Punjab News - Road Accident: ਧੁੰਦ ਦੇ ਕਹਿਰ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ਼; ਟੋਭੇ ’ਚ ਡਿੱਗੀ ਕਾਰ
ਆਪਣੇ ਹੀ ਪਿੰਡ ਦਿੱਤੂਪੁਰ ਦੇ ਟੋਭੇ ’ਚ ਡੁੱਬੇ ਤਿੰਨੋਂ ਨੌਜਵਾਨ; ਪਿੰਡ ਦਿੱਤੂਪੁਰ ਤੇ ਇਲਾਕੇ ਭਰ ’ਚ ਮਾਤਮ ਛਾਇਆ
ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਜਨਵਰੀ
Punjab News - Road Accident: ਖ਼ਿੱਤੇ ਵਿਚ ਪੈ ਰਹੀ ਸੰਘਣੀ ਧੁੰਦ ਕਾਰਨ ਲੰਘੀ ਰਾਤ ਥਾਣਾ ਭਾਦਸੋਂ ’ਚ ਪੈਂਦੇ ਨੇੜਲੇ ਪਿੰਡ ਦਿੱਤੂਪੁਰ ਵਿਖੇ ਇੱਕ ਕਾਰ ਟੋਭੇ ’ਚ ਡਿੱਗ ਜਾਣ ਕਾਰਨ ਇਸੇ ਪਿੰਡ ਦੇ ਤਿੰਨ ਘਰਾਂ ਦੇ ਚਿਰਾਗ਼ ਬੁਝ ਗਏ। ਧੁੰਦ ਕਾਰਨ ਵਾਪਰੇ ਇਸ ਹਾਦਸੇ ਦੌਰਾਨ ਮੌਤ ਦੇ ਮੂੰਹ ਗਏ ਤਿੰਨੇ ਨੌਜਵਾਨ ਆਪਣੇ ਮਾਪਿਆਂ ਦੇ ਇਕਲੌਤੇ ਇਕਲੌਤੇ ਪੁੱਤ ਸਨ। ਇਸ ਕਾਰਨ ਨਾ ਸਿਰਫ਼ ਦਿੱਤੂਪੁਰ, ਬਲਕਿ ਭਾਦਸੋਂ ਇਲਾਕੇ ਭਰ ’ਚ ਹੀ ਸੋਗ ਦੀ ਲਹਿਰ ਫੈਲ ਗਈ ਹੈ।
ਮ੍ਰਿਤਕਾਂ ਵਿਚੋਂ 30 ਸਾਲਾ ਹਰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਭਾਰਤੀ ਸਮੁੰਦਰੀ ਫ਼ੌਜ (Navy) ’ਚ ਨੌਕਰੀ ਕਰਦਾ ਸੀ। 26 ਸਾਲਾ ਇੰਦਰਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵੇਰਕਾ ਮਿਲਕ ਪਲਾਂਟ ਦਾ ਮੁਲਾਜ਼ਮ ਸੀ, ਜਦਕਿ 18 ਸਾਲਾ ਕਮਲਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਅਜੇ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ।
ਜਾਣਕਾਰੀ ਮੁਤਾਬਿਕ ਲੰਘੀ ਰਾਤ ਪਿੰਡ ਦੇ ਹੀ ਪੰਜ ਨੌਜਵਾਨ ਆਪਣੇ ਪਿੰਡ ਦਿੱਤੂਪੁਰ ’ਚ ਹੀ ਇਕ ਜ਼ੈੱਨ ਕਾਰ (ਪੀਬੀ 10 ਬੀਯੂ 0981) ਵਿੱਚ ਜਾ ਰਹੇ ਸਨ। ਇਸ ਦੌਰਾਨ ਹਨੇਰੇ ਅਤੇ ਧੁੰਦ ਕਾਰਨ ਰਸਤਾ ਨਾ ਦਿਖਣ ਕਰ ਕੇ ਇਨ੍ਹਾਂ ਵਿਚੋਂ ਹੀ ਇੱਕ ਨੌਜਵਾਨ ਹੇਠਾਂ ਉਤਰ ਕੇ ਮੋਬਾਈਲ ਫੋਨ ਦੀ ਬੈਟਰੀ ਨਾਲ ਚਾਨਣ ਕਰਕੇ ਰਸਤਾ ਦਿਖਾਉਣ ਲੱਗਾ। ਇਸ ਦੇ ਬਾਵਜੂਦ ਕਾਰ ਚਲਾ ਰਹੇ ਨੌਜਵਾਨ ਨੂੰ ਰਸਤੇ ਦਾ ਨਾ ਪਤਾ ਲੱਗਣ ਕਾਰਨ ਉਨ੍ਹਾਂ ਦੀ ਕਾਰ ਪਿੰਡ ਦੇ ਹੀ ਇਕ ਟੋਭੇ/ਛੱਪੜ ਵਿਚ ਜਾ ਡਿੱਗੀ।
Punjab News: ਧੁੰਦ ਕਾਰਨ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਭਿਆਨਕ ਹਾਦਸਾ, ਕਾਲਜ ਲੈਕਚਰਾਰ ਮੁਟਿਆਰ ਦੀ ਮੌਤ
ਇਸ ਦੌਰਾਨ ਕਾਰ ਸਮੇਤ ਵਿੱਚ ਡਿੱਗੇ ਚਾਰਾਂ ਵਿਚੋਂ ਇੱਕ ਨੌਜਵਾਨ ਨੂੰ ਤਾਂ ਕੱਢ ਲਿਆ ਗਿਆ, ਪਰ ਬਾਕੀ ਤਿੰਨ ਕਾਰ ਸਮੇਤ ਵਿਚ ਹੀ ਡੁੱਬ ਗਏ। ਗੰਭੀਰ ਹਾਲਤ ਵਿੱਚ ਤਿੰਨਾਂ ਨੂੰ ਫ਼ੌਰੀ ਪਟਿਆਲਾ ਸਥਿਤ ਅਮਰ ਹਸਪਤਾਲ ਵਿਖੇ ਲਿਆਂਦਾ ਗਿਆ ਪਰ ਉਥੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਇਸ ਮਗਰੋਂ ਤਿੰਨਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀਆਂ ਗਈਆਂ ਹਨ।
ਪਿੰਡ ਦੇ ਸਰਪੰਚ ਗੁਰਦੀਪ ਸਿੰਘ ਦਾ ਕਹਿਣਾ ਸੀ ਕਿ ਪਿੰੰਡ ’ਚ ਇਹ ਕਹਿਰ ਧੁੰਦ ਕਾਰਨ ਵਾਪਰਿਆ ਹੈ। ਉਨ੍ਹਾਂ ਨੂੰ ਸਹੀ ਅੰਦਾਜ਼ਾ ਨਾ ਹੋ ਸਕਣ ਕਾਰਨ ਹੀ ਕਾਰ ਟੋਭੇ ਵਿੱਚ ਡਿੱਗੀ। ਸਰਪੰਚ ਦਾ ਕਹਿਣਾ ਸੀ ਕਿ ਤਿੰਨੋਂ ਨੌਜਵਾਨ ਹੀ ਆਪੋ ਆਪਣੇ ਮਾਪਿਆਂ ਦੇ ਇਕਲੌਤੇ ਪੁੱਤ ਸਨ। ਇਸ ਕਾਰਨ ਇਲਾਕੇ ਭਰ ਵਿਚ ਮਾਤਮ ਛਾਇਆ ਹੋਇਆ ਹੈ।