Punjab News: ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਮਾਰਚ ਰੋਕਣ ਲਈ ਸਿਮਰਨਜੀਤ ਸਿੰਘ ਮਾਨ ਵੀ ਕੀਤੇ ਘਰ ’ਚ ਨਜ਼ਰਬੰਦ
ਦਲ ਦੇ ਹੋਰ ਆਗੂਆਂ ਸਣੇ ਪੁਲੀਸ ਨੇ ਖਡੂਰ ਸਾਹਿਬ ਦੇ MP ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਵੀ ਕੀਤਾ ਘਰ ਵਿਚ ਨਜ਼ਰਬੰਦ
ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 7 ਜਨਵਰੀ
Punjab News: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ਼ਹੀਦੀ ਸਭਾ ਮੌਕੇ ਕੀਤੀ ਗਈ ਸ਼ਹੀਦੀ ਮੀਰੀ-ਪੀਰੀ ਕਾਨਫਰੰਸ ਵਿਚ ਪਹੁੰਚੀਆਂ ਪੰਥਕ ਧਿਰਾਂ ਅਤੇ ਇਨਸਾਫ਼ ਮੋਰਚੇ ਦੇ ਆਗੂਆਂ ਨੇ ਬਾਪੂ ਗੁਰਚਰਨ ਸਿੰਘ ਕਨਵੀਨਰ ਕੌਮੀ ਇਨਸਾਫ਼ ਮੋਰਚਾ ਦੀ ਅਗਵਾਈ ਹੇਠ 7 ਜਨਵਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਜਮਹੂਰੀ ਅਤੇ ਪੁਰਅਮਨ ਢੰਗ ਨਾਲ ਮਾਰਚ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਮਾਰਚ ਵਿਚ ਸ਼ਾਮਲ ਹੋਣ ਤੋਂ ਰੋਕਣ ਲਈ ਪੁਲੀਸ ਨੇ ਅੱਜ ਸਵੇਰੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਘਰ ਨੂੰ ਘੇਰਾ ਪਾ ਕੇ ਉਨ੍ਹਾਂ ਨੂੰ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ। ਪੁਲੀਸ ਨੇ ਅੱਜ ਸੁਵਖ਼ਤੇ ਹੀ ਇਥੇ ਤਲਾਣੀਆਂ ਸਥਿਤ ਸ੍ਰੀ ਮਾਨ ਦੀ ਰਿਹਾਇਸ਼ ਕਿਲ੍ਹਾ ਸਰਦਾਰ ਹਰਨਾਮ ਸਿੰਘ ਨੂੰ ਘੇਰਾ ਪਾ ਲਿਆ।
ਇਸੇ ਤਰ੍ਹਾਂ ਪੁਲੀਸ ਵੱਲੋਂ ਖਡੂਰ ਸਾਹਿਬ ਹਲਕੇ ਦੇ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਘਰ ਨੂੰ ਘੇਰਾ ਪਾ ਕੇ ਉਸ ਦੇ ਪਿਤਾ ਤਰਸੇਮ ਸਿੰਘ ਨੂੰ ਵੀ ਅੱਜ ਤੜਕੇ ਹੀ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਸ੍ਰੀ ਮਾਨ ਨੇ ਦਸਿਆ ਕਿ ਪਾਰਟੀ ਦੇ ਜਰਨਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਪੀਏਸੀ ਮੈਂਬਰ ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ, ਹਰਜੀਤ ਸਿੰਘ ਮੀਆਂਪੁਰ, ਨਰਿੰਦਰ ਸਿੰਘ ਕਾਲਾਬੂਲਾ ਧੂਰੀ ਅਤੇ ਅਮਰੀਕ ਸਿੰਘ ਆਦਿ ਨੂੰ ਵੀ ਹਾਊਸ ਅਰੈਸਟ (ਘਰਾਂ ਵਿਚ ਨਜ਼ਰਬੰਦ) ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਇਸ ਕਾਰਵਾਈ ਦੀ ਉਨ੍ਹਾਂ ਸਖਤ ਨਿੰਦਾ ਕਰਦੇ ਹੋਏ ਇਨ੍ਹਾਂ ਅਮਲਾਂ ਨੂੰ ਵਿਧਾਨ ਅਤੇ ਕਾਨੂੰਨ ਵਿਰੋਧੀ ਕਰਾਰ ਦਿਤਾ। ਉਨ੍ਹਾਂ ਕਿਹਾ, ‘‘ਸਰਕਾਰਾਂ ਤੇ ਪੁਲੀਸ ਅਕਸਰ ਹੀ ਖ਼ਾਲਸਾ ਪੰਥ ਦੀ ਲੀਡਰਸ਼ਿਪ ਨਾਲ ਅਣਮਨੁੱਖੀ ਤੇ ਗੈਰ ਕਾਨੂੰਨੀ ਵਰਤਾਅ ਕਰ ਕੇ ਕੌਮੀ ਪ੍ਰੋਗਰਾਮਾਂ ਵਿਚ ਵਿਘਨ ਪਾਉਣ ਅਤੇ ਦਹਿਸ਼ਤ ਫੈਲਾਉਣ ਦਾ ਅਮਲ ਕਰਦੀਆਂ ਹਨ, ਪਰ ਖ਼ਾਲਸਾ ਪੰਥ ਦਾ ਇਤਿਹਾਸ ਗਵਾਹ ਹੈ ਕਿ ਰਾਜਿਆਂ, ਬਾਦਸ਼ਾਹਾਂ ਜਾਂ ਹਕੂਮਤਾਂ ਦੇ ਜਬਰ ਜ਼ੁਲਮ ਪੰਥ ਨੂੰ ਕਦੇ ਵੀ ਆਪਣੇ ਨਿਸ਼ਾਨੇ ਤੋਂ ਨਾ ਤਾਂ ਥਿੜਕਾ ਸਕੇ ਹਨ ਅਤੇ ਨਾ ਹੀ ਥਿੜਕਾ ਸਕਣਗੇ।’’
ਉਨ੍ਹਾਂ ਮੰਗ ਕੀਤੀ ਕਿ ਖ਼ਾਲਸਾ ਪੰਥ ਨੂੰ ਸੰਘਰਸ਼ਾਂ ਵਿਚ ਧਕੇਲਣ ਦੀ ਬਜਾਇ ‘ਗੈਰਕਾਨੂੰਨੀ ਤੌਰ ’ਤੇ ਲੰਮੇ ਸਮਿਆਂ ਤੋਂ ਬੰਦੀ ਬਣਾਏ ਗਏ’ ਸਿੰਘਾਂ ਨੂੰ ਰਿਹਾਅ ਕਰ ਕੇ ਜੇ ਸਰਕਾਰ ਮਾਹੌਲ ਨੂੰ ਸਹੀ ਕਰਨ ਵਿਚ ਭੂਮਿਕਾ ਨਿਭਾਅ ਸਕੇ ਤਾਂ ਅਜਿਹਾ ਸਰਕਾਰ ਅਤੇ ਇਥੋਂ ਦੇ ਮਾਹੌਲ ਨੂੰ ਸਥਾਈ ਰੂਪ ਵਿਚ ਠੀਕ ਰੱਖਣ ਲਈ ਬਿਹਤਰ ਹੋਵੇਗਾ।