Punjab News: ਨਗਰ ਪੰਚਾਇਤ ਭੀਖੀ ਦੀ ਹੋਈ ਚੋਣ; ਸੁਖਪ੍ਰੀਤ ਕੌਰ ਬਣੇ ਪ੍ਰਧਾਨ
ਪਰਵਿੰਦਰ ਸਿੰਘ ਗੋਰਾ ਸੀਨੀਅਰ ਮੀਤ ਪ੍ਰਧਾਨ ਤੇ ਪੱਪੀ ਸਿੰਘ ਮੀਤ ਪ੍ਰਧਾਨ ਚੁਣੇ ਗਏ
ਕਰਨ ਭੀਖੀ
ਭੀਖੀ, 10 ਜਨਵਰੀ
Punjab News: ਇੱਥੇ ਨਗਰ ਪੰਚਾਇਤ ਦੀਆਂ ਚੋਣਾਂ ਤੋਂ ਬਾਅਦ ਪ੍ਰਧਾਨ ਅਤੇ ਵਾਇਸ ਪ੍ਰਧਾਨ ਦੀ ਚੋਣ ਸ਼ੁੱਕਰਵਾਰ ਨੂੰ ਸਰਬਸੰਮਤੀ ਨਾਲ ਨੇਪਰੇ ਚੜ੍ਹ ਗਈ ਹੈ। ਚੋਣਾਂ ਦੌਰਾਨ ਜਿੱਤੇ ਆਜ਼ਾਦ ਉਮੀਦਵਾਰ ਰਾਮ ਸਿੰਘ ਵਾਰਡ ਨੰ. 6 ਅਤੇ ਪਰਵਿੰਦਰ ਸਿੰਘ ਗੋਰਾ ਵਾਰਡ ਨੰ. 8 ਨੇ ਵਿਧਾਇਕ ਡਾ. ਵਿਜੈ ਸਿੰਗਲਾ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ।
ਇਸ ਮੌਕੇ ਡਾ. ਵਿਜੈ ਸਿੰਗਲਾ ਕਿਹਾ ਕਿ ਇਨ੍ਹਾਂ ਦੋ ਕੌਂਸਲਰਾਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਨੂੰ ਭੀਖੀ ਵਿੱਚ ਪ੍ਰਧਾਨ ਬਣਾਉਣ ਲਈ ਬਹੁਮਤ ਹਾਸਲ ਹੋ ਗਿਆ ਹੈ। ਇਸ ਪਿੱਛੋਂ ਅੱਜ ਹੋਈ ਚੋਣ ਵਿਚ ਸਰਬ ਸੰਮਤੀ ਨਾਲ ਨਗਰ ਪੰਚਾਇਤ ਭੀਖੀ ਦੀ ਪ੍ਰਧਾਨ ਦੇ ਅਹੁਦੇ ਉਤੇ ਵਾਰਡ ਨੰਬਰ 13 ਤੋਂ ਚੁਣੀ ਗਈ ‘ਆਪ’ ਦੀ ਐਮਸੀ ਸੁਖਪ੍ਰੀਤ ਕੌਰ ਨੂੰ ਚੁਣ ਲਿਆ ਗਿਆ।
ਇਸ ਮੌਕੇ ਪਰਵਿੰਦਰ ਸਿੰਘ ਗੋਰਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਪੱਪੀ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਨ੍ਹਾਂ ਦੀ ਚੋਣ ਵੀ ਸਰਬ ਸੰਮਤੀ ਨਾਲ ਹੋਈ। ਚੁਣੇ ਗਏ ਅਹੁਦੇਦਾਰਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸੁਖਰਾਜ ਦਾਸ ਐਮਸੀ, ਪਰਮਜੀਤ ਕੌਰ, ਚਰਨਜੀਤ ਕੌਰ, ਸੁਰੇਸ਼ ਕੁਮਾਰ, ਹਰਪ੍ਰੀਤ ਸਿੰਘ ਚਹਿਲ ਆਦਿ ਹਾਜ਼ਰ ਸਨ।