Punjab News: ਮੇਲਾ ਮਾਘੀ: 19 ਸਾਲ ਬਾਅਦ ਵੀ ਨਾ ਤੁਰੀ ਚਾਲ਼ੀ ਮੁਕਤਿਆਂ ਦੀ ਸ਼ਹੀਦੀ ਯਾਦਗਾਰ ਦੀ ਗੱਲ
2 ਮਈ, 2005 ਨੂੰ ਬੀਬੀ ਜਗੀਰ ਕੌਰ ਤੇ ਪ੍ਰਕਾਸ਼ ਸਿੰਘ ਬਾਦਲ ਨੇ ਰੱਖਿਆ ਦੀ ਨੀਂਹ ਪੱਥਰ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ
Punjab News: ਜਿਉਂ ਹੀ ਸ੍ਰੀ ਮੁਕਤਸਰ ਸਾਹਿਬ ਦੇ ਮੇਲਾ ਮਾਘੀ ਦਾ ਜ਼ਿਕਰ ਹੁੰਦਾ ਹੈ ਤਾਂ 19 ਸਾਲ 8 ਮਹੀਨੇ ਪਹਿਲਾਂ 2 ਮਈ 2005 ਨੂੰ ਮਾਈ ਭਾਗੋ ਤੇ ਚਾਲ਼ੀ ਮੁਕਤਿਆਂ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯਾਦਗਾਰ ਬਣਾਉਣ ਦੇ ਰੱਖੇ ਨੀਂਹ ਪੱਥਰ ਦੀ ਆਮ ਲੋਕ ਤਾਂ ਚਰਚਾ ਕਰਦੇ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਹੁਣ ਕੋਈ ਵੀ ਧਾਰਮਿਕ ਜਾਂ ਸਿਆਸੀ ਆਗੂ ਇਸ ਯਾਦਗਾਰ ਦੀ ਗੱਲ ਨਹੀਂ ਕਰਦਾ।
ਇਹ ਨੀਂਹ ਪੱਥਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸਵਰਗੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੱਖਿਆ ਗਿਆ ਸੀ। ਯਾਦਗਾਰ ਦਾ ਨਾਂ ‘ਮਾਈ ਭਾਗੋ ਤੇ ਚਾਲ਼ੀ ਮੁਕਤਿਆਂ ਦੀ ਸ਼ਹੀਦੀ ਯਾਦਗਾਰ’ ਤੈਅ ਕੀਤਾ ਗਿਆ ਸੀ।ਗੁਰਦੁਆਰਾ ਟਿੱਬੀ ਸਾਹਿਬ ਕੰਪਲੈਕਸ ਵਿਖੇ ਇਹ ਯਾਦਗਾਰ ਬਣਨੀ ਸੀ।
ਕੀਤੇ ਐਲਾਨ ਅਨੁਸਾਰ ਇਸ ਜਗ੍ਹਾ ਉਪਰ ਮੁਕਤਿਆਂ ਦੀ ਯਾਦ ਵਿਚ ਇਕ ਲਾਸਾਨੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੀ ਸਮਾਰਕ ਦੀਵਾਰ ਬਣਾਈ ਜਾਣੀ ਸੀ। ਇਸ ਦੀਵਾਰ ਉਪਰ ਚਾਲ਼ੀ ਮੁਕਤਿਆਂ ਤੇ ਮਾਈ ਭਾਗੋ ਦੇ ਜੀਵਨ ਨੂੰ ਰੂਪ ਮਾਨ ਕੀਤਾ ਜਾਣਾ ਸੀ। ਉਸ ਵੇਲੇ ਬੀਬੀ ਜਗੀਰ ਕੌਰ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹ ਵੀ ਦਾਅਵਾ ਕੀਤਾ ਸੀ ਕਿ ਇਹ ਵਿਸ਼ਵ ਭਰ ਵਿਚ ਆਪਣੀ ਤਰ੍ਹਾਂ ਦੀ ਪਹਿਲੀ ਤੇ ਅਨੋਖੀ ਯਾਦਗਾਰ ਹੋਵੇਗੀ ਜਿਸ ਉਪਰ ਕਰੋੜਾਂ ਦੇ ਹਿਸਾਬ ਨਾਲ ਖਰਚ ਕੀਤਾ ਜਾਵੇਗਾ ਤੇ ਲੋਕ ਦੇਸ਼ ਵਿਦੇਸ਼ 'ਚੋਂ ਇਸ ਨੂੰ ਵੇਖਣ ਵਾਸਤੇ ਆਇਆ ਕਰਨਗੇ।
ਉਨ੍ਹਾਂ ਇਕ ਸਾਲ ਦੇ ਅੰਦਰ ਅੰਦਰ ਇਹ ਯਾਦਗਾਰ ਮੁਕੰਮਲ ਹੋਣ ਦਾ ਦਾਅਵਾ ਕੀਤਾ ਸੀ। ਪਰ ਅਫਸੋਸ! ਉਂਨੀ ਸਾਲ ਤੋਂ ਵੱਧ ਸਮਾਂ ਲੰਘ ਗਿਆ ਹੈ ਪਰ ਇਹ ਸਮਾਰਕ ਦਾ ਕੀ ਬਣਨਾ ਸੀ, ਇਸ ਦਾ ਨੀਂਹ ਪੱਥਰ ਵੀ ਗ਼ਾਇਬ ਹੋ ਗਿਆ ਹੈ। ਅੱਜ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਤੋਂ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਪਹੁੰਚੇ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਸ਼ਹੀਦਾਂ ਦੀ ਯਾਦਗਾਰ ਭਾਲਦੀਆਂ ਵੇਖੀਆਂ ਗਈਆਂ।