For the best experience, open
https://m.punjabitribuneonline.com
on your mobile browser.
Advertisement

Manmohan Singh dies: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਦੇਹਾਂਤ

06:34 AM Dec 27, 2024 IST
manmohan singh dies  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਦੇਹਾਂਤ
1932- 2024
Advertisement

* ਰਾਜਸੀ ਸਨਮਾਨਾਂ ਨਾਲ ਹੋਵੇਗਾ ਸਸਕਾਰ
* ਕਾਂਗਰਸ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕੀਤੇ

Advertisement

ਨਵੀਂ ਦਿੱਲੀ, 26 ਦਸੰਬਰ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਅੱਜ ਇਥੇ ਏਮਸ ਵਿਚ ਦੇਹਾਂਤ ਹੋ ਗਿਆ। ਉਹ 92 ਸਾਲਾਂ ਦੇ ਸਨ। ਉਨ੍ਹਾਂ ਰਾਤ 9:51 ਵਜੇ ਆਖਰੀ ਸਾਹ ਲਏ। ਉਹ ਅੱਜ ਸ਼ਾਮੀਂ ਅਚਾਨਕ ਬੇਸੁੱਧ ਹੋ ਗਏ ਜਿਸ ਮਗਰੋਂ ਉਨ੍ਹਾਂ ਨੂੰ ਰਾਤੀਂ 8:06 ਵਜੇ ਏਮਸ ਦੇ ਐਮਰਜੈਂਸੀ ਵਿਭਾਗ ਵਿਚ ਭਰਤੀ ਕਰਵਾਇਆ ਗਿਆ ਸੀ।

Advertisement

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਆਪਣੇ ਪਰਿਵਾਰ ਨਾਲ ਫਾਈਲ ਫੋਟੋ।

ਉਹ ਪਿਛਲੇ ਕੁਝ ਸਮੇਂ ਤੋਂ ਉਮਰ ਨਾਲ ਜੁੜੇ ਸਿਹਤ ਵਿਗਾੜਾਂ ਨਾਲ ਜੂਝ ਰਹੇ ਸਨ। ਸੂਤਰਾਂ ਮੁਤਾਬਕ ਸਰਕਾਰ ਨੇ ਦੇਸ਼ ’ਚ 7 ਦਿਨ ਦਾ ਸੋਗ ਐਲਾਨ ਦਿੱਤਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਰਾਜਸੀ ਸਨਮਾਨਾਂ ਨਾਲ ਕੀਤਾ ਜਾਵੇਗਾ। ਸਾਬਕਾ ਪ੍ਰਧਾਨ ਮੰਤਰੀ ਦੇ ਦੇਹਾਂਤ ਦਾ ਪਤਾ ਲੱਗਦੇ ਹੀ ਭਾਜਪਾ ਪ੍ਰਧਾਨ ਜੇਪੀ ਨੱਢਾ ਤੇ ਕਾਂਗਰਸ ਐੱਮਪੀ ਪ੍ਰਿਯੰਕਾ ਗਾਂਧੀ ਵਾਡਰਾ ਏਮਸ ਪਹੁੰਚ ਗਏ ਸਨ। ਉਧਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੀ ਕਰਨਾਟਕ ਦੇ ਬੇਲਗਾਵੀ ਵਿਚ ਅੱਜ ਤੋਂ ਸ਼ੁਰੂ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਦੋ ਰੋਜ਼ਾ ਬੈਠਕ ਵਿਚਾਲੇ ਛੱਡ ਕੇ ਦਿੱਲੀ ਪਰਤ ਆਏ ਹਨ।

ਮਨਮੋਹਨ ਸਿੰਘ ਤੇ ਸੋਨੀਆ ਗਾਂਧੀ।

ਇਸ ਦੌਰਾਨ ਕਾਂਗਰਸ ਨੇ ਆਪਣੇ ਸਾਰੇ ਤਜਵੀਜ਼ਤ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਣੇ ਦੇਸ਼-ਵਿਦੇਸ਼ ਦੀਆਂ ਸਿਆਸੀ ਹਸਤੀਆਂ ਨੇ ਡਾ.ਮਨਮੋਹਨ ਸਿੰਘ ਦੇ ਦੇਹਾਂਤ ’ਤੇੇ ਦੁੱਖ ਦਾ ਇਜ਼ਹਾਰ ਕੀਤਾ ਹੈ। ਮਨਮੋਹਨ ਸਿੰਘ 2004 ਤੋਂ 2014 ਤੱਕ ਯੂਪੀਏ ਸਰਕਾਰ ’ਚ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਵੀ ਸੇਵਾਵਾਂ ਨਿਭਾਈਆਂ। ਉਹ ਇਸ ਸਾਲ ਅਪਰੈਲ ਵਿੱਚ ਰਾਜ ਸਭਾ ਤੋਂ ਸੇਵਾਮੁਕਤ ਹੋਏ ਸਨ। ਉਂਝ ਉਹ ਅਸਾਮ ਤੋਂ ਪੰਜ ਵਾਰ ਰਾਜ ਸਭਾ ਮੈਂਬਰ ਰਹੇ ਤੇ 2019 ਵਿਚ ਰਾਜਸਥਾਨ ਤੋਂ ਉਪਰਲੇ ਸਦਨ ਦੇ ਮੈਂਬਰ ਬਣੇ। ਡਾ. ਮਨਮੋਹਨ ਸਿੰਘ ਨੂੰ 1987 ’ਚ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ 1995 ’ਚ ਭਾਰਤੀ ਸਾਇੰਸ ਕਾਂਗਰਸ ਦੇ ਜਵਾਹਰਲਾਲ ਨਹਿਰੂ ਜਨਮ ਸ਼ਤਾਬਦੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਇਸੇ ਤਰ੍ਹਾਂ ਉਨ੍ਹਾਂ ਨੂੰ 1993 ਅਤੇ 1994 ’ਚ ਸਾਲ ਦੇ ਬਿਹਤਰੀਨ ਵਿੱਤ ਮੰਤਰੀ ਵਜੋਂ ਏਸ਼ੀਆ ਮਨੀ ਐਵਾਰਡ ਮਿਲਿਆ ਸੀ। ਸਾਬਕਾ ਪ੍ਰਧਾਨ ਮੰਤਰੀ ਨੂੰ ਦੇਸ਼ ਵਿਦੇਸ਼ ਦੀਆਂ ਕਈ ਜਥੇਬੰਦੀਆਂ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ। ਆਪਣੇ ਸਿਆਸੀ ਕਰੀਅਰ ਦੌਰਾਨ ਡਾ. ਮਨਮੋਹਨ ਸਿੰਘ 1991 ਤੋਂ ਲੈ ਕੇ ਭਾਰਤੀ ਸੰਸਦ ਦੇ ਉਪਰਲੇ ਸਦਨ (ਰਾਜ ਸਭਾ) ਦੇ ਮੈਂਬਰ ਰਹੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਡਾ. ਮਨਮੋਹਨ ਸਿੰਘ ਦੀ ਪੁਰਾਣੀ ਤਸਵੀਰ।

ਉਹ 1998 ਤੋਂ 2004 ਦੌਰਾਨ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਵੀ ਰਹੇ। ਉਹ 2004 ਦੀਆਂ ਆਮ ਚੋਣਾਂ ਮਗਰੋਂ 22 ਮਈ ਨੂੰ ਪ੍ਰਧਾਨ ਮੰਤਰੀ ਬਣੇ ਸਨ ਤੇ 22 ਮਈ 2009 ਨੂੰ ਉਨ੍ਹਾਂ ਨੇ ਦੂਜੀ ਵਾਰ ਅਹੁਦੇ ਦਾ ਹਲਫ਼ ਲਿਆ ਸੀ। ਡਾ. ਮਨਮੋਹਨ ਸਿੰਘ ਦੇ ਪਿੱਛੇ ਪਰਿਵਾਰ ’ਚ ਪਤਨੀ ਗੁਰਸ਼ਰਨ ਕੌਰ ਤੇ ਤਿੰਨ ਧੀਆਂ ਹਨ। ਡਾ. ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਅਣਵੰਡੇ ਭਾਰਤ ਵਿਚ ਪੰਜਾਬ ਦੇ ਇਕ ਪਿੰਡ ਵਿਚ ਹੋਇਆ ਸੀ। ਉਨ੍ਹਾਂ 1948 ਵਿਚ ਪੰਜਾਬ ਯੂਨੀਵਰਸਿਟੀ ਤੋਂ ਮੈਟਰਿਕ ਪਾਸ ਕੀਤੀ। ਉਨ੍ਹਾਂ ਦਾ ਅਕਾਦਮਿਕ ਕਰੀਅਰ ਉਨ੍ਹਾਂ ਨੂੰ ਪੰਜਾਬ ਤੋਂ ਯੂਕੇ ਦੀ ਕੈਬਰਿਜ ਯੂਨੀਵਰਸਿਟੀ ਲੈ ਕੇ ਗਿਆ, ਜਿੱਥੇ ਉਨ੍ਹਾਂ 1957 ਵਿਚ ਇਕਨਾਮਿਕਸ ’ਚ ਪਹਿਲੇ ਦਰਜੇ ’ਚ ਆਨਰਜ਼ ਡਿਗਰੀ ਲਈ। ਮਗਰੋਂ ਉਨ੍ਹਾਂ 1962 ਵਿਚ ਆਕਸਫੋਰਡ ਯੂਨੀਵਰਸਿਟੀ ਦੇ ਨਫਫੀਲਡ ਕਾਲਜ ਤੋਂ ਇਕਨਾਮਿਕਸ ਵਿਚ ਡੀ.ਫਿਲ ਕੀਤੀ। -ਏਜੰਸੀਆਂ

ਡਾ. ਮਨਮੋਹਨ ਸਿੰਘ ਨੇ ਜਦੋਂ ਲੋਕ ਸਭਾ ਵਿੱਚ ਸ਼ੇਅਰੋ-ਸ਼ਾਇਰੀ ਰਾਹੀਂ ਕੱਸੇ ਸਨ ਤਨਜ਼

ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ’ਚ ਮਨਮੋਹਨ ਸਿੰਘ ਨੂੰ ਵਿਵਾਦਤ ਮੁੱਦਿਆਂ ’ਤੇ ਆਪਣੀ ਸਰਕਾਰ ਦੇ ਰਿਕਾਰਡ ਅਤੇ ਕਾਂਗਰਸ ਦੇ ਰੁਖ਼ ਦਾ ਬਚਾਅ ਕਰਦਿਆਂ ਦੇਖਿਆ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਉਹ ਇਕ ਕਮਜ਼ੋਰ ਪ੍ਰਧਾਨ ਮੰਤਰੀ ਨਹੀਂ ਹਨ। ਮਨਮੋਹਨ ਸਿੰਘ ਨੇ ਉਦੋਂ ਕਿਹਾ ਸੀ, ‘‘ਮੈਂ ਇਮਾਨਦਾਰੀ ਨਾਲ ਉਮੀਦ ਕਰਦਾ ਹਾਂ ਕਿ ਸਮਕਾਲੀ ਮੀਡੀਆ ਜਾਂ ਉਸ ਮਾਮਲੇ ’ਚ ਸੰਸਦ ’ਚ ਵਿਰੋਧੀ ਧਿਰਾਂ ਦੀ ਤੁਲਨਾ ’ਚ ਇਤਿਹਾਸ ਮੇਰੇ ਪ੍ਰਤੀ ਵਧੇਰੇ ਦਿਆਲੂ ਹੋਵੇਗਾ।’’ ਪੰਦਰਵੀਂ ਲੋਕ ਸਭਾ ’ਚ ਇਕ ਬਹਿਸ ਦੌਰਾਨ ਮਨਮੋਹਨ ਸਿੰਘ ਅਤੇ ਭਾਜਪਾ ਆਗੂ ਸੁਸ਼ਮਾ ਸਵਰਾਜ ਨੇ ਸ਼ੇਅਰੋ-ਸ਼ਾਅਰੀ ਰਾਹੀਂ ਇਕ-ਦੂਜੇ ’ਤੇ ਤਨਜ਼ ਕੱਸੇ ਸਨ। ਡਾਕਟਰ ਮਨਮੋਹਨ ਸਿੰਘ ਨੇ ਭਾਜਪਾ ’ਤੇ ਨਿਸ਼ਾਨੇ ਸੇਧਦਿਆਂ ਮਿਰਜ਼ਾ ਗਾਲਿਬ ਦਾ ਮਸ਼ਹੂਰ ਸ਼ੇਅਰ ਪੜ੍ਹਿਆ ਸੀ, ‘‘ਹਮ ਕੋ ਵਫ਼ਾ ਕੀ ਹੈ ਉਮੀਦ, ਜੋ ਨਹੀਂ ਜਾਨਤੇ ਵਫ਼ਾ ਕਿਆ ਹੈ।’’ ਇਸ ਦੇ ਜਵਾਬ ’ਚ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਜੇ ਸ਼ੇਅਰ ਦਾ ਜਵਾਬ ਦੂਜੇ ਸ਼ੇਅਰ ਨਾਲ ਨਾ ਦਿੱਤਾ ਜਾਵੇ ਤਾਂ ਕਰਜ਼ਾ ਬਾਕੀ ਰਹਿ ਜਾਵੇਗਾ। ਉਨ੍ਹਾਂ ਬਸ਼ੀਰ ਬਦਰ ਦਾ ਮਸ਼ਹੂਰ ਸ਼ੇਅਰ ਪੜ੍ਹਦਿਆਂ ਕਿਹਾ, ‘‘ਕੁਛ ਤੋਂ ਮਜਬੂਰੀਆਂ ਰਹੀ ਹੋਂਗੀ, ਯੂੰ ਹੀ ਕੋਈ ਬੇਵਫ਼ਾ ਨਹੀਂ ਹੋਤਾ।’’ ਇਸ ਮਗਰੋਂ ਸੁਸ਼ਮਾ ਨੇ ਦੂਜਾ ਸ਼ੇਅਰ ਵੀ ਪੜ੍ਹਿਆ ਸੀ, ‘‘ਤੁਮਹੇ ਵਫ਼ਾ ਯਾਦ ਨਹੀਂ, ਹਮੇਂ ਜਫ਼ਾ ਯਾਦ ਨਹੀਂ, ਜ਼ਿੰਦਗੀ ਔਰ ਮੌਤ ਕੇ ਦੋ ਹੀ ਤਰਾਨੇ ਹੈਂ, ਏਕ ਤੁਮਹੇ ਯਾਦ ਨਹੀਂ, ਏਕ ਹਮੇਂ ਯਾਦ ਨਹੀਂ।’’ ਮਨਮੋਹਨ ਸਿੰਘ ਨੇ ਇਕਬਾਲ ਦੇ ਇਕ ਸ਼ੇਅਰ ਦਾ ਜ਼ਿਕਰ ਕਰਦਿਆਂ ਕਿਹਾ ਸੀ, ‘‘ਮਾਨਾ ਕੇ ਤੇਰੇ ਦੀਦ ਕੇ ਕਾਬਿਲ ਨਹੀਂ ਹੂੰ ਮੈਂ, ਤੂੰ ਮੇਰਾ ਸ਼ੌਕ ਦੇਖ, ਮੇਰਾ ਇੰਤਜ਼ਾਰ ਦੇਖ।’’ ਇਸ ’ਤੇ ਸੁਸ਼ਮਾ ਨੇ ਕਿਹਾ ਸੀ, ‘‘ਨਾ ਇਧਰ-ਉਧਰ ਕੀ ਤੂੰ ਬਾਤ ਕਰ, ਯੇ ਬਤਾ ਕਿ ਕਾਫ਼ਿਲਾ ਕਿਉਂ ਲੁਟਾ, ਹਮੇਂ ਰਹਿਜਨੋਂ ਸੇ ਗਿਲਾ ਨਹੀਂ, ਤੇਰੀ ਰਹਿਬਰੀ ਕਾ ਸਵਾਲ ਹੈ।’’

ਡਾ. ਮਨਮੋਹਨ ਿਸੰਘ ਦੇ ਦੇਹਾਂਤ ਨਾਲ ਦੇਸ਼ ਨੂੰ ਵੱਡਾ ਘਾਟਾ ਪਿਆ। ਉਨ੍ਹਾਂ ਨੂੰ ਆਰਥਿਕ ਮੁਹਾਜ਼ ’ਤੇ ਅਹਿਮ ਫੈਸਲੇ ਲੈਣ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। -ਰਾਸ਼ਟਰਪਤੀ ਦਰੋਪਦੀ ਮੁਰਮੂ

ਉਨ੍ਹਾਂ ਦਲੇਰੀ ਨਾਲ ਦੇਸ਼ ਨੂੰ ਨਾਜ਼ੁਕ ਤਬਦੀਲੀ ਦੇ ਦੌਰ ’ਚੋਂ ਕੱਢਿਆ, ਵਿਕਾਸ ਅਤੇ ਖੁਸ਼ਹਾਲੀ ਲਈ ਨਵੇਂ ਰਸਤੇ ਖੋਲ੍ਹੇ -ਉਪ ਰਾਸ਼ਟਰਪਤੀ ਜਗਦੀਪ ਧਨਖੜ

ਮਨਮੋਹਨ ਸਿੰਘ ਪ੍ਰਭਾਵਸ਼ਾਲੀ ਆਗੂਆਂ ’ਚੋਂ ਇਕ ਸਨ, ਜਿਨ੍ਹਾਂ ਆਰਥਿਕ ਨੀਤੀ ’ਤੇ ਡੂੰਘੀ ਛਾਪ ਛੱਡੀ -ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਭਾਰਤ ਨੇ ਦੂਰਅੰਦੇਸ਼ ਸੋਚ ਅਤੇ ਬੇਮਿਸਾਲ ਇਮਾਨਦਾਰ ਆਗੂ ਗੁਆ ਲਿਆ ਹੈ -ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ

ਮੈਂ ਇੱਕ ਮਾਰਗਦਰਸ਼ਕ ਗੁਆ ਲਿਆ ਹੈ, ਜਿਨ੍ਹਾਂ ਆਪਣੀ ਹਲੀਮੀ ਤੇ ਅਰਥਚਾਰੇ ਦੀ ਡੂੰਘੀ ਸਮਝ ਨਾਲ ਦੇਸ਼ ਨੂੰ ਪ੍ਰੇਰਿਤ ਕੀਤਾ -ਰਾਹੁਲ ਗਾਂਧੀ

Advertisement
Author Image

joginder kumar

View all posts

Advertisement