Punjab News: ਟੱਕਰ ਦੌਰਾਨ ਫਲਾਈਓਵਰ ਤੋਂ ਡਿੱਗਣੋਂ ਬਚੀ ਬੱਸ, ਕੁੱਝ ਹਿੱਸਾ ਬਾਹਰ ਲਟਕਿਆ
ਸਰਬਜੀਤ ਗਿੱਲ
ਫਿਲੌਰ, 10 ਜਨਵਰੀ
ਸੰਘਣੀ ਧੁੰਦ ਕਾਰਨ ਅੱਜ ਸਵੇਰੇ ਜਲੰਧਰ ਤੋਂ ਲੁਧਿਆਣਾ ਜਾ ਰਹੀ ਯੂਪੀ ਰੋਡਵੇਜ਼ ਦੀ ਬੱਸ ਅਤੇ ਯੂਪੀ ਨੰਬਰ ਦੀ ਪ੍ਰਾਈਵੇਟ ਸਲੀਪਰ ਬੱਸ ਵਿਚ ਜ਼ਬਰਦਸਤ ਟੱਕਰ ਹੋ ਗਈ। ਜਿਸ ਕਾਰਨ ਰੋਡਵੇਜ਼ ਦੀ ਬੱਸ ਪੁਲ ਦੀ ਰੇਲਿੰਗ ਤੋੜਦੀ ਹੋਈ 6-7 ਫੁੱਟ ਬਾਹਰ ਨਿੱਕਲ ਗਈ। ਇਹ ਹਾਦਸਾ ਅੰਬੇਡਕਰ ਚੌਕ ਦੇ ਉੱਪਰ ਫਲਾਈਓਵਰ 'ਤੇ ਵਾਪਰਿਆ, ਜਿੱਥੇ ਦੋਵੇਂ ਬੱਸਾਂ ਦੀ ਆਪਸੀ ਟੱਕਰ ਕਾਰਨ ਭਾਜੜਾਂ ਪੈ ਗਈਆਂ।
ਜਾਣਕਾਰੀ ਅਨੁਸਾਰ ਯੂਪੀ ਰੋਡਵੇਜ਼ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ। ਪਿੱਛੋ ਸਲੀਪਰ ਬੱਸ ਨੇ ਅੱਗੇ ਜਾ ਰਹੀਂ ਬੱਸ ‘ਚ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਯੂਪੀ ਰੋਡਵੇਜ਼ ਦੀ ਬੱਸ ਹਾਈਵੇਅ ਫਲਾਈਓਵਰ 'ਤੇ ਲਮਕ ਗਈ, ਪਰ ਹੇਠਾਂ ਡਿੱਗਣ ਤੋਂ ਬਚਾਅ ਹੋ ਗਿਆ। ਇਸ ਹਾਦਸੇ ਵਿਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦੋਵੇਂ ਬੱਸਾਂ ਨੂੰ ਕਾਫ਼ੀ ਨੁਕਸਾਨ ਹੋ ਗਿਆ। ਇਸ ਹਾਦਸੇ ‘ਚ ਮਾਮੂਲੀ ਜ਼ਖਮੀ ਹੋਈਆਂ ਤਿੰਨ ਚਾਰ ਸਵਾਰੀਆਂ ਨੂੰ ਮੌਕੇ ‘ਤੇ ਮੁਢਲੀ ਸਹਾਇਤਾ ਦੇ ਦਿੱਤੀ ਗਈ।
ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸਲੀਪਰ ਬਸ ਦਾ ਡਰਾਈਵਰ ਕੰਡਕਟਰ ਬਸ ਚਲਦੀ ਛੱਡ ਕੇ ਫਰਾਰ ਹੋ ਗਏ, ਕਿਸੇ ਹੋਰ ਦੀ ਮਦਦ ਲੈ ਕੇ ਬਸ ਦਾ ਇੰਜਣ ਬੰਦ ਕਰਵਾਇਆ। ਮੌਕੇ 'ਤੇ ਪ੍ਰਸ਼ਾਸਨ ਨੇ ਪਹੁੰਚ ਕੇ ਆਵਾਜਾਈ ਸ਼ੁਰੂ ਕਰਵਾ ਦਿੱਤੀ ਹੈ। ਉੱਧਰ ਇਸ ਹਾਦਸੇ ਨੂੰ ਦੇਖਦਿਆਂ ਇੱਕ ਕਾਰ ਵੀ ਕਿਸੇ ਹੋਰ ਵਾਹਨ ’ਚ ਜਾ ਵੱਜੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਯਾਤਰੀਆਂ ਲਈ ਬਦਲਵੇਂ ਪ੍ਰਬੰਧਾਂ ਦਾ ਹੱਲ ਕੀਤਾ।