Punjab News: ਬਠਿੰਡਾ ਸ਼ਹਿਰ ਦਾ ਗੰਦਾ ਪਾਣੀ ਚੰਦਭਾਨ ਡਰੇਨ ’ਚ ਸੁੱਟਣ ਲਈ ਪ੍ਰਸ਼ਾਸਨ ਪੱਬਾਂ ਭਾਰ, ਵਿਰੋਧ ਕਰਦੇ ਕਿਸਾਨ ਫੜੇ
ਇਕ ਦਿਨ ਪਹਿਲਾਂ ਵਿਰੋਧ ਕਰਦੇ ਕਿਸਾਨਾਂ ਦੀ ਵਧਦੀ ਗਿਣਤੀ ਕਾਰਨ ਪ੍ਰਸ਼ਾਸਨ ਨੇ ਪੈਰ ਪਿਛਾਂਹ ਖਿੱਚ ਲਏ ਸਨ; ਪਰ ਅੱਜ ਸਵੇਰੇ ਹੀ ਕਾਰਵਾਈ ਨੂੰ ਦਿੱਤਾ ਅੰਜਾਮ
ਮਨੋਜ ਸ਼ਰਮਾ
ਬਠਿੰਡਾ, 8 ਜਨਵਰੀ
Punjab News: ਬਠਿੰਡਾ ਸ਼ਹਿਰ ਦੀਆਂ ਬਸਤੀਆਂ ਅਤੇ ਗੋਬਿੰਦਪੁਰਾ ਵਿਖੇ ਬਣੀ ਜੇਲ੍ਹ ਦੇ ਗੰਦੇ ਪਾਣੀ ਨੂੰ ਚੰਦਭਾਨ ਬਰਸਾਤੀ ਨਾਲ਼ੇ ਵਿੱਚ ਸੁੱਟਣ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਫੋਰਸ ਲਾ ਕੇ ਦੋ ਪਿੰਡਾਂ ਦੇ ਰਸਤੇ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਬੀਕੇਯੂ ਸਿੱਧੂਪੁਰ ਦੇ ਇਕਾਈ ਪ੍ਰਧਾਨ ਲਖਵਿੰਦਰ ਸਿੰਘ ਲੱਖਾਂ ਦੀ ਅਗਵਾਈ ਹੇਠ ਵਿਰੋਧ ਕਰ ਰਹੇ ਨਜ਼ਦੀਕੀ ਪਿੰਡਾਂ ਦੇ ਦਰਜਨ ਤੋਂ ਵੱਧ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਗੌਰਤਲਬ ਹੈ ਕਿ ਨਜ਼ਦੀਕੀ ਪਿੰਡ ਅਬਲੂ ਅਤੇ ਕੋਠੇ ਲਾਲ ਸਿੰਘ ਵਾਲਾ ਦੇ ਕਿਸਾਨਾਂ ਵੱਲੋਂ ਇਸ ਸੀਵਰੇਜ ਪਾਈਪ ਲਾਈਨ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਹ ਵੀ ਦੱਸਣਯੋਗ ਹੈ ਬੀਤੇ ਕੱਲ੍ਹ ਵਿਰੋਧ ਕਰ ਰਹੇ ਕਿਸਾਨਾਂ ਦੀ ਵਧ ਰਹੀ ਗਿਣਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਸ ਕਾਰਵਾਈ ਤੋਂ ਪੈਰ ਪਿੱਛੇ ਖਿੱਚ ਲਏ ਸਨ। ਪਰ ਅੱਜ ਪ੍ਰਸ਼ਾਸਨ ਨੇ ਸਵੇਰੇ ਹੀ ਵੱਡੀ ਗਿਣਤੀ ਫੋਰਸ ਲਾਉਂਦੇ ਹੋਏ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਨਾਲ ਹੀ ਬੈਰੀਕੇਡਿੰਗ ਕਰਕੇ ਦੋ ਪਿੰਡਾਂ ਦੇ ਰਸਤੇ ਰੋਕ ਦਿੱਤੇ ਹਨ। ਇਸ ਪਿੱਛੋਂ ਪ੍ਰਸ਼ਾਸਨ ਨੇ ਰਹਿੰਦੀ ਪਾਈਪ ਲਾਈਨ ਦਾ ਕੰਮ ਨੇਪਰੇ ਚਾੜ੍ਹਨਾ ਸ਼ੁਰੂ ਕਰ ਦਿੱਤਾ ਹੈ।