Punjab News: ਪੰਜਾਬ ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰ ਜਾਰੀ
* ਪੁਲੀਸ ਵੱਲੋਂ ਲੋਕਾਂ ਨੂੰ ਸੁਰੱਖਿਆ ਵਰਤਣ ਦੀ ਹਦਾਇਤ
ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 30 ਦਸੰਬਰ
ਪੰਜਾਬ ਅਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਅੱਜ ਪੰਜਾਬ ਦੇ ਇਕ ਦਰਜਨ ਦੇ ਕਰੀਬ ਸ਼ਹਿਰਾਂ ਵਿੱਚ ਸੰਘਣੀ ਧੁੰਦ ਕਾਰਨ ਦਿਸਣ ਹੱਦ ਘੱਟ ਗਈ ਹੈ। ਸੂਬੇ ਵਿੱਚ ਤਾਪਮਾਨ 8.5 ਡਿਗਰੀ ਸੈਲਸੀਅਸ ਤੱਕ ਆ ਗਿਆ ਹੈ। ਮੌਸਮ ਵਿਗਿਆਨੀਆਂ ਨੇ 31 ਦਸੰਬਰ ਨੂੰ ਸੂਬੇ ਵਿੱਚ ਸੰਘਣੀ ਧੁੰਦ ਤੇ ਠੰਢ ਪੈਣ ਸਬੰਧੀ ‘ਯੈਲੋ ਅਲਰਟ’ ਜਾਰੀ ਕੀਤਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਅੰਮ੍ਰਿਤਸਰ ਤੇ ਹੋਰ ਕਈ ਸ਼ਹਿਰਾਂ ਵਿੱਚ ਸੰਘਣੀ ਧੁੰਦ ਪੈਣ ਕਾਰਨ ਦਿਸਣ ਹੱਦ 50 ਮੀਟਰ ਤੋਂ ਵੀ ਘੱਟ ਦਰਜ ਕੀਤੀ ਗਈ। ਪਟਿਆਲਾ ਵਿੱਚ ਦਿਸਣ ਹੱਦ 250 ਮੀਟਰ ਤੇ ਲੁਧਿਆਣਾ ਵਿੱਚ ਇਹ 500 ਮੀਟਰ ਸੀ। ਦਿਸਣ ਹੱਦ ਘਟਣ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਕਈ ਸੜਕ ਹਾਦਸੇ ਵੀ ਵਾਪਰ ਰਹੇ ਹਨ। ਪੰਜਾਬ ਪੁਲੀਸ ਨੇ ਸੜਕ ਹਾਦਸਿਆਂ ’ਤੇ ਕਾਬੂ ਪਾਉਣ ਲਈ ਲੋਕਾਂ ਨੂੰ ਵਾਹਨ ਹੌਲੀ ਚਲਾਉਣ ਦੀ ਅਪੀਲ ਕੀਤੀ ਹੈ।
ਪਠਾਨਕੋਟ ਰਿਹਾ ਸਭ ਤੋਂ ਠੰਢਾ
ਅੱਜ ਪੰਜਾਬ ਦਾ ਪਠਾਨਕੋਟ ਸ਼ਹਿਰ ਦਿਨ ਵੇਲੇ ਸਭ ਤੋਂ ਠੰਢਾ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 11.3 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 12.6, ਲੁਧਿਆਣਾ ’ਚ 13.8, ਪਟਿਆਲਾ ’ਚ 13, ਗੁਰਦਾਸਪੁਰ ’ਚ 17.5, ਫਰੀਦਕੋਟ ’ਚ 11.6, ਬਠਿੰਡਾ ’ਚ 14.4, ਬਰਨਾਲਾ ’ਚ 12.8, ਫ਼ਤਹਿਗੜ੍ਹ ਸਾਹਿਬ ’ਚ 12.7, ਫਿਰੋਜ਼ਪੁਰ ’ਚ 11.3 ਅਤੇ ਮੋਗਾ ’ਚ 11.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਆਮ ਨਾਲੋਂ 4 ਤੋਂ 8 ਡਿਗਰੀ ਸੈਲਸੀਅਸ ਘੱਟ ਹੈ। ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ ਵਿੱਚ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ, ਹਿਸਾਰ ਵਿੱਚ 14.5 ਡਿਗਰੀ, ਕਰਨਾਲ ਵਿੱਚ 13.2 ਡਿਗਰੀ, ਰੋਹਤਕ ਵਿੱਚ 12.7 ਡਿਗਰੀ ਅਤੇ ਗੁਰੂਗ੍ਰਾਮ ਵਿੱਚ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।