Punjab News: ਵਰਬੀਓ ਕੰਪਨੀ ਦੇ ਪਲਾਂਟ ’ਚ ਅੱਗ; ਜਾਨੀ ਨੁਕਸਾਨ ਤੋਂ ਬਚਾਅ
ਰਮੇਸ਼ ਭਾਰਦਵਾਜ
ਲਹਿਰਾਗਾਗਾ,10 ਦਸੰਬਰ
ਲਹਿਰਾਗਾਗਾ-ਪਾਤੜਾਂ ਸੜਕ ’ਤੇ ਵਰਬੀਓ ਕੰਪਨੀ ਦੇ ਪਲਾਂਟ ਵਿੱਚ ਪਰਾਲੀ ਦੀਆਂ ਗੱਠਾਂ ਨੂੰ ਅੱਜ ਅੱਗ ਲੱਗ ਗਈ ਜੋ ਭਿਆਨਕ ਰੂਪ ਧਾਰਨ ਕਰ ਗਈ। ਡੀਐਸਪੀ ਦੀਪਇੰਦਰ ਸਿੰਘ ਜੇਜੀ ਦੀ ਅਗਵਾਈ ਹੇਠ ਪੁਲੀਸ ਪਾਰਟੀ ਤੇ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚ ਗਏ ਪਰ ਅੱਗ ’ਤੇ ਕਾਬੂ ਨਾ ਪਾਇਆ ਗਿਆ।
ਇਸ ਮੌਕ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਮੌਕੇ ਲਗਪਗ 4 ਹਜ਼ਾਰ ਟਨ ਦੇ ਕਰੀਬ ਪਰਾਲੀ ਨੂੰ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਜ਼ਿਲ੍ਹੇ ਭਰ ਤੋਂ ਅੱਧੀ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ ਪਰ ਸ਼ਾਮ ਦੇ ਛੇ ਵਜੇ ਤੱਕ ਅੱਗ ਬੁਝਾਈ ਨਹੀਂ ਜਾ ਸਕੀ।
ਜਾਣਕਾਰੀ ਅਨੁਸਾਰ ਲਹਿਰਾਗਾਗਾ ਤੋਂ ਪਾਤੜਾਂ ਰੋਡ ਉੱਤੇ ਬਣੇ ਪਰਾਲੀ ਦੇ ਗੁਦਾਮ ਵਿੱਚ ਪਰਾਲੀ ਦਾ ਡੰਪ ਬਣਾਇਆ ਹੋਇਆ ਸੀ ਜਿਸ ਵਿੱਚ4 ਹਜ਼ਾਰ ਟਨ ਦੇ ਕਰੀਬ ਪਰਾਲੀ ਨੂੰ ਭਿਆਨਕ ਅੱਗ ਲੱਗ ਗਈ।
ਡੀਐਸਪੀ ਦੀਪ ਇੰਦਰ ਸਿੰਘ ਜੇਜੀ ਨੇ ਕਿਹਾ ਕਿ ਅੱਗ ਲੱਗਣ ਦੇ ਅਸਲ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਇਸ ਦੀ ਜਾਂਚ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਪਿੰਡ ਖੰਡੇਬਾਦ ਭੁਟਾਲ ਵਿਚ ਵਰਬੀਓ ਕੰਪਨੀ ਨੇ ਪਰਾਲੀ ਤੋਂ ਗੈਸ ਬਣਾਉਣ ਲਈ ਵੱਡ ਅਕਾਰੀ ਫੈਕਟਰੀ ਸਥਾਪਤ ਕੀਤੀ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੇ ਇਕ ਯੂਨਿਟ ਦਾ ਉਦਘਾਟਨ ਕੀਤਾ ਸੀ, ਇਸ ਕੌਪਨੀ ਨੇ ਪਰਾਲੀ ਦੀਆਂ ਗੱਠਾਂ ਰੱਖਣ ਲਈ ਵੱਖਰੇ ਵੱਖਰੇ ਪਲਾਂਟ ਬਣਾ ਰੱਖੇ ਹਨ।