Punjab News – Road Accident: ਸਵਾਰੀਆਂ ਨਾਲ ਭਰੀ ਬੱਸ ਨਾਲੇ ’ਚ ਡਿੱਗੀ, ਅੱਠ ਹਲਾਕ
* 27 ਹੋਰ ਸਵਾਰੀਆਂ ਦੀ ਹਾਲਤ ਗੰਭੀਰ
* ਪੁਲ ’ਤੇ ਟਰੱਕ ਨੂੰ ਓਵਰਟੇਕ ਕਰਨ ਮੌਕੇ ਹਾਦਸਾ
ਮਨੋਜ ਸ਼ਰਮਾ/ਜਗਜੀਤ ਸਿੱਧੂ
ਬਠਿੰਡਾ/ਤਲਵੰਡੀ (ਜੀਵਨ ਸਿੰਘ ਵਾਲਾ), 27 ਦਸੰਬਰ
ਸਰਦੂਲਗੜ੍ਹ ਤੋਂ ਬਠਿੰਡਾ ਜਾਣ ਵਾਲੀ ਨਿਊ ਗੁਰੂ ਕਾਸੀ ਪ੍ਰਾਈਵੇਟ ਕੰਪਨੀ ਦੀ ਸਵਾਰੀਆਂ ਨਾਲ ਭਰੀ ਇਕ ਬੱਸ ਅੱਜ ਬਾਅਦ ਦੁਪਹਿਰ 2.20 ਵਜੇ ਦੇ ਕਰੀਬ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਅਤੇ ਕੋਟਸ਼ਮੀਰ ਵਿਚਾਲੇ ਗੰਦੇ ਨਾਲੇ (ਲਸਾੜਾ ਡਰੇਨ) ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਜ਼ਖ਼ਮੀ ਹੋਈਆਂ 46 ਸਵਾਰੀਆਂ ’ਚੋਂ ਅੱਠ ਦੀ ਮੌਤ ਹੋ ਗਈ ਜਦਕਿ 27 ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮ੍ਰਿਤਕਾਂ ਵਿੱਚ ਬਲਕਾਰ ਸਿੰਘ (55) ਪੁੱਤਰ ਸੁਖਦੇਵ ਸਿੰਘ ਵਾਸੀ ਕੋਟਧਰਮੂ ਮਾਨਸਾ, ਮੁਖਤਿਆਰ ਕੌਰ (55) ਪਤਨੀ ਕਰਮ ਸਿੰਘ ਵਾਸੀ ਜੀਵਨ ਸਿੰਘ ਵਾਲਾ, ਮਹਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਰੋਹਣ ਸਿਰਸਾ (ਹਰਿਆਣਾ), ਰਵਨੀਤ ਕੌਰ (17) ਪੁੱਤਰੀ ਹਰਜੀਤ ਸਿੰਘ ਵਾਸੀ ਪਿੰਡ ਜੰਡ ਵਾਲਾ ਮੀਰਾ ਸੰਧਲਾਂ ਫਾਜ਼ਿਲਕਾ, ਅਮਨਦੀਪ ਕੌਰ (30) ਵਾਸੀ ਜੀਵਨ ਸਿੰਘ ਵਾਲਾ, ਪੁਨੀਤ ਕੌਰ (2) ਪੁੱਤਰੀ ਅਮਨਦੀਪ ਕੌਰ ਵਾਸੀ ਜੀਵਨ ਸਿੰਘ ਵਾਲਾ, ਪਰਮਜੀਤ ਕੌਰ (25) ਪਤਨੀ ਪ੍ਰੇਮ ਕੁਮਾਰ ਵਾਸੀ ਹੁਕਮਾਂਵਾਲੀ ਫਤਿਹਾਬਾਦ ਹਰਿਆਣਾ, ਅਰਜੁਨ ਕੁਮਾਰ (35) ਪੁੱਤਰ ਚੰਦ ਸ੍ਰੀ ਕੁਮਾਰ ਬਿਹਾਰ ਸ਼ਾਮਲ ਹਨ। ਤਲਵੰਡੀ ਖੇਤਰ ਵਿੱਚ ਵਾਪਰੇ ਇਸ ਹਾਦਸੇ ਦੇ ਜ਼ਖ਼ਮੀਆਂ ਨੂੰ ਬਠਿੰਡਾ ਅਤੇ ਤਲਵੰਡੀ ਸਾਬੋ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਦੀ ਇਹ ਬੱਸ ਨਾਲੇ ਦੇ ਪੁਲ ’ਤੇ ਇਕ ਟਰੱਕ ਨੂੰ ਓਵਰਟੇਕ ਕਰਨ ਦੇ ਚੱਕਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਉਕਤ ਬੱਸ ਨੰਬਰ ਪੀਬੀ11ਡੀਬੀ-6631 ਬਾਅਦ ਦੁਪਹਿਰ 1 ਵਜੇ ਦੇ ਕਰੀਬ ਸਰਦੂਲਗੜ੍ਹ ਤੋਂ ਤਲਵੰਡੀ ਰਾਹੀਂ ਬਠਿੰਡਾ ਵੱਲ ਰਵਾਨਾ ਹੋਈ ਸੀ। ਹਾਦਸੇ ਮਗਰੋਂ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਅਤੇ ਪ੍ਰਸ਼ਾਸਨ ਨੇ ਬਠਿੰਡਾ ਦੀਆਂ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਣ ਲਈ ਬਚਾਅ ਮੁਹਿੰਮ ਸ਼ੁਰੂ ਕੀਤੀ ਜੋ ਕਿ ਕਈ ਘੰਟੇ ਚੱਲੀ। ਡਰੇਨ ਵਿੱਚ ਜੰਗਲੀ ਬੂਟੀ ਹੋਣ ਕਾਰਨ ਬੱਸ ਨੂੰ ਕੱਢਣ ਵਿੱਚ ਮੁਸ਼ਕਿਲਾਂ ਪੇਸ਼ ਆਈਆਂ, ਜਿਸ ਲਈ ਕਰੇਨਾਂ ਦੀ ਮਦਦ ਲਈ ਗਈ। ਹਾਦਸੇ ਵਿੱਚ ਜ਼ਖ਼ਮੀ ਹੋਈਆਂ ਸਵਾਰੀਆਂ ਨੂੰ ਨਾਲੇ ’ਚੋਂ ਕੱਢ ਕੇ ਬਠਿੰਡਾ ਅਤੇ ਤਲਵੰਡੀ ਸਾਬੋ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਹਾਦਸੇ ਦੀ ਖ਼ਬਰ ਮਿਲਣ ’ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਪਰੇ, ਐੱਸਐੱਸਪੀ ਅਵਨੀਤ ਕੌਂਡਲ ਅਤੇ ਤਲਵੰਡੀ ਸਾਬੋ ਦੇ ਐੱਸਡੀਐੱਮ ਵੀ ਮੌਕੇ ’ਤੇ ਪਹੁੰਚ ਗਏ ਸਨ।
ਕੰਟਰੋਲ ਰੂਮ ਸਥਾਪਤ ਕੀਤਾ
ਡਿਪਟੀ ਕਮਿਸ਼ਨਰ ਸ਼ੌਕਤ ਪਰੇ ਨੇ ਦੱਸਿਆ ਕਿ 46 ਮੁਸਾਫ਼ਰ ਇਸ ਹਾਦਸੇ ਦੀ ਲਪੇਟ ਵਿੱਚ ਆਏ ਹਨ, ਜਿਨ੍ਹਾਂ ਵਿੱਚੋਂ ਅੱਠ ਵਿਅਕਤੀਆਂ ਦੀ ਮੌਤ ਚੁੱਕੀ ਹੈ ਜਦਕਿ ਬਾਕੀਆਂ ਦਾ ਤਲਵੰਡੀ ਸਾਬੋ ਅਤੇ ਜ਼ਿਲ੍ਹਾ ਹਸਪਤਾਲ ਬਠਿੰਡਾ ਵਿੱਚ ਇਲਾਜ ਚੱਲ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੀ ਸੁਵਿਧਾ ਲਈ ਕੰਟਰੋਲ ਰੂਮ ਸਥਾਪਤ ਕੀਤਾ ਹੈ ਜਿਨ੍ਹਾਂ ਦੇ ਮੋਬਾਈਲ ਨੰਬਰ 97801-00498 ਅਤੇ 96468-15951 ਹਨ।