੀ ਮੌਤ ਪਟਿਆਲਾ ਜੇਲ੍ਹ ਦੇ ਵਿਚਾਰ ਅਧੀਨ ਕੈਦੀ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਹੈ। ਜਾਣਕਾਰੀ ਅਨੁਸਾਰ 31 ਦਸੰਬਰ ਦੀ ਰਾਤ ਨੂੰ ਠੰਢ ਕਾਰਨ ਬਿਮਾਰ ਹੋਣ ਮਗਰੋੋਂ ਪਟਿਆਲਾ ਜੇਲ੍ਹ ਦੇ ਵਿਚਾਰ ਅਧੀਨ ਕੈਦੀ ਗੁਰਮੀਤ ਸਿੰਘ (65) ਵਾਸੀ ਮੋਰਿੰਡਾ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ ਅੱਜ ਤੜਕੇ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਹ ਬਨੂੜ ਵਿੱਚ ਦਰਜ ਇੱਕ ਕੇਸ ਸਬੰਧੀ 25 ਨਵੰਬਰ ਤੋਂ ਪਟਿਆਲਾ ਜੇਲ੍ਹ ’ਚ ਬੰਦ ਸੀ। ਜੇਲ੍ਹ ਸੁਪਰਡੈਂਟ ਵਰੁਣ ਸ਼ਰਮਾ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਇਸੇ ਤਰ੍ਹਾਂ ਇਤਲਾਹ ਮਿਲਣ ’ਤੇ ਥਾਣਾ ਸਿਵਲ ਲਾਈਨ ਪਟਿਆਲਾ ਦੇ ਐੱਸਐੱਚਓ ਅੰਮਿਮ੍ਰਤਬੀਰ ਚਹਿਲ ਦੀ ਅਗਵਾਈ ਹੇਠ ਪੁਲੀਸ ਨੇ ਮੁਢਲੀ ਕਾਰਵਾਈ ਕਰਨ ਮਗਰੋਂ ਖੰਡਾ ਚੌਕ ’ਚੋਂ ਮਿਲੀ ਲਾਸ਼ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾ ਦਿੱਤੀ। ਢਕੜੱਬਾ ’ਚੋਂ ਮਿਲੀ ਲਾਸ਼ ਵੀ ਹਸਪਤਾਲ ਪਹੁੰਚਾ ਦਿੱਤੀ ਗਈ ਹੈ। ਨਿਰਧਾਰਤ ਨਿਯਮਾਂ ਤਹਿਤ ਦੋਵੇਂ ਲਾਸ਼ਾਂ ਸ਼ਨਾਖਤ ਲਈ 72 ਘੰਟੇ ਇੱਥੇ ਮੁਰਦਾਘਰ ਵਿੱਚ ਰੱਖੀਆਂ ਜਾਣਗੀਆਂ। ਇਸ ਤੋਂ ਬਾਅਦ ਵੀ ਸ਼ਨਾਖਤ ਨਾ ਹੋਣ ’ਤੇ ਇਨ੍ਹਾਂ ਨੂੰ ਲਾਵਾਰਸ ਕਰਾਰ ਦੇ ਕੇ ਸਸਕਾਰ ਕਰ ਦਿੱਤਾ ਜਾਵੇਗਾ। ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਪਰ ਪੁਲੀਸ ਮੁਤਾਬਕ ਇਹ ਦੋਵੇਂ ਮੌਤਾਂ ਠੰਢ ਕਾਰਨ ਹੋਈਆਂ ਹਨ। ਦੋਵਾਂ ਦੇ ਸਰੀਰ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਖ਼ਮ ਆਦਿ ਨਹੀਂ ਹੈ। ਇਥੋਂ ਦੇ ਧਾਰਮਿਕ ਅਸਥਾਨਾਂ ਨੇੜੇ ਅਨੇਕਾਂ ਬੇਘਰੇ ਲੋਕ ਸੜਕਾਂ ਕਿਨਾਰੇ ਬੈਠੇ ਰਹਿੰਦੇ ਹਨ।
ਕੜਾਕੇ ਦੀ ਠੰਢ ਕਾਰਨ ਪ੍ਰਸ਼ਾਸਨ ਨੇ ਸਥਾਨਕ ਸ਼ਹਿਰ ’ਚ ਚਾਰ ਥਾਈਂ ਰੈਣ ਬਸੇਰੇ ਬਣਾਏ ਹਨ ਪਰ ਲੋਕਾਂ ਵੱਲੋਂ ਕੀਤੇ ਜਾਣ ਵਾਲੇ ਦਾਨ-ਪੁੰਨ ਤੋਂ ਖੁੰਝਣ ਦੇ ਡਰੋਂ ਅਜਿਹੇ ਬਹੁਤੇ ਲੋਕ ਇਨ੍ਹਾਂ ਰੈਣ ਬਸੇਰਿਆਂ ’ਚ ਰਹਿਣ ਤੋਂ ਗੁਰੇਜ ਕਰਦੇ ਹਨ। ਅਜਿਹੀ ਸੂਰਤ ’ਚ ਹਰ ਸਾਲ ਸਥਾਨਕ ਸ਼ਹਿਰ ’ਚ ਠੰਢ ਕਾਰਨ ਕਈ ਮੌਤਾਂ ਹੋ ਜਾਂਦੀਆਂ ਹਨ। ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇਨ੍ਹਾਂ ਸਾਰੇ ਰੈਣ ਬਸੇਰਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਵੀ ਲਿਆ ਹੈ।
ਕਸ਼ਮੀਰ ਦੇ ਮੈਦਾਨੀ ਤੇ ਪਹਾੜੀ ਇਲਾਕਿਆਂ ’ਚ ਬਰਫਬਾਰੀ
ਸ੍ਰੀਨਗਰ:
ਕਸ਼ਮੀਰ ਦੇ ਮੈਦਾਨੀ ਇਲਾਕਿਆਂ ਸਮੇਤ ਵਾਦੀ ਦੇ ਕਈ ਹਿੱਸਿਆਂ ’ਚ ਅੱਜ ਤਾਜ਼ਾ ਬਰਫਬਾਰੀ ਕਾਰਨ ਘੱਟੋ-ਘੱਟ ਤਾਪਮਾਨ ’ਚ ਸੁਧਾਰ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਪੱਛਮੀ ਗੜਬੜੀ ਕਾਰਨ ਰਾਤ ਭਰ ਹਲਕੀ ਤੋਂ ਭਾਰੀ ਬਰਫਬਾਰੀ ਹੋਈ। ਜਾਣਕਾਰੀ ਅਨੁਸਾਰ ਬਾਂਦੀਪੋਰਾ, ਕੁਪਵਾੜਾ, ਬਾਰਾਮੂਲਾ ਅਤੇ ਅਨੰਤਨਾਗ ਦੇ ਕੁਝ ਹਿੱਸਿਆਂ ’ਚ ਦਰਮਿਆਨੀ ਤੋਂ ਭਾਰੀ, ਜਦਕਿ ਸ੍ਰੀਨਗਰ ਅਤੇ ਗਾਂਦਰਬਲ ਦੇ ਮੈਦਾਨੀ ਇਲਾਕਿਆਂ ’ਚ ਹਲਕੀ ਬਰਫਬਾਰੀ ਹੋਈ। ਗੁਲਮਰਗ, ਸੋਨਮਰਗ ਅਤੇ ਪਹਿਲਗਾਮ ਵਿੱਚ ਵੀ ਬਰਫ ਪਈ। ਅਧਿਕਾਰੀਆਂ ਨੇ ਦੱਸਿਆ ਬਰਫ ਹਟਾਉਣ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਕਾਰਵਾਈ ਦੀ ਨਿਗਰਾਨੀ ਲਈ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਮੌਸਮ ਵਿਭਾਗ ਨੇ ਭਲਕੇ ਸ਼ੁੱਕਰਵਾਰ ਨੂੰ ਵੱਖ-ਵੱਖ ਥਾਵਾਂ ’ਤੇ ਹਲਕੀ ਬਰਫਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਵਾਦੀ ਵਿੱਚ ਬਹੁਤੀਆਂ ਥਾਵਾਂ ’ਤੇ ਰਾਤ ਦੇ ਤਾਪਮਾਨ ’ਚ ਸੁਧਾਰ ਹੋਇਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਗੁਲਮਰਗ ’ਚ ਘੱਟੋ-ਘੱਟ ਤਾਪਮਾਨ ਮਨਫੀ 8.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਦੇ ਮਨਫੀ 8.8 ਡਿਗਰੀ ਸੈਲਸੀਅਸ ਤੋਂ ਥੋੜ੍ਹਾ ਜਿਹਾ ਜ਼ਿਆਦਾ ਹੈ। ਗੁਲਮਰਗ ਵਾਦੀ ਦਾ ਸਭ ਤੋਂ ਠੰਢਾ ਸਥਾਨ ਰਿਹਾ। ਇਸੇ ਤਰ੍ਹਾਂ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਤਾਪਮਾਨ ਮਨਫੀ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ 7.6 ਡਿਗਰੀ ਸੈਲਸੀਅਸ ਸੀ।
ਸ੍ਰੀਨਗਰ ’ਚ ਬੁੱਧਵਾਰ ਰਾਤ ਨੂੰ ਤਾਪਮਾਨ ਮਨਫੀ 2.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਦੇ ਮਨਫੀ 4.4 ਡਿਗਰੀ ਸੈਲਸੀਅਸ ਤੋਂ ਵੱਧ ਹੈ। ਇਸੇ ਤਰ੍ਹਾਂ ਕਾਜ਼ੀਗੁੰਡ ’ਚ ਘੱਟੋ-ਘੱਟ ਤਾਪਮਾਨ ਮਨਫੀ 5.2, ਕੋਨੀਬਲ ’ਚ ਮਨਫੀ 4, ਕੁਪਵਾੜਾ ’ਚ ਮਨਫੀ 1.4 ਤੇ ਕੋਕਰਨਾਗ ’ਚ ਮਨਫੀ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। -ਪੀਟੀਆਈ
ਲਾਹੌਲ-ਸਪਿਤੀ ’ਚ ਬਰਫਬਾਰੀ ਕਾਰਨ ਜਨ-ਜੀਵਨ ਪ੍ਰਭਾਵਿਤ
ਹਿਮਾਚਲ ਪ੍ਰਦੇਸ਼:
ਹਿਮਾਚਲ ਪ੍ਰਦੇਸ਼ ਵਿੱਚ ਕੜਾਕੇ ਦੀ ਠੰਢ ਜਾਰੀ ਹੈ। ਲਾਹੌਲ ਤੇ ਸਪਿਤੀ ਸਮੇਤ ਹੋਰ ਥਾਈਂ ਬਰਫ਼ਬਾਰੀ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਸ਼ਿਮਲਾ ਦੇ ਮੌਸਮ ਵਿਭਾਗ ਨੇ 4 ਤੋਂ 6 ਜਨਵਰੀ ਤੱਕ ਹਿਮਾਚਲ ਪ੍ਰਦੇਸ਼ ਦੇ ਕਈ ਖੇਤਰਾਂ ਵਿੱਚ ਹਲਕੀ ਬਾਰਿਸ਼ ਅਤੇ ਤੂਫਾਨ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਇਸ ਦੌਰਾਨ ਸ਼ਿਮਲਾ ਵਿੱਚ ਤਾਪਮਾਨ 8 ਡਿਗਰੀ ਸੈਲਸੀਅਸ, ਚੰਬਾ ’ਚ 6 ਅਤੇ ਕੁੱਲੂ ਵਿੱਚ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਲਪਾ, ਸਾਮਧੋ, ਰਿਕੈਂਗਪੀਓ, ਕੁਕੂਮਸੇਰੀ ਅਤੇ ਤਾਬੋ ਵਿੱਚ ਤਾਪਮਾਨ ਮਨਫੀ ’ਚ ਦਰਜ ਕੀਤਾ ਗਿਆ। ਮਨਫੀ -16.7 ਡਿਗਰੀ ਸੈਲਸੀਅਸ ਤਾਪਮਾਨ ਨਾਲ ਤਾਬੋ ਸਭ ਤੋਂ ਠੰਢਾ ਇਲਾਕਾ ਰਿਹਾ। -ਏਐੱਨਆਈ