Punjab News: ਬਠਿੰਡਾ ਸਣੇ ਦੇਸ਼ ਦੇ 440 ਜ਼ਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ ਦੂਸ਼ਿਤ
* ਸੂਬੇ ਦੇ 30 ਫ਼ੀਸਦ ਨਮੂਨਿਆਂ ’ਚ ਯੂਰੇਨੀਅਮ ਵੱਧ ਮਾਤਰਾ ’ਚ ਹੋਣ ਕਾਰਨ ਗੁਰਦੇ ਖ਼ਰਾਬ ਹੋਣ ਦਾ ਖ਼ਤਰਾ
ਨਵੀਂ ਦਿੱਲੀ, 2 ਜਨਵਰੀ
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਸਣੇ ਦੇਸ਼ ਦੇ 440 ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਵਿੱਚ ‘ਨਾਈਟਰੇਟ’ ਉੱਚ ਪੱਧਰ ’ਤੇ ਮਿਲਿਆ ਹੈ। ਇਸ ਨਾਲ ਨਵ ਜਨਮੇ ਬੱਚਿਆਂ ਵਿੱਚ ‘ਬਲੂ ਬੇਬੀ ਸਿੰਡਰੋਮ’ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਇਹ ਪਾਣੀ ਪੀਣ ਲਈ ਵੀ ਸੁਰੱਖਿਅਤ ਨਹੀਂ ਹੈ।
ਧਰਤੀ ਹੇਠਲੇ ਪਾਣੀ ਬਾਰੇ ਕੇਂਦਰੀ ਬੋਰਡ (ਸੀਜੀਡਬਲਿਊਬੀ) ਨੇ ਇਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕੱਤਰ ਕੀਤੇ ਗਏ ਨਮੂਨਿਆਂ ’ਚੋਂ 20 ਫੀਸਦ ਵਿੱਚ ‘ਨਾਈਟਰੇਟ’ ਤੈਅ ਮਿਆਰ ਨਾਲੋਂ ਵੱਧ ਹੈ। ਇਸ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਪੰਜਾਬ ਦੇ ਕੁਝ ਹਿੱਸਿਆਂ ਤੇ ਛੱਤੀਸਗੜ੍ਹ ਦੇ ਰਾਜਨਾਂਦਗਾਓਂ ਜ਼ਿਲ੍ਹੇ ਦੇ ਪਾਣੀ ਵਿੱਚ ਆਰਸੈਨਿਕ ਦਾ ਪੱਧਰ ਵੀ ਵੱਧ ਮਿਲਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ 30 ਫੀਸਦ ਅਤੇ ਰਾਜਸਥਾਨ ਦੇ 42 ਫੀਸਦ ਨਮੂਨਿਆਂ ’ਚ ਯੂਰੇਨੀਅਮ ਦੀ ਮਾਤਰਾ ’ਚ ਵੱਧ ਪਾਈ ਗਈ ਹੈ। ਯੂਰੇਨੀਅਮ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਨਾਲ ਗੁਰਦਿਆਂ ਨੂੰ ਨੁਕਸਾਨ ਹੋ ਸਕਦਾ ਹੈ।
ਨਾਈਟਰੇਟ ਦਾ ਗਾੜ੍ਹਾਪਣ ਵਾਤਾਵਰਨ ਤੇ ਸਿਹਤ ਦੇ ਮੱਦੇਨਜ਼ਰ ਗੰਭੀਰ ਚਿੰਤਾ ਦਾ ਵਿਸ਼ਾ ਹੈ, ਖ਼ਾਸ ਕਰ ਕੇ ਉਨ੍ਹਾਂ ਇਲਾਕਿਆਂ ’ਚ ਜਿੱਥੇ ਨਾਈਟਰੋਜਨ ਆਧਾਰਿਤ ਖਾਦਾਂ ਦਾ ਵੱਧ ਇਸਤੇਮਾਲ ਅਤੇ ਜਾਨਵਰਾਂ ਦੀ ਰਹਿੰਦ-ਖੂੰਹਦ ਦਾ ਨਿਬੇੜਾ ਸਹੀ ਢੰਗ ਨਾਲ ਨਹੀਂ ਕੀਤਾ ਜਾਂਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਧਰਤੀ ਹੇਠਲੇ ਪਾਣੀ ’ਚ ਨਾਈਟਰੇਟ ਦੇ ਉੱਚ ਪੱਧਰ ਦਾ ਕਾਰਨ ਹੱਦੋਂ ਵੱਧ ਖੇਤੀਬਾੜੀ ਹੋ ਸਕਦਾ ਹੈ ਕਿਉਂਕਿ ਵਧੇਰੇ ਖੇਤੀਬਾੜੀ ਕਾਰਨ ਮਿੱਟੀ ’ਚ ਖਾਦਾਂ ਰਾਹੀਂ ਨਾਈਟਰੇਟ ਜਾਂਦਾ ਹੈ।
‘ਧਰਤੀ ਹੇਠਲੇ ਪਾਣੀ ਦੇ ਮਿਆਰ ਦੀ ਸਾਲਾਨਾ ਰਿਪੋਰਟ-2024’ ਤੋਂ ਇਹ ਵੀ ਪਤਾ ਲੱਗਿਆ ਹੈ ਕਿ 9.04 ਫੀਸਦ ਨਮੂਨਿਆਂ ਵਿੱਚ ‘ਫਲੋਰਾਈਡ’ ਦਾ ਪੱਧਰ ਵੀ ਸੁਰੱਖਿਅਤ ਸੀਮਾ ਨਾਲੋਂ ਵੱਧ ਸੀ ਜਦਕਿ 3.55 ਫੀਸਦ ਨਮੂਨਿਆਂ ਵਿੱਚ ਆਰਸੈਨਿਕ ਗੰਦਗੀ ਮਿਲੀ। ਇਸ ਵਿੱਚ ਕਿਹਾ ਗਿਆ ਹੈ ਕਿ ਗੰਗਾ ਤੇ ਬ੍ਰਹਮਪੁੱਤਰ ਨਦੀਆਂ ਦੇ ਮੈਦਾਨੀ ਇਲਾਕਿਆਂ ਵਾਲੇ ਸੂਬਿਆਂ ਵਿੱਚ ਆਰਸੈਨਿਕ ਦਾ ਪੱਧਰ ਵੱਧ ਪਾਇਆ ਗਿਆ ਹੈ। ਮਈ 2023 ਵਿੱਚ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਦੀ ਜਾਂਚ ਲਈ ਦੇਸ਼ ਭਰ ਵਿੱਚ ਕੁੱਲ 15,259 ਥਾਵਾਂ ਨੂੰ ਚੁਣਿਆ ਗਿਆ। ਇਨ੍ਹਾਂ ਵਿੱਚੋਂ 25 ਫੀਸਦ ਖੂਹਾਂ (ਬੀਆਈਐੱਸ 10500 ਮੁਤਾਬਕ ਸਭ ਤੋਂ ਵੱਧ ਖਤਰੇ ਵਾਲੇ) ਦਾ ਵਿਸਥਾਰ ’ਚ ਅਧਿਐਨ ਕੀਤਾ ਗਿਆ। ਇਸ ਤੋਂ ਇਲਾਵਾ ਜਲ ਸਰੋਤ ਮੁੜ ਤੋਂ ਭਰਨ ਨਾਲ ਗੁਣਵੱਤਾ ’ਤੇ ਪੈਣ ਵਾਲੇ ਪ੍ਰਭਾਵ ਬਾਰੇ ਜਾਣਕਾਰੀ ਲੈਣ ਲਈ ਮੌਨਸੂਨ ਤੋਂ ਪਹਿਲਾਂ ਤੇ ਬਾਅਦ ਵਿੱਚ 4982 ਥਾਵਾਂ ਤੋਂ ਧਰਤੀ ਹੇਠਲੇ ਪਾਣੀ ਦੇ ਨਮੂਨੇ ਲਏ ਗਏ। ਰਿਪੋਰਟ ਵਿੱਚ ਪਾਇਆ ਗਿਆ ਕਿ ਪਾਣੀ ਦੇ 20 ਫੀਸਦ ਨਮੂਨਿਆਂ ’ਚ ਨਾਈਟਰੇਟ ਦੀ ਮਾਤਰਾ 45 ਮਿਲੀਗ੍ਰਾਮ ਪ੍ਰਤੀ ਲਿਟਰ ਦੇ ਤੈਅ ਮਿਆਰ ਨਾਲੋਂ ਵੱਧ ਸੀ ਜੋ ਕਿ ਵਿਸ਼ਵ ਸਿਹਤ ਸੰਸਥਾ ਅਤੇ ਭਾਰਤੀ ਮਾਣਕ ਬਿਊਰੋ ਵੱਲੋਂ ਪੀਣ ਵਾਲੇ ਪਾਣੀ ਲਈ ਨਿਰਧਾਰਤ ਮਾਪਦੰਡਾਂ ਨਾਲੋਂ ਵੱਧ ਹੈ। -ਪੀਟੀਆਈ
ਹਰਿਆਣਾ ਤੇ ਹੋਰਨਾਂ ਸੂਬਿਆਂ ’ਚ ‘ਫਲੋਰਾਈਡ’ ਦੀ ਵਧੇਰੇ ਮਾਤਰਾ ਚਿੰਤਾ ਦਾ ਵਿਸ਼ਾ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਰਿਆਣਾ, ਰਾਜਸਥਾਨ, ਕਰਨਾਟਕ, ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਵਿੱਚ ‘ਫਲੋਰਾਈਡ’ ਦੀ ਵਧੇਰੇ ਮਾਤਰਾ ਵੀ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਲੰਬੇ ਸਮੇਂ ਤੱਕ ਫਲੋਰਾਈਡ ਤੇ ਆਰਸੈਨਿਕ ਦੇ ਸੰਪਰਕ ਵਿੱਚ ਰਹਿਣ ਨਾਲ ਕੈਂਸਰ ਜਾਂ ਚਮੜੀ ’ਤੇ ਜ਼ਖ਼ਮ ਹੋ ਸਕਦੇ ਹਨ।
ਰਾਜਸਥਾਨ, ਕਰਨਾਟਕ ਤੇ ਤਾਮਿਲਨਾਡੂ ’ਚ ਨਾਈਟਰੇਟ ਤੈਅ ਮਿਆਰ ਨਾਲੋਂ ਵੱਧ
ਰਿਪੋਰਟ ਮੁਤਾਬਕ ਰਾਜਸਥਾਨ, ਕਰਨਾਟਕ ਤੇ ਤਾਮਿਲਨਾਡੂ ਦੇ 40 ਫੀਸਦ ਤੋਂ ਵੱਧ ਨਮੂਨਿਆਂ ਵਿੱਚ ਨਾਈਟਰੇਟ ਤੈਅ ਮਾਪੰਦਡਾਂ ਨਾਲੋਂ ਵੱਧ ਸੀ। ਸੀਜੀਡਬਲਿਊਬੀ ਨੇ ਕਿਹਾ ਕਿ ਹਰਿਆਣਾ, ਉੱਤਰ ਪ੍ਰਦੇਸ਼, ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਵਿੱਚ 2017 ਤੋਂ 2023 ਤੱਕ ਨਾਈਟਰੇਟ ਦੀ ਮਾਤਰਾ ਵਿੱਚ ਵਾਧਾ ਦੇਖਿਆ ਗਿਆ ਹੈ। ਭਾਰਤ ਵਿੱਚ ਅਜਿਹੇ 15 ਜ਼ਿਲ੍ਹੇ ਮਿਲੇ ਹਨ, ਜਿੱਥੋਂ ਦੇ ਧਰਤੀ ਹੇਠਲੇ ਪਾਣੀ ’ਚ ਨਾਈਟਰੇਟ ਦਾ ਪੱਧਰ ਜ਼ਿਆਦਾ ਪਾਇਆ ਗਿਆ ਹੈ ਜਿਨ੍ਹਾਂ ਵਿੱਚ ਪੰਜਾਬ ਦਾ ਬਠਿੰਡਾ ਜ਼ਿਲ੍ਹਾ ਵੀ ਸ਼ਾਮਲ ਹੈ।