Punjab News: ਸੰਗਰੂਰ: ਸੜਕ ਹਾਦਸੇ ’ਚ ਰਾਮਾਂ ਮੰਡੀ ਦੇ ’ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ
ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਅਪਰੈਲ
ਥਾਣਾ ਸਦਰ ਪੁਲੀਸ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਨ੍ਹਾ ਬਠਿੰਡਾ ਦੇ ਰਾਮਾਂ ਮੰਡੀ ਤੋਂ ਇਕ ਪਰਿਵਾਰ ਦੇ ਚਾਰ ਮੈਂਬਰ ਸਵਿਫਟ ਕਾਰ ’ਚ ਸਵਾਰ ਹੋ ਕੇ ਪਟਿਆਲਾ ਵੱਲ ਜਾ ਰਹੇ ਸੀ। ਜਿਉਂ ਹੀ ਉਨ੍ਹਾਂ ਦੀ ਕਾਰ ਕੌਮੀ ਹਾਈਵੇਅ ਤੇ ਸੰਗਰੂਰ ਨੇੜਲੇ ਪਿੰਡ ਉਪਲੀ ਦੇ ਕੱਟ ਕੋਲ ਪੁੱਜੀ ਤਾਂ ਅਚਾਨਕ ਅਵਾਰਾ ਪਸ਼ੂ ਆ ਜਾਣ ਕਾਰਨ ਕਾਰ ਬੇਕਾਬੂ ਹੋ ਕੇ ਲੋਹੇ ਦੇ ਖੰਬੇ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ ਕ੍ਰਿਸ਼ਨ ਲਾਲ, ਜਤਿੰਦਰ ਅਤੇ ਰਵੀ ਕੁਮਾਰ ਦੀ ਮੌਤ ਹੋ ਗਈ ਜਦੋਂ ਕਿ ਕਰਨ ਕੁਮਾਰ ਗਭੀਰ ਜ਼ਖਮੀ ਹੋ ਗਿਆ।
ਸਾਰਿਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੋਂ ਕਰਨ ਕੁਮਾਰ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਇਕੋ ਪਰਿਵਾਰ ਦੇ ਮੈਂਬਰ ਸਨ ਅਤੇ ਦਵਾਈ ਲੈਣ ਲਈ ਪਟਿਆਲਾ ਜਾ ਰਹੇ ਸਨ। ਥਾਣਾ ਸਦਰ ਪੁਲੀਸ ਦੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਅਗਲੀ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।