Punjab News: ਨਾਭਾ ਜੇਲ੍ਹ ਬਰੇਕ: ਨੌਂ ਸਾਲ ਪਹਿਲਾਂ ਫਰਾਰ ਹੋਇਆ ਕਸ਼ਮੀਰ ਸਿੰਘ ਗ੍ਰਿਫ਼ਤਾਰ
ਮੋਹਿਤ ਸਿੰਗਲਾ
ਨਾਭਾ, 11 ਮਈ
ਨਾਭਾ ਜੇਲ੍ਹ ਬਰੇਕ 2016 ਦੌਰਾਨ ਫਰਾਰ ਹੋਇਆ ਖਾਲਿਸਤਾਨ ਲਿਬਰੇਸ਼ਨ ਫੈਡਰੇਸ਼ਨ ਦਾ ਆਗੂ ਕਸ਼ਮੀਰ ਸਿੰਘ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਾਭਾ ਦੇ ਡੀਐਸਪੀ ਮਨਦੀਪ ਕੌਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕਸ਼ਮੀਰ ਸਿੰਘ ਨੂੰ ਐਨਆਈਏ ਨੇ ਨੇਪਾਲ ਬਾਰਡਰ ਕੋਲੋਂ ਫੜਿਆ ਹੈ। ਕਸ਼ਮੀਰ ਸਿੰਘ ਵੱਖ ਵੱਖ ਇਲਾਕਿਆਂ ਵਿੱਚ ਕਈ ਕੇਸਾਂ ਵਿੱਚ ਲੋੜੀਂਦਾ ਸੀ ਤੇ ਉਸ ਨੂੰ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਨਾਭਾ ਵੀ ਲਿਆਂਦਾ ਜਾਵੇਗਾ।
ਜਾਣਕਾਰੀ ਅਨੁਸਾਰ 2023 ਵਿੱਚ ਐਨਆਈਏ ਨੇ ਕਸ਼ਮੀਰ ਸਿੰਘ ਦੀ ਸੂਹ ਦੇਣ ਵਾਲੇ ਨੂੰ 10 ਲੱਖ ਦੇ ਇਨਾਮ ਦੀ ਘੋਸ਼ਣਾ ਵੀ ਕੀਤੀ ਸੀ। 2022 ਵਿੱਚ ਮੁਹਾਲੀ ਪੁਲੀਸ ਹੈਡਕੁਆਰਟਰ ਉੱਪਰ ਹੋਏ ਗ੍ਰਨੇਡ ਹਮਲੇ ਦੇ ਦੋਸ਼ੀਆਂ ਦੀ ਮਦਦ ਕਰਨ ਵਾਲਿਆਂ ਵਿੱਚ ਵੀ ਕਸ਼ਮੀਰ ਸਿੰਘ ਦਾ ਨਾਮ ਦੱਸਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ 2016 ਵਿੱਚ ਲਗਪਗ ਦੋ ਦਰਜਨ ਜਣਿਆਂ ਵਲੋਂ ਨਾਭਾ ਜੇਲ੍ਹ ਉੱਪਰ ਹਮਲਾ ਕਰਕੇ ਛੇ ਕੈਦੀ ਛੁਡਵਾ ਲਏ ਗਏ ਸਨ ਜਿਨ੍ਹਾਂ ਵਿੱਚ ਚਾਰ ਗੈਂਗਸਟਰ ਤੇ ਕਸ਼ਮੀਰ ਸਿੰਘ ਸਮੇਤ ਦੋ ਕੇਐਲਐੱਫ ਆਗੂ ਸ਼ਾਮਲ ਸਨ। ਬਾਕੀ ਪੰਜ ਫਰਾਰ ਕੈਦੀਆਂ ਵਿੱਚੋ ਚਾਰ ਪੁਲੀਸ ਨੇ ਮੁੜ ਗ੍ਰਿਫਤਾਰ ਕਰ ਲਏ ਸਨ ਤੇ ਇੱਕ ਗੈਂਗਸਟਰ ਵਿੱਕੀ ਗੌਂਡਰ ਦੀ ਐਨਕਾਉਂਟਰ ਵਿਚ ਮੌਤ ਹੋ ਗਈ ਸੀ। ਦੂਜਾ ਕੇਐਲਐੱਫ ਆਗੂ ਹਰਮਿੰਦਰ ਸਿੰਘ ਮਿੰਟੂ ਦੀ ਜੇਲ੍ਹ ਵਿੱਚ ਮੌਤ ਹੋ ਗਈ ਸੀ ਤੇ ਕਸ਼ਮੀਰ ਸਿੰਘ ਦੀ 2016 ਤੋਂ ਭਾਲ ਜਾਰੀ ਸੀ। ਹਾਲਾਂਕਿ ਜੇਲ ਬ੍ਰੇਕ ਮਾਮਲੇ ਵਿੱਚ ਦੋ ਜੇਲ੍ਹ ਅਧਿਕਾਰੀਆਂ ਅਤੇ 3 ਫਰਾਰ ਕੈਦੀਆਂ ਸਮੇਤ 22 ਨੂੰ ਅਦਾਲਤ ਵੱਲੋ ਸਜ਼ਾ ਸੁਣਾਈ ਜਾ ਚੁੱਕੀ ਹੈ।