'Ik Onkar' philosophy prevails: ਹਾਈ ਕੋਰਟ ਵੱਲੋਂ ਸਿੱਖ ਗੁਰਦੁਆਰਾ ਚੋਣਾਂ ਵਿੱਚ ਜਾਤੀ ਆਧਾਰਿਤ ਰਾਖਵੇਂਕਰਨ ਦੀ ਮੰਗ ਕਰਦੀਆਂ ਪਟੀਸ਼ਨਾਂ ਖਾਰਜ
ਸੌਰਭ ਮਲਿਕ
ਚੰਡੀਗੜ੍ਹ, 10 ਜਨਵਰੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇਕ ਫੈਸਲੇ ਵਿਚ ਕਿਹਾ ਕਿ ਸਿੱਖ ਧਾਰਮਿਕ ਸੰਸਥਾ ਦੀਆਂ ਚੋਣਾਂ ਵਿੱਚ ਜਾਤੀ ਜਾਂ ਲਿੰਗ ਆਧਾਰਿਤ ਰਾਖਵਾਂਕਰਨ ਮੰਗਣਾ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਦੇ ਉਲਟ ਹੈ। ਜਸਟਿਸ ਅਨਿਲ ਖੇਤਰਪਾਲ ਅਤੇ ਜਸਟਿਸ ਹਰਪ੍ਰੀਤ ਕੌਰ ਜੀਵਨ ਦੇ ਬੈਂਚ ਨੇ ਸਮਾਨਤਾ ਅਤੇ ਏਕਤਾ ਦੇ ਸਿੱਖ ਫਲਸਫ਼ੇ ਦਾ ਹਵਾਲਾ ਦਿੰਦੇ ਹੋਏ ਕਈ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ। ਪਟੀਸ਼ਨਾਂ ਵਿੱਚ ਦਲੀਲ ਦਿੱਤੀ ਗਈ ਸੀ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਅਨੁਸੂਚਿਤ ਜਾਤੀ, ਪੱਛੜੇ ਵਰਗ, ਔਰਤਾਂ ਨੂੰ ਰਾਖਵਾਂਕਰਨ ਨਾ ਦੇਣਾ ਗੈਰ-ਸੰਵਿਧਾਨਕ ਅਤੇ ਲੋਕ ਪ੍ਰਤੀਨਿਧਤਾ ਐਕਟ ਵਿਚਲੀਆਂ ਵਿਵਸਥਾਵਾਂ ਦੀ ਉਲੰਘਣਾ ਹੈ।
ਬੈਂਚ ਨੇ ਫੈਸਲੇ ਵਿਚ ਕਿਹਾ, ‘‘ਜਾਤ ਅਤੇ ਲਿੰਗ ਦੇ ਆਧਾਰ ’ਤੇ ਰਾਖਵਾਂਕਰਨ ਦੀ ਮੰਗ ਕਰਨਾ ਸਿੱਖ ਧਾਰਮਿਕ ਸੰਸਥਾ ਵਿੱਚ ਚੋਣਾਂ ਦੇ ਉਦੇਸ਼ ਲਈ ਸਿੱਖ ਧਰਮ ਦੇ ਬੇਦਾਗ਼ ਫਲਸਫੇ ਦੇ ਖਿਲਾਫ਼ ਜਾਵੇਗਾ। ਕਿਸੇ ਸੰਸਥਾ ਜਾਂ ਰਾਜ ਨੂੰ ਰਾਖਵਾਂਕਰਨ ਦੀ ਵਿਵਸਥਾ ਕਰਨ ਲਈ ਮਜਬੂਰ ਕਰਨ ਲਈ ਹੁਕਮ ਨਹੀਂ ਦਿੱਤਾ ਜਾ ਸਕਦਾ।’’ ਬੈਂਚ ਨੇ ਕਿਹਾ, ‘‘ਸਿੱਖ ਧਰਮ ਦਾ ਫ਼ਲਸਫ਼ਾ ਸਾਰੇ ਮਨੁੱਖਾਂ ਦੀ ਏਕਤਾ ’ਤੇ ਜ਼ੋਰ ਦਿੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਥਾਪਿਤ ਸਿੱਖ ਧਰਮ ‘ਏਕ ਨੂਰ ਤੇ ਸਭ ਜਗ ਉਪਜਿਆ’ ਦੇ ਸਿਧਾਂਤ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ- ਜੋ ਦਰਸਾਉਂਦਾ ਹੈ ਕਿ ਇੱਕ ਪ੍ਰਕਾਸ਼ ਤੋਂ, ਭਾਵ ਇੱਕ ਵਿਸ਼ਵਵਿਆਪੀ ਸਰੋਤ ਤੋਂ, ਸਾਰਾ ਬ੍ਰਹਿਮੰਡ ਬਣਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ੁਰੂਆਤੀ ਸ਼ਬਦ ‘ਏਕ ਓਂਕਾਰ’ ਹੈ, ਜੋ ਦਰਸਾਉਂਦਾ ਹੈ ਕਿ ਸਿਰਫ਼ ਇੱਕ ‘ਵਿਸ਼ਵਵਿਆਪੀ ਸਿਰਜਣਹਾਰ’ ਹੈ ਭਾਵ ‘ਰੱਬ’ ਜਿਸ ਨੂੰ ‘ਓਂਕਾਰ’ ਕਿਹਾ ਜਾਂਦਾ ਹੈ। ਇਹ ਮਨੁੱਖਤਾ ਦੇ ਸਾਰੇ ਰੂਪਾਂ ਵਿੱਚ ਏਕਤਾ ਨੂੰ ਵੀ ਦਰਸਾਉਂਦਾ ਹੈ।’’ ਬੈਂਚ ਨੇ ਕਿਹਾ, ‘‘ਸਿੱਖ ਧਰਮ ਆਪਣੇ ਦਰਸ਼ਨਾਂ ਅਤੇ ਸਿਧਾਂਤਾਂ ਦੀ ਪਾਲਣਾ ਕਰਦਾ ਹੈ। ‘ਲੰਗਰ’ ਜਾਂ ਭਾਈਚਾਰਕ ਰਸੋਈ ਦੀ ਪ੍ਰਥਾ ਏਕਤਾ ਦੀ ਸਭ ਤੋਂ ਵਧੀਆ ਮਿਸਾਲ ਸੀ। ਲੰਗਰ ਹਾਲ ਉਨ੍ਹਾਂ ਥਾਵਾਂ ਵਿੱਚੋਂ ਇੱਕ ਹਨ ਜਿੱਥੇ ਸਾਰਿਆਂ ਨਾਲ ਬਰਾਬਰ ਵਿਵਹਾਰ ਕੀਤਾ ਜਾਂਦਾ ਹੈ ਅਤੇ ਭੋਜਨ ਪੇਸ਼ ਕੀਤਾ ਜਾਂਦਾ ਹੈ; ਜਿੱਥੇ ਹਾਜ਼ਰ ਲੋਕ ਫਰਸ਼ 'ਤੇ ਬੈਠਦੇ ਹਨ ਅਤੇ ਸਾਦਾ ਭੋਜਨ ਖਾਂਦੇ ਹਨ।’’