Punjab News: ਮੇਲਾ ਮਾਘੀ: ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਲਿਆ ਕਾਨਫਰੰਸ ਦੇ ਪ੍ਰਬੰਧਾਂ ਦਾ ਜਾਇਜ਼ਾ
‘ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਦਾ ਭਗੌੜਾ ਤੇ ਅੰਮ੍ਰਿਤਪਾਲ ਸਿੰਘ ਸਰਵ ਪ੍ਰਵਾਨਤ ਸਿੱਖ ਆਗੂ’ ਦੱਸਿਆ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 8 ਜਨਵਰੀ
Punjab News: ਮੇਲਾ ਮਾਘੀ ਮੌਕੇ ਨਵੀਂ ਪੰਥਕ ਪਾਰਟੀ ਵੱਲੋਂ ਕੀਤੀ ਜਾਣ ਵਾਲੀ ਸਿਆਸੀ ਕਾਨਫਰੰਸ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ‘ਅੰਮ੍ਰਿਤਪਾਲ ਸਿੰਘ ਟੀਮ’ ਇਥੇ ਪੁੱਜੀ ਜਿਸ ਦੀ ਅਗਵਾਈ ਸੰਸਦ ਮੈਂਬਰ ਦੇ ਪਿਤਾ ਤਰਸੇਮ ਸਿੰਘ ਕਰ ਰਹੇ ਹਨ। ਇਸ ਮੌਕੇ ਤਰਸੇਮ ਸਿੰਘ ਨੇ ਕਿਹਾ ਕਿ 14 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਨੇੜੇ ਬੱਤਰਾ ਪੈਟਰੋਲ ਪੰਪ ਦੇ ਸਾਹਮਣੇ ਪੰਥਕ ਧਿਰਾਂ ਵੱਲੋਂ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ, ਜਿਸਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਕਾਨਫਰੰਸ ਵਿਚ ਐਮਪੀ ਸਰਬਜੀਤ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਣੇ ਹੋਰ ਆਗੂ ਸ਼ਾਮਲ ਹੋਣਗੇ। ਇਸ ਮੌਕੇ ਸਿਆਸੀ ਪਾਰਟੀ ਦਾ ਐਲਾਨ ਕੀਤਾ ਜਾਵੇਗਾ ਅਤੇ ਪੰਜ ਮੈਂਬਰੀ ਕਮੇਟੀ ਬਣਾਈ ਜਾਵੇਗੀ। ਇਹੀ ਕਮੇਟੀ ਪਾਰਟੀ ਦਾ ਗਠਨ ਕਰੇਗੀ ਅਤੇ ਪਾਰਟੀ ਦਾ ਵਿਧਾਨ ਤੇ ਸੰਵਿਧਾਨ ਉਲੇਕੀਗੀ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਵਿਧਾਨ ਸਭਾ ਚੋਣਾਂ ਤੇ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦੀ ਨੀਤੀ ਉਲੀਕੀ ਜਾਵੇਗੀ। ਇਹ ਸਿਲਸਿਲਾ ਮੇਲਾ ਮਾਘੀ ਮੌਕੇ ਸ਼ੁਰੂ ਹੋ ਜਾਵੇਗਾ ਤੇ ਫਿਰ ਕਦਮ -ਦਰ- ਕਦਮ ਅੱਗੇ ਚੱਲਦਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ, ‘‘ਪ੍ਰਸ਼ਾਸਨ ਇਸ ਕਾਨਫਰੰਸ ’ਚ ਅੜਿੱਕੇ ਪਾ ਰਿਹਾ ਹੈ ਪਰ ਲੋਕ ਬਿਨਾਂ ਕਿਸੇ ਡਰ ਭੈਅ ਦੇ ਕਾਨਫਰੰਸ ’ਚ ਆਉਣਗੇ ਕਿਉਂਕਿ ਇਹ ਸਿਆਸੀ ਕਾਨਫਰੰਸ ਹੈ। ਕੋਈ ਗ਼ਲਤ ਏਜੰਡਾ ਨਹੀਂ। ਕਾਨੂੰਨ ਤੋਂ ਬਾਹਰ ਨਹੀਂ। ਪਾਰਟੀ ਲਈ ਫੰਡ ਵੀ ਸੰਗਤਾਂ ਦੇਣਗੀਆਂ।’’
ਉਨ੍ਹਾਂ ਕਿਹਾ, ‘‘ਐਮਪੀ ਚੋਣਾਂ ਵੇਲੇ ਸਾਡੇ ਕੋਲ ਡੀਜ਼ਲ ਵਾਸਤੇ ਪੈਸੇ ਨਹੀਂ ਸੀ ਫਿਰ ਵੀ ਸੰਗਤਾਂ ਨੇ ਇੰਨੀ ਵੱਡੀ ਲੀਡ ’ਤੇ ਜਿਤਾ ਦਿੱਤਾ।’’ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਸੁਖਬੀਰ ਸਿੰਘ ਬਾਦਲ ਇਹ ਦਾਅਵਾ ਕਰਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਕੈਦ ਕੱਟੀ ਹੈ, ਇਹ ਝੂਠ ਹੈ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਖੁਦ ਤਾਂ ਇਕ ਦਿਨ ਵੀ ਜੇਲ੍ਹ ਨਹੀਂ ਕੱਟੀ। ਫਿਰ ਵੀ ਪਾਰਟੀ ਚਲਾ ਰਿਹਾ ਹੈ। ਉਸ ਨੂੰ ਕੌਮ ਨੇ ਨਕਾਰ ਦਿੱਤਾ ਹੈ। ਦਸ ਸਾਲਾਂ ਤੋਂ ਅਕਾਲੀ ਦਲ ਖਤਮ ਹੋ ਗਿਆ ਹੈ।’’
ਇਹ ਵੀ ਪੜ੍ਹੋ:
ਮੇਲਾ ਮਾਘੀ: ਪੰਜਾਬ ਸਰਕਾਰ ਨੇ 14 ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਛੁੱਟੀ ਐਲਾਨੀ
ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ‘ਅਕਾਲ ਤਖ਼ਤ ਦਾ ਭਗੌੜਾ’ ਕਰਾਰ ਦਿੰਦਿਆਂ ਕਿਹਾ, ‘‘ਪਹਿਲਾਂ ਤਾਂ ਉਹ ਅਕਾਲ ਤਖ਼ਤ ਮੂਹਰੇ ਸਾਰੇ ਦੋਸ਼ ਮੰਨਦਾ ਹੈ ਫਿਰ ਕਹਿੰਦਾ ਹੈ ਕਿ ‘ਮੈਂ ਤਾਂ ਬਿਨਾਂ ਦੋਸ਼ ਤੋਂ ਇਹ ਸਾਰੇ ਦੋਸ਼ ਆਪਣੀ ਝੋਲੀ ਪਵਾਏ’ ਹਨ। ਗੁਨਾਹ ਮੰਨ ਕੇ ਵੀ ਡਰਾਮੇਬਾਜ਼ੀਆਂ ਕਰ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਸੁਖਬੀਰ ਸਿੰਘ ਬਾਦਲ ਹੁਣ ਕਾਂਗਰਸ, ਭਾਜਪਾ ਤੇ ‘ਆਪ’ ਨੂੰ ਛੱਡ ਕੇ ਸਿਰਫ ਪੰਥਕ ਦਲਾਂ ਤੇ ਅੰਮ੍ਰਿਤਪਾਲ ਸਿੰਘ ਦੀ ਹੀ ਨਿੰਦਾ ਕਰ ਰਿਹਾ ਹੈ। ਕਿਉਂਕਿ ਉਸਨੂੰ ਪਤਾ ਹੈ ਕਿ ਅੰਮ੍ਰਿਤਪਾਲ ਸਿੰਘ ਹੀ ਸਰਵ ਪ੍ਰਵਾਨਿਤ ਸਿੱਖ ਲੀਡਰ ਹੈ।’’
ਉਨ੍ਹਾਂ ਦੱਸਿਆ ਕਿ ਅਮ੍ਰਿਤਪਾਲ ਸਿੰਘ ਦਾ ਐਮ ਪੀ ਫੰਡ ਰੋਕਿਆ ਨਹੀਂ ਜਾ ਰਿਹਾ, ਬਲਕਿ ਫੰਡ ਖਰਚ ਕਰਨ ਦਾ ਕੋਈ ਸਿਸਟਮ ਨਹੀਂ ਬਣਿਆ, ਜਿਸ ਕਰਕੇ ਦਿੱਕਤ ਆ ਰਹੀ ਹੈ। ਇਸ ਮੌਕੇ ਪਰਮਜੀਤ ਸਿੰਘ ਜੌਹਲ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪਰਮਜੀਤ ਸਿੰਘ, ਮਨਿੰਦਰ ਸਿੰਘ ਖਾਲਸਾ, ਜੱਗਾ ਐਮਸੀ, ਜਸਵਿੰਦਰ ਸਿੰਘ ਬਾਦਲ, ਜੁਗਰਾਜ ਸਿੰਘ, ਦਵਿੰਦਰ ਸਿੰਘ, ਦਲੇਰ ਸਿੰਘ, ਰਣਦੀਪ ਸਿੰਘ, ਅਰਸ਼ਿਵੰਦਰ ਸਿੰਘ, ਗੁਰਮੀਤ ਸਿੰਘ ਮਾਹਲਾ ਤੇ ਹੋਰ ਆਗੂ ਵੀ ਮੌਜੂਦ ਸਨ।