For the best experience, open
https://m.punjabitribuneonline.com
on your mobile browser.
Advertisement

Punjab News: ਕਿਸਾਨੀ ਦਾ ਮੁਕੱਦਰ: ਅੰਨਦਾਤੇ ਦਾ ਕੌਣ ਵਿਚਾਰਾ..!

05:48 AM Jan 14, 2025 IST
punjab news  ਕਿਸਾਨੀ ਦਾ ਮੁਕੱਦਰ  ਅੰਨਦਾਤੇ ਦਾ ਕੌਣ ਵਿਚਾਰਾ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 13 ਜਨਵਰੀ
18ਵੀਂ ਲੋਕ ਸਭਾ ਲਈ ਚੁਣੇ 151 ਸੰਸਦ ਮੈਂਬਰ ਅਜਿਹੇ ਹਨ ਜਿਨ੍ਹਾਂ ਦਾ ਕਿੱਤਾ ਤਾਂ ਖੇਤੀਬਾੜੀ ਹੈ ਪਰ ਇਨ੍ਹਾਂ ’ਚੋਂ ਕਿਸੇ ਵੀ ਸੰਸਦ ਮੈਂਬਰ ਦੀ ਨਜ਼ਰ ਖਨੌਰੀ ਬਾਰਡਰ ’ਤੇ ਨਹੀਂ ਪਈ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ’ਤੇ ਬੈਠਾ ਹੈ। ਸ਼ੰਭੂ ਤੇ ਖਨੌਰੀ ਸਰਹੱਦ ’ਤੇ 14 ਫਰਵਰੀ 2024 ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ।
ਮੌਜੂਦਾ ਲੋਕ ਸਭਾ ਲਈ ਚੁਣੇ ਅਤੇ ਖੇਤੀ ਕਿੱਤੇ ਨਾਲ ਤੁਅੱਲਕ ਰੱਖਦੇ ਸੰਸਦ ਮੈਂਬਰ ਸੱਚਮੁੱਚ ਕਿਸਾਨੀ ਦੀ ਤਰਜਮਾਨੀ ਕਰਦੇ ਹੁੰਦੇ ਤਾਂ ਉਨ੍ਹਾਂ ਕਿਸਾਨ ਆਗੂ ਡੱਲੇਵਾਲ ਦੇ ਅੰਗ-ਸੰਗ ਬੈਠੇ ਹੋਣਾ ਸੀ। ਭਾਰਤੀ ਸੰਸਦ ਵਿੱਚ ਜਿਸ ਕਿੱਤੇ ਨਾਲ ਸਬੰਧਤ ਸੰਸਦ ਮੈਂਬਰ ਹਨ, ਉਹ ਆਪੋ-ਆਪਣੇ ਭਾਈਚਾਰੇ ਦੀ ਆਵਾਜ਼ ਬੁਲੰਦ ਕਰਨ ਤੋਂ ਨਹੀਂ ਖੁੰਝਦੇ ਪਰ ਕਿਸਾਨੀ ਨਾਲ ਜੁੜੇ ਸੰਸਦ ਮੈਂਬਰ ਚੁੱਪ ਹਨ। ਇਨ੍ਹਾਂ ਸੰਸਦ ਮੈਂਬਰਾਂ ਦੀ ਚੁੱਪ ਦੇਖ ਕੇ ਲੱਗਦਾ ਹੈ ਕਿ ਕਿਸਾਨੀ ਦਾ ਕੋਈ ਦਰਦੀ ਨਹੀਂ ਹੈ। ਬਿਲਕੁਲ ਉਲਟਾ ਰੁਝਾਨ ਹੈ ਕਿ ਜਿਉਂ-ਜਿਉਂ ਲੋਕ ਸਭਾ ’ਚ ਖੇਤੀ ਕਿੱਤੇ ਨਾਲ ਜੁੜੇ ਸੰਸਦ ਮੈਂਬਰ ਵਧਦੇ ਗਏ, ਤਿਉਂ-ਤਿਉਂ ਕਿਸਾਨੀ ਤਕਲੀਫ਼ਾਂ ਵੀ ਸਿਖਰ ਲੈਂਦੀਆਂ ਰਹੀਆਂ। ਸਿਆਸਤ ਦੀ ਕੇਹੀ ਰੁੱਤ ਆਈ ਹੈ ਕਿ ਡੱਲੇਵਾਲ ਅੱਜ ਖਨੌਰੀ ਬਾਰਡਰ ’ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਲੋਹੜੀ ਦਾ ਤਿਉਹਾਰ ਵੀ ਉਸ ਲਈ ਕੋਈ ਨਵਾਂ ਸੁਨੇਹਾ ਨਹੀਂ ਲਿਆਇਆ। ਅੱਜ ਤੱਕ ਟਾਵੇਂ ਸੰਸਦ ਮੈਂਬਰ ਹੀ ਖਨੌਰੀ ਬਾਰਡਰ ’ਤੇ ਪੁੱਜੇ ਹਨ।
ਸੰਸਦ ਮੈਂਬਰਾਂ ਦੇ ਇਤਿਹਾਸ ਤੇ ਪਿਛੋਕੜ ਵੱਲ ਦੇਖਦੇ ਹਾਂ ਤਾਂ ਆਜ਼ਾਦੀ ਮਗਰੋਂ ਪਹਿਲੀ ਤੇ ਦੂਜੀ ਲੋਕ ਸਭਾ ਚੋਣ ਵਿੱਚ ਕੋਈ ਵੀ ਕਿਸਾਨੀ ਕਿੱਤੇ ਨਾਲ ਸਬੰਧਤ ਨੇਤਾ ਚੋਣ ਨਹੀਂ ਜਿੱਤਿਆ ਸੀ। 1962 ਦੀ ਤੀਜੀ ਲੋਕ ਸਭਾ ਚੋਣ ’ਚ ਦੋ ਕਿਸਾਨੀ ਕਿੱਤੇ ਵਾਲੇ ਸੰਸਦ ਮੈਂਬਰ ਜਿੱਤੇ ਸਨ ਜਿਨ੍ਹਾਂ ’ਚੋਂ ਇੱਕ ਬੂਟਾ ਸਿੰਘ ਸੀ। ਕਿਸਾਨੀ ਪਿਛੋਕੜ ਵਾਲੇ ਬਣੇ ਸੰਸਦ ਮੈਂਬਰਾਂ ਦਾ ਅੰਕੜਾ ਦੇਖੀਏ ਤਾਂ ਚੌਥੀ ਲੋਕ ਸਭਾ ’ਚ 1967 ਵਿੱਚ ਪੰਜ ਸੰਸਦ ਮੈਂਬਰ, ਪੰਜਵੀਂ ਲੋਕ ਸਭਾ ਚੋਣ ਦੀ 1971 ਦੀ ਚੋਣ ’ਚ 9, ਛੇਵੀਂ ਲੋਕ ਸਭਾ ਚੋਣ ’ਚ 22, ਸੱਤਵੀਂ ਲੋਕ ਸਭਾ ਚੋਣ ’ਚ 1980 ’ਚ 30, ਅੱਠਵੀਂ ਲੋਕ ਸਭਾ ’ਚ 39 ਅਤੇ ਨੌਵੀਂ ਲੋਕ ਸਭਾ ਚੋਣ ’ਚ 1989 ਵਿੱਚ 69 ਸੰਸਦ ਮੈਂਬਰ ਕਿਸਾਨੀ ਪਿਛੋਕੜ ਵਾਲੇ ਚੁਣੇ ਗਏ ਸਨ।
ਦਸਵੀਂ ਲੋਕ ਸਭਾ ’ਚ 95, ਗਿਆਰ੍ਹਵੀਂ ਲੋਕ ਸਭਾ ’ਚ 146, ਬਾਰ੍ਹਵੀਂ ਲੋਕ ਸਭਾ ’ਚ 183, ਤੇਰ੍ਹਵੀਂ ’ਚ 304 ਸੰਸਦ ਮੈਂਬਰ ਕਿਸਾਨੀ ਪਿਛੋਕੜ ਵਾਲੇ ਸਨ। ਤੇਰ੍ਹਵੀਂ ਲੋਕ ਸਭਾ (1999-2004) ’ਚ ਵਾਜਪਾਈ ਸਰਕਾਰ ਬਣੀ ਸੀ ਅਤੇ ਉਸ ਸਰਕਾਰ ’ਚ ਸਭ ਤੋਂ ਵੱਧ 304 ਸੰਸਦ ਮੈਂਬਰਾਂ ਦਾ ਪਿਛੋਕੜ ਖੇਤੀਬਾੜੀ ਸੀ। 14ਵੀਂ ਲੋਕ ਸਭਾ ’ਚ 286, 15ਵੀਂ ਲੋਕ ਸਭਾ ’ਚ 230, 16ਵੀਂ ਲੋਕ ਸਭਾ ’ਚ 233 ਅਤੇ 17ਵੀਂ ਲੋਕ ਸਭਾ ’ਚ 195 ਸੰਸਦ ਮੈਂਬਰ ਕਿਸਾਨੀ ਖ਼ਿੱਤੇ ਵਾਲੇ ਹਨ।
ਮੌਜੂਦਾ ਲੋਕ ਸਭਾ ’ਚ 151 ਸੰਸਦ ਮੈਂਬਰ ਖੇਤੀਬਾੜੀ ਪਿਛੋਕੜ ਵਾਲੇ ਹਨ ਜਿਨ੍ਹਾਂ ’ਚ ਭਾਜਪਾ ਦੇ 69 ਤੇ ਕਾਂਗਰਸ ਦੇ 21 ਐੱਮਪੀ ਹਨ। ਇਸ ਵੇਲੇ ਪੰਜਾਬ ਦੇ ਚਾਰ ਅਤੇ ਹਰਿਆਣਾ ਦੇ ਪੰਜ ਸੰਸਦ ਮੈਂਬਰ ਖੇਤੀ ਕਿੱਤੇ ਵਾਲੇ ਹਨ। ਮੌਜੂਦਾ ਸੰਸਦ ਵਿਚ ਚਾਰ ਅਜਿਹੇ ਸੰਸਦ ਮੈਂਬਰ ਵੀ ਕਿਸਾਨੀ ਕਿੱਤੇ ਵਾਲੇ ਹਨ ਜਿਹੜੇ ਕਿ ਸੱਤਵੀਂ ਵਾਰ ਐੱਮਪੀ ਚੁਣੇ ਗਏ ਹਨ ਅਤੇ ਇਨ੍ਹਾਂ ਵਿਚ ਰਾਧਾ ਮੋਹਨ ਸਿੰਘ ਵੀ ਸ਼ਾਮਲ ਹੈ। ਮੌਜੂਦਾ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਨੇ ਵੀ ਸੰਸਦ ਵਿਚ ਆਪਣਾ ਕਿੱਤਾ ਖੇਤੀ ਦਰਜ ਕਰਾਇਆ ਹੈ ਜੋ ਕਿ ਛੇਵੀਂ ਵਾਰ ਸੰਸਦ ਮੈਂਬਰ ਬਣੇ ਹਨ। ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਪੰਜਵੀਂ ਵਾਰ ਐਮਪੀ ਬਣੇ ਹਨ ਜਿਨ੍ਹਾਂ ਦਾ ਕਿੱਤਾ ਖੇਤੀ ਹੈ।

Advertisement

ਸੰਸਦ ਮੈਂਬਰ ਕਾਰਪੋਰੇਟਾਂ ਦੇ ਨੁਮਾਇੰਦੇ ਬਣੇ: ਦੀਪ ਸਿੰਘ ਵਾਲਾ

ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਆਖਦੇ ਹਨ ਕਿ ਖੇਤੀ ਨਾਲ ਜੁੜੇ ਸੰਸਦ ਮੈਂਬਰ ਤਾਂ ਹੁਣ ਕਾਰਪੋਰੇਟਾਂ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਤਾਹੀਓਂ ਹੁਣ ਕਿਸਾਨ ਵਿਰੋਧੀ ਨੀਤੀਆਂ ਤੇ ਕਾਨੂੰਨ ਆ ਰਹੇ ਹਨ। ਉਨ੍ਹਾਂ ਦਾ ਖੇਤੀਬਾੜੀ ਵਾਲਾ ਪਿਛੋਕੜ ਤਾਂ ਹੁਣ ਸਿਰਫ਼ ਵਿਖਾਵੇ ਦਾ ਰਹਿ ਗਿਆ ਹੈ।

Advertisement

Advertisement
Tags :
Author Image

joginder kumar

View all posts

Advertisement