Punjab News: ਲਾਪਤਾ ਨੌਜਵਾਨ ਦੀ ਲਾਸ਼ ਬੇਆਬਾਦ ਘਰ ’ਚੋਂ ਮਿਲੀ
ਪੰਜ ਖ਼ਿਲਾਫ਼ ਕੇਸ ਦਰਜ, ਇੱਕ ਗ੍ਰਿਫ਼ਤਾਰ; ਮ੍ਰਿਤਕ ਦੇ ਪਿਤਾ ਨੇ ਲਾਇਆ ਆਪਣੇ ਪੁੱਤਰ ਦਾ ਰੰਜਿਸ਼ ਕਾਰਨ ਕਤਲ ਕੀਤੇ ਜਾਣ ਦਾ ਦੋਸ਼
ਰਮੇਸ਼ ਭਾਰਦਵਾਜ
ਲਹਿਰਾਗਾਗਾ, 9 ਜਨਵਰੀ
Punjab News: ਲਹਿਰਾਗਾਗਾ ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ਦੇ ਭੇਤ-ਭਰੀ ਹਾਲਤ ਵਿੱਚ ਗੁੰਮ ਹੋਏ 20 ਸਾਲਾ ਨੌਜਵਾਨ ਅਮਨਦੀਪ ਸਿੰਘ ਅਮਨਾ ਦੀ ਲਾਸ਼ ਲਹਿਰਾਗਾਗਾ ਦੀ ਪੰਜਾਬੀ ਬਾਗ ਕਾਲੋਨੀ ਦੇ ਬੇਆਬਾਦ ਘਰ ’ਚੋਂ ਮਿਲੀ ਹੈ। ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੂਨਕ ਭੇਜ ਦਿੱਤਾ ਹੈ।
ਐਸਐਚਓ ਸਦਰ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਪਿੰਡ ਰਾਮਗੜ੍ਹ ਸੰਧੂਆਂ ਦੇ ਕੇਵਲ ਸਿੰਘ ਨੇ ਅਮਨਦੀਪ ਸਿੰਘ ਅਮਨਾ ਦੇ 4 ਜਨਵਰੀ ਨੂੰ ਘਰੋਂ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਸੀ। ਇਸ ਦੌਰਾਨ ਪੁਲੀਸ ਨੂੰ ਅੱਜ ਪੰਜਾਬੀ ਬਾਗ ਕਾਲੋਨੀ ਦੇ ਬੇਆਬਾਦ ਘਰ ’ਚੋਂ ਅਮਨਾ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ। ਪੁਲੀਸ ਨੇ ਮ੍ਰਿਤਕ ਦੇ ਪਿਤਾ ਕੇਵਲ ਸਿੰਘ ਦੇ ਬਿਆਨ ’ਤੇ ਪੰਜ ਜਣਿਆਂ ਖਿਲਾਫ ਦਰਜ ਕੇਸ ਵਿਚ ਸਬੰਧਤ ਧਾਰਾਵਾਂ ਵਧਾ ਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅਮਨਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਐਫ਼ਆਈਆਰ ਮੁਤਾਬਕ ਕੇਵਲ ਸਿੰਘ ਪੁੱਤਰ ਧੰਨ ਸਿੰਘ ਵਾਸੀ ਰਾਮਗੜ੍ਹ ਸੰਧੂਆਂ ਥਾਣਾ ਲਹਿਰਾਗਾਗਾ ਨੇ ਪੁਲੀਸ ਕੋਲ ਦਰਜ ਕਰਵਾਏ ਗਏ ਬਿਆਨ ਵਿਚ ਅਮਨਦੀਪ ਦੇ 4 ਜਨਵਰੀ, 2025 ਨੂੰ ਘਰੋਂ ਚਲੇ ਜਾਣ ਅਤੇ ਮੁੜ ਘਰੇ ਨਾ ਪਰਤਣ ਇਤਲਾਹ ਦਿੱਤੀ। ਪੁਲੀਸ ਨੇ ਇਸ ਸਬੰਧੀ 7 ਜਨਵਰੀ ਨੂੰ ਥਾਣਾ ਲਹਿਰਾਗਾਗਾ ਵਿਖੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਕੇਵਲ ਸਿੰਘ ਕਿਹਾ ਕਿ ਉਸ ਨੂੰ ਪੜਤਾਲ ਕਰਨ 'ਤੇ ਪਤਾ ਲੱਗਿਆ ਕਿ ਉਸ ਦੇ ਲੜਕੇ ਅਮਨਦੀਪ ਸਿੰਘ ਉਰਫ਼ ਅਮਨ ਦਾ ਅਮਨਦੀਪ ਸਿੰਘ ਜਵਾਹਰਵਾਲਾ, ਸੰਦੀਪ, ਜੋਗਪੁਰੀ, ਪਵਨ ਸਿੰਘ ਅਤੇ ਹੈਪੀ ਲਹਿਰਾਗਾਗਾ ਨਾਲ ਕਥਿਤ ਪੈਸਿਆਂ ਦਾ ਲੈਣ ਦੇਣ ਸੀ ਜਿਸ ਦੇ ਚਲਦੇ ਇਨ੍ਹਾਂ ਪੰਜਾਂ ਨੇ ਇਸ ਰੰਜਸ਼ ਕਾਰਨ ਉਸ ਦੇ ਲੜਕੇ ਅਮਨਦੀਪ ਸਿੰਘ ਉਰਫ਼ ਅਮਨਾ ਨੂੰ ਕੋਈ ਜ਼ਹਿਰੀਲੀ ਚੀਜ਼ ਖਵਾ ਕੇ ਜਾਂ ਜ਼ਹਿਰੀਲਾ ਟੀਕਾ ਲਾ ਕੇ ਮਾਰ ਮੁਕਾਇਆ ਅਤੇ ਉਸ ਦੀ ਲਾਸ਼ ਪੰਜਾਬੀ ਬਾਗ ਕਲੋਨੀ ਵਿਖੇ ਇੱਕ ਉਜਾੜ ਕੋਠੇ ਵਿਚ ਸੁੱਟ ਦਿੱਤੀ।
ਐਸਐਚਓ ਵਿਨੋਦ ਕੁਮਾਰ ਅਨੁਸਾਰ ਮੌਤ ਦਾ ਕਾਰਨ ਪੋਸਟ ਮਾਰਟਮ ਦੀ ਰਿਪੋਰਟ ਵਿਚ ਹੀ ਪਤਾ ਲੱਗ ਸਕੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।