For the best experience, open
https://m.punjabitribuneonline.com
on your mobile browser.
Advertisement

Punjab News: ਪੰਜਾਬ ਸਰਕਾਰ ਡੱਲੇਵਾਲ ਨੂੰ ਮਨਾਉਣ ਵਿੱਚ ਨਾਕਾਮ

05:38 AM Dec 26, 2024 IST
punjab news  ਪੰਜਾਬ ਸਰਕਾਰ ਡੱਲੇਵਾਲ ਨੂੰ ਮਨਾਉਣ ਵਿੱਚ ਨਾਕਾਮ
‘ਆਪ’ ਪ੍ਰਧਾਨ ਅਮਨ ਅਰੋੜਾ ਤੇ ਹੋਰ ਕੈਬਨਿਟ ਮੰਤਰੀ ਖਨੌਰੀ ਬਾਰਡਰ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ।
Advertisement

* ਕਿਸਾਨ ਆਗੂ ਵੱਲੋਂ ਮਰਨ ਵਰਤ ਤੋੜਨ ਤੋਂ ਕੋਰਾ ਜਵਾਬ
* ਵਫ਼ਦ ਨੇ ਡੱਲੇਵਾਲ ਦੇ ਸੰਘਰਸ਼ ਨੂੰ ਜਾਇਜ਼ ਦੱਸਿਆ
* ਸੰਘਰਸ਼ ਦੀ ਮਜ਼ਬੂਤੀ ਲਈ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ

Advertisement

ਸਰਬਜੀਤ ਸਿੰਘ ਭੰਗੂ /ਗੁਰਨਾਮ ਸਿੰਘ ਚੌਹਾਨ
ਪਟਿਆਲਾ /ਪਾਤੜਾਂ, 25 ਦਸੰਬਰ
ਪੰਜਾਬ ਸਰਕਾਰ ਦੀ ਤਕਰੀਬਨ ਅੱੱਧੀ ਕੈਬਨਿਟ ਨੇ ਅੱਜ ਵਫ਼ਦ ਦੇ ਰੂਪ ’ਚ ਢਾਬੀਗੁੱਜਰਾਂ ਬਾਰਡਰ ਪਹੁੰਚ ਕੇ ਪਿਛਲੇ 30 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ। ਵਫਦ ਦੀ ਅਗਵਾਈ ਕਰ ਰਹੇ ‘ਆਪ’ ਦੇ ਸੂਬਾਈ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਡੱਲੇਵਾਲ ਦੇ ਸੰਘਰਸ਼ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਸੰਘਰਸ਼ ਦੀ ਮਜ਼ਬੂਤੀ ਲਈ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ ਤੇ ਹਰ ਸੰਭਵ ਮਦਦ ਲਈ ਤਿਆਰ ਹੈ। ਕੈਬਨਿਟ ਮੰਤਰੀ ਹਾਲਾਂਕਿ ਡੱਲੇਵਾਲ ਨੂੰ ਮਰਨ ਵਰਤ ਛੱਡਣ ਲਈ ਮਨਾਉਣ ਵਿਚ ਨਾਕਾਮ ਰਹੇ। ਡੱਲੇਵਾਲ ਨੇ ਕੈਬਨਿਟ ਮੰਤਰੀਆਂ ਦੀ ਇਸ ਪੇਸ਼ਕਸ਼ ਨੂੰ ਕੋਰੀ ਨਾਂਹ ਕਰ ਦਿੱਤੀ।
ਅਮਨ ਅਰੋੜਾ ਨੇ ਦੱਸਿਆ ਕਿ ਕਿਸਾਨੀ ਮੰਗਾਂ ਦੀ ਪੂਰਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ, ਪਰ ਅਜਿਹੇ ਗੰਭੀਰ ਮੌਕੇ ’ਤੇ ਵੀ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਵਫ਼ਦ ਨੇ ਡੱਲੇਵਾਲ਼ ਨੂੰ ਬੇਨਤੀ ਕੀਤੀ ਹੈ ਕਿ ਉਹ ਭੁੱਖ ਹੜਤਾਲ਼ ਭਾਵੇਂ ਜਾਰੀ ਰੱਖਣ, ਪਰ ਡਾਕਟਰਾਂ ਨੂੰ ਇਲਾਜ ਦੀ ਆਗਿਆ ਦੇਣ, ਤਾਂ ਜੋ ਉਨ੍ਹਾਂ ਦੀ ਕੀਮਤੀ ਜਾਨ ਬਚਾਈ ਜਾ ਸਕੇ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਪੰਜਾਬ ਸਰਕਾਰ ਦਾ ਡੱਲੇਵਾਲ ਨੂੰ ਧਰਨੇ ਵਾਲੀ ਥਾਂ ਤੋਂ ਜਬਰੀ ਚੁੱਕ ਕੇ ਲਿਜਾਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਤਰਕ ਦਿੱਤਾ ਕਿ ਪੰਜਾਬ ਸਰਕਾਰ ਡੱਲੇਵਾਲ ਦੀ ਜਾਨ ਬਚਾਉਣਾ ਚਾਹੁੰਦੀ ਹੈ, ਜਿਸ ਕਰਕੇ ਉਹ ਅੱਜ ਉਨ੍ਹਾਂ ਨੂੰ ਮਰਨ ਵਰਤ ਤਿਆਗਣ ਸਬੰਧੀ ਬੇਨਤੀ ਕਰਨ ਲਈ ਆਏ ਹਨ। ਡੱਲੇਵਾਲ ਨੂੰ ਮਿਲਣ ਆਏ ਵਫਦ ਵਿਚ ਅਮਨ ਅਰੋੜਾ ਤੋਂ ਇਲਾਵਾ ਡਾ. ਬਲਬੀਰ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਖੁੱਡੀਆਂ, ਹਰਦੀਪ ਸਿੰਘ ਮੁੰਡੀਆਂ, ਲਾਲਜੀਤ ਸਿੰਘ ਭੁੱਲਰ, ਬਰਿੰਦਰ ਕੁਮਾਰ ਗੋਇਲ ਅਤੇ ਤਰਨਜੀਤ ਸਿੰਘ ਸੌਂਧ ਅੱਠ ਮੰਤਰੀਆਂ ਸਮੇਤ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਤੇ ਚੇਅਰਮੈਨ ਰਵੀ ਆਹਲੂਵਾਲੀਆ ਆਦਿ ਵੀ ਮੌਜੂਦ ਸਨ। ਮੰਤਰੀਆਂ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਵੀ ਡੱਲੇਵਾਲ ਨਾਲ ਮੁਲਾਕਾਤ ਕੀਤੀ। ਮੁਲਾਕਾਤ ਉਪਰੰਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਸਮੇਤ ਸਮੁੱਚੀ ਲੋਕਾਈ ਨੂੰ ਬਚਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਬੇਰੁਖੀ ਨੂੰ ਦੇਖਦਿਆਂ ਇਹ ਸੰਘਰਸ਼ ਲੰਮਾ ਚੱਲ ਸਕਦਾ ਹੈ ਜਿਸ ਦੀ ਅਗਵਾਈ ਲਈ ਡੱਲੇਵਾਲ ਵਰਗੇ ਨੇਤਾ ਦੀ ਵਧੇਰੇ ਲੋੜ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਡੱਲੇਵਾਲ ਨੂੰ ਮਰਨ ਵਰਤ ਤਿਆਗਣ ਦੀ ਅਪੀਲ ਕੀਤੀ ਹੈ।

Advertisement

ਪੰਜਾਬ ਬੰਦ ਬਾਰੇ ਕਿਸਾਨ ਆਗੂਆਂ ਦੀ ਖਨੌਰੀ ਬਾਰਡਰ ’ਤੇ ਮੀਟਿੰਗ ਅੱਜ

ਚੰਡੀਗੜ੍ਹ (ਟਨਸ):

ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ 30 ਦਸੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਵੀਰਵਾਰ ਨੂੰ ਖਨੌਰੀ ਬਾਰਡਰ ਉੱਤੇ ਪੰਜਾਬ ਦੀਆਂ ਸਮੂਹ ਧਾਰਮਿਕ, ਸਮਾਜਿਕ, ਵਪਾਰਕ, ਸਭਿਆਚਾਰਕ, ਮੁਲਾਜ਼ਮ, ਮਜ਼ਦੂਰ, ਨੰਬਰਦਾਰ, ਡਰਾਈਵਰ ਤੇ ਵਿਦਿਆਰਥੀ ਜਥੇਬੰਦੀਆਂ ਦੀ ਬੈਠਕ ਸੱਦੀ ਹੈ। ਮੀਟਿੰਗ ਵਿੱਚ ਪੰਜਾਬ ਬੰਦ ਦੇ ਸੱਦੇ ਨੂੰ ਸ਼ਾਂਤਮਈ ਢੰਗ ਨਾਲ ਸਫ਼ਲ ਬਣਾਉਣ ਲਈ ਰਣਨੀਤੀ ਘੜੀ ਜਾਵੇਗੀ।

ਡੀਸੀ ਦਫ਼ਤਰਾਂ ਅੱਗੇ ਕਿਸਾਨਾਂ ਦੇ ਧਰਨੇ ਅੱਜ

ਪਟਿਆਲਾ (ਸਰਬਜੀਤ ਸਿੰਘ ਭੰਗੂ):

ਕਿਸਾਨ 26 ਦਸੰਬਰ ਨੂੰ ਡੀਸੀ ਅਤੇ ਐੱਸਡੀਐੱਮ ਦਫ਼ਤਰਾਂ ਮੂਹਰੇ ਧਰਨੇ ਦਿੰਦਿਆਂ ਭੁੱਖ ਹੜਤਾਲ਼ ਰੱਖਣਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ਼ ਧਰੋਹ ਕਮਾ ਰਹੀ ਹੈ। ਉਨ੍ਹਾਂ ਕਿਹਾ ਕਿ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਬਾਕੀ ਸਾਰੀਆਂ 12 ਮੰਗਾਂ ਦੀ ਪੂਰਤੀ ਤੱਕ ਇਹ ਅੰਦੋਲਨ ਜਾਰੀ ਰਹੇਗਾ। ਪੰਜਾਬ ਬੰਦ ਨੂੰ ਸਫ਼ਲ ਬਣਾਉਣ ਦੀ ਕੜੀ ਵਜੋਂ ਕਿਸਾਨ ਯੂਨੀਅਨ ਭਟੇੜੀ ਦੇ ਆਗੂ ਗੁਰਧਿਆਨ ਸਿੰਘ ਸਿਓਣਾ ਅਤੇ ਬਲਕਾਰ ਸਿੰਘ ਬੈਂਸ ਸਮੇਤ ਹੋਰਾਂ ਨੇ ਅੱਜ ਨੁੱਕੜ ਮੀਟਿੰਗਾਂ ਕੀਤੀਆਂ।

ਪੰਜਾਬ ਸਰਕਾਰ ਇੰਨਾ ਜ਼ੋਰ ਕੇਂਦਰ ’ਤੇ ਲਾਏ ਤਾਂ ਹਾਲਾਤ ਕੁਝ ਹੋਰ ਹੋਣ: ਡੱਲੇਵਾਲ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਮਿਲਣ ਆਏ ਪੰਜਾਬ ਸਰਕਾਰ ਦੇ ਮੰਤਰੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ, ਪਰ ਜਿੰਨੀ ਤਾਕਤ ਸੂਬਾ ਸਰਕਾਰ ਉਨ੍ਹਾਂ ਦਾ ਮਰਨ ਵਰਤ ਤੁੜਵਾਉਣ ਲਈ ਵਰਤ ਰਹੀ ਹੈ, ਜੇ ਇੰਨਾ ਜ਼ੋਰ ਕੇਂਦਰ ਸਰਕਾਰ ’ਤੇ ਲਾਉਣ ਤਾਂ ਸ਼ਾਇਦ ਹਾਲਾਤ ਕੁਝ ਹੋਰ ਹੋਣ। ਡੱਲੇਵਾਲ ਨੇ ਕੈਬਨਿਟ ਮੰਤਰੀਆਂ ਦੇ ਵਫ਼ਦ ਨੂੰ ਸਵਾਲ ਕੀਤਾ ਕਿ ਪੰਜਾਬ ਸਰਕਾਰ ਨੇ ਕਿਸਾਨੀ ਮੁੱਦੇ ’ਤੇ ਹੁਣ ਤੱਕ ਕੀ ਕੀਤਾ ਹੈ। ਮੰਤਰੀਆਂ ਦਾ ਹਾਲਾਂਕਿ ਜਵਾਬ ਸੀ ਕਿ ਉਹ ਸੰਜੀਦਗੀ ਨਾਲ ਲੱਗੇ ਹੋਏ ਹਨ ਤੇ ਜਲਦੀ ਹੀ ਸਿੱਟੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਡੱਲੇਵਾਲ ਨੇ ਕਿਹਾ ਕਿ ‘ਆਪ’ ਸਰਕਾਰ ਨੂੰ ਹੋਰਨਾਂ ਹਮਖਿਆਲੀ ਮੁੱਖ ਮੰਤਰੀਆਂ ਨਾਲ ਤਾਲਮੇਲ ਬਣਾ ਕੇ ਕਿਸਾਨੀ ਮੰਗਾਂ ਸਬੰਧੀ ਕੇਂਦਰ ਸਰਕਾਰ ’ਤੇ ਦਬਾਅ ਬਣਾਉਣਾ ਚਾਹੀਦਾ ਹੈ। ਉਧਰ ਡਾਕਟਰਾਂ ਵੱਲੋਂ ਲੰਘੇ ਦਿਨ ਕੀਤੇ ਟੈਸਟਾਂ ਦੀ ਅੱਜ ਆਈ ਰਿਪੋਰਟ ਠੀਕ ਹੈ।

Advertisement
Author Image

joginder kumar

View all posts

Advertisement