ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Punjab News: ਡੇਰਾ ਰਾਧਾਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਜਥੇਦਾਰ ਹਰਪ੍ਰੀਤ ਸਿੰਘ ਦਰਮਿਆਨ ‘ਗੁਪਤ ਮੁਲਾਕਾਤ’

05:30 PM Dec 26, 2024 IST

ਸ਼ਗਨ ਕਟਾਰੀਆ
ਬਠਿੰਡਾ, 26 ਦਸੰਬਰ
Punjab News: ਡੇਰਾ ਰਾਧਾਸੁਆਮੀ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਵੀਰਵਾਰ ਨੂੰ ਇਥੇ ਇੱਕ ਘੰਟੇ ਤੋਂ ਵੱਧ ਸਮਾਂ ਆਪਸ ਵਿੱਚ ਗੱਲਬਾਤ ਹੋਈ। ਜਥੇਦਾਰ ਹਰਪ੍ਰੀਤ ਸਿੰਘ ਦੀ ਸਥਾਨਕ ਬਰਨਾਲਾ ਰੋਡ ’ਤੇ ਸਥਿਤ ਰਿਹਾਇਸ਼ਗਾਹ ’ਤੇ ਹੋਈ ਇਹ ਗ਼ੁਫ਼ਤਗੂ ਇੰਨੀ ਗੁਪਤ ਸੀ ਕਿ ਦੋਵੇਂ ਧਿਰਾਂ ਵੱਲੋਂ ਇਸ ਬਾਰੇ ਖ਼ਾਮੋਸ਼ੀ ਧਾਰਨ ਕੀਤੀ ਹੋਈ ਹੈ।
ਜਾਣਕਾਰੀ ਅਨੁਸਾਰ ਡੇਰਾ ਮੁਖੀ ਦਾ ਬਠਿੰਡਾ-ਗੋਨਿਆਣਾ ਮਾਰਗ ’ਤੇ ਸਥਿਤ ਸਥਾਨਕ ਡੇਰਾ ਰਾਧਾਸੁਆਮੀ ਵਿੱਚ ਆਉਣ ਦਾ ਪ੍ਰੋਗਰਾਮ ਪਹਿਲਾਂ ਹੀ ਤੈਅ ਸੀ। ਉਨ੍ਹਾਂ ਦਾ ਹੈਲੀਕਾਪਟਰ ਇੱਥੇ ਥਰਮਲ ਕਲੋਨੀ ਵਿੱਚ ਬਣੇ ਅਸਥਾਈ ਹੈਲੀਪੈਡ ’ਤੇ ਉਤਰਿਆ ਅਤੇ ਇੱਥੋਂ ਉਹ ਕਾਰ ਰਾਹੀਂ ਜਥੇਦਾਰ ਸਾਹਿਬ ਦੀ ਰਿਹਾਇਸ਼ ’ਤੇ ਚਲੇ ਗਏ। ਪਤਾ ਲੱਗਾ ਹੈ ਕਿ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਵੀ ਇਸ ਮੌਕੇ ਉਥੇ ਪਹੁੰਚ ਗਏ। ਘਰ ਦੇ ਆਲੇ-ਦੁਆਲੇ ਭਾਰੀ ਸੁਰੱਖਿਆ ਪ੍ਰਬੰਧ ਹੋਣ ਕਰ ਕੇ ਮੀਡੀਆ ਕਰਮੀਆਂ ਨੂੰ ਘਰ ਤੋਂ ਦੂਰ ਹੀ ਰੱਖਿਆ ਗਿਆ।

Advertisement

ਸ਼ਿਸ਼ਟਾਚਾਰੀ ਮੁਲਾਕਾਤ ਤੋਂ ਬਾਅਦ ਰਵਾਨਾ ਹੁੰਦੇ ਹੋਏ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਉਨ੍ਹਾਂ ਦੇ ਨਾਲ ਸੁਰਜੀਤ ਸਿੰਘ ਰੱਖੜਾ।
ਗੌਰਤਲਬ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਕਥਿਤ ਸਾਂਢੂ ਵੱਲੋਂ ਉਨ੍ਹਾਂ ਬਾਰੇ ਕੀਤੀਆਂ ਵਿਵਾਦਤ ਟਿੱਪਣੀਆਂ ਦੇ ਸਬੰਧ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਉਨ੍ਹਾਂ ਦੀਆਂ ਜਥੇਦਾਰ ਵਜੋਂ ਸੇਵਾਵਾਂ ’ਤੇ 15 ਦਿਨਾਂ ਲਈ ਰੋਕ ਲਾਈ ਹੋਈ ਹੈ। ਉਂਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਤੋਂ ਲੈ ਕੇ ਤਨਖ਼ਾਹ ਲਾਉਣ ਤੱਕ ਦੇ ਵੱਖ-ਵੱਖ ਪੜਾਵਾਂ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਦੀ ਭੂਮਿਕਾ ਬਾਰੇ ਅਸਿੱਧੇ ਰੂਪ ’ਚ ਕਈ ਤਰ੍ਹਾਂ ਦੇ ‘ਕਿੰਤੂ-ਪ੍ਰੰਤੂ’ ਹੁੰਦੇ ਆ ਰਹੇ ਹਨ।
ਇੱਕ ਸਮਾਂ ਅਜਿਹਾ ਵੀ ਆਇਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਦੇ ਹੱਕ ’ਚ ਫੌਰੀ ਲਏ ਸਟੈਂਡ ਕਾਰਨ ਸ਼੍ਰੋਮਣੀ ਕਮੇਟੀ ਨੇ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਸੀ। ਵਰਤਮਾਨ ਦੌਰ ’ਚ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਦੇ ਵੀ ਉਨ੍ਹਾਂ ਦੀਆਂ ਸੇਵਾਵਾਂ ਪੱਕੇ ਤੌਰ ’ਤੇ ਖ਼ਤਮ ਕੀਤੀਆਂ ਜਾ ਸਕਦੀਆਂ ਹਨ। ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵੀ 30 ਦਸੰਬਰ ਨੂੰ ਸੱਦੀ ਹੋਈ ਹੈ।

ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਦੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਨੇੜਤਾ ਵੀ ਲੁਕੀ ਛਿਪੀ ਨਹੀਂ। ਉਨ੍ਹਾਂ ਦੀਆਂ ਦੋਵਾਂ ਹੀ ਪਾਰਟੀਆਂ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਬਲਜੀਤ ਸਿੰਘ ਦਾਦੂਵਾਲ ਨਾਲ ‘ਮਿਲਣੀਆਂ’ ਧਾਰਮਿਕ ਅਤੇ ਸਿਆਸੀ ਹਲਕਿਆਂ ਅੰਦਰ ਚਰਚਾ ਦਾ ਵਿਸ਼ਾ ਬਣਦੀਆਂ ਰਹੀਆਂ ਹਨ।
ਅੱਜ ਦੀ ਮਿਲਣੀ ਧਾਰਮਿਕ, ਰਾਜਸੀ ਜਾਂ ਫਿਰ ਨਿੱਜੀ ਹੋਣ ਬਾਰੇ ਕਿਆਸਰਾਈਆਂ ਇੱਕ ਵਾਰ ਫਿਰ ਜ਼ੋਰ ਫੜ ਗਈਆਂ ਹਨ।

ਰੱਖੜਾ ਨੇ ਮੁਲਾਕਾਤ ਨੂੰ ‘ਸ਼ਿਸ਼ਟਾਚਾਰੀ ਗੱਲਬਾਤ’ ਦੱਸਿਆ
ਸੁਰਜੀਤ ਸਿੰਘ ਰੱਖੜਾ ਨੇ ਇੱਕ ਟੀਵੀ ਚੈਨਲ ’ਤੇ ਦੋਵਾਂ ਧਾਰਮਿਕ ਆਗੂਆਂ ਦੀ ਮੁਲਾਕਾਤ ਮੌਕੇ ਉਨ੍ਹਾਂ ਦੀ ਹਾਜ਼ਰੀ ਇਤਫ਼ਾਕਨ ਹੋਣ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਉਹ ਹਰਿਆਣਾ ਦੇ ਮੁੱਖ ਮੰਤਰੀ ਰਹੇ ਮਰਹੂਮ ਓਮ ਪ੍ਰਕਾਸ਼ ਚੌਟਾਲਾ ਦੇ ਪਰਿਵਾਰ ਨਾਲ ਅਫਸੋਸ ਪ੍ਰਗਟਾਉਣ ਜਾ ਰਹੇ ਸਨ। ਇਸ ਦੌਰਾਨ ਰਸਤੇ ’ਚ ਇੱਕ ਡੇਰੇ ਦੇ ਸ਼ਰਧਾਲੂ ਬਲਦੇਵ ਸਿੰਘ ਕੰਗ ਨੇ ਫ਼ੋਨ ’ਤੇ ਡੇਰਾ ਮੁਖੀ ਵੱਲੋਂ ਜਥੇਦਾਰ ਦੇ ਘਰ ਪਹੁੰਚਣ ਬਾਰੇ ਜਾਣਕਾਰੀ ਦਿੱਤੀ। ਰੱਖੜਾ ਨੇ ਦੱਸਿਆ ਕਿ ਉਹ ਬਠਿੰਡਾ ਜਥੇਦਾਰ ਦੇ ਘਰ ਰੁਕ ਗਏ ਅਤੇ ਥੋੜੀ ਦੇਰ ਬਾਅਦ ਗੁਰਿੰਦਰ ਸਿੰਘ ਢਿੱਲੋਂ ਆ ਗਏ। ਉਨ੍ਹਾਂ ਦੱਸਿਆ ਕਿ ਇਹ ਸਿਰਫ ਸ਼ਿਸ਼ਟਾਚਾਰੀ ਗੱਲਬਾਤ ਹੀ ਲੱਗੀ, ਸਿਰਫ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਦੀ ਮਜ਼ਬੂਤੀ ਬਾਰੇ ਸਰਸਰੀ ਗੱਲਾਂ ਚੱਲੀਆਂ ਅਤੇ ਇਸ ਸਮੇਂ ਦੌਰਾਨ ਚਾਹ ਪੀਤੀ ਅਤੇ ਰੋਟੀ ਖਾਧੀ ਗਈ। ਸ੍ਰੀ ਰੱਖੜਾ ਨੇ ਦੱਸਿਆ ਕਿ ਪੰਦਰਾਂ ਦਿਨਾਂ ਲਈ ਸੇਵਾਵਾਂ ਰੋਕੇ ਜਾਣ ਬਾਰੇ ਗੱਲ ਛਿੜੀ ਤਾਂ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ‘ਉਹ ਹੁਣ ਖੁਦ ਨੂੰ ਸੌਖਾ ਮਹਿਸੂਸ ਕਰਦੇ ਨੇ’। ਇਕ ਸਵਾਲ ਦੇ ਜਵਾਬ ਵਿੱਚ ਰੱਖੜਾ ਨੇ ਕਿਹਾ ਕਿ ਪੂਰੀ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਬਾਰੇ ਇੱਕ ਵਾਰ ਵੀ ਜ਼ਿਕਰ ਨਹੀਂ ਹੋਇਆ।

Advertisement

Advertisement