For the best experience, open
https://m.punjabitribuneonline.com
on your mobile browser.
Advertisement

ਤੁੰਗਾਂ ’ਚ ਸ਼ਾਮਲਾਟ ਦੀ ਨਿਸ਼ਾਨਦੇਹੀ ਕਾਰਨ ਮਾਹੌਲ ਤਣਾਅਪੂਰਨ ਰਿਹਾ

06:51 AM Jan 09, 2025 IST
ਤੁੰਗਾਂ ’ਚ ਸ਼ਾਮਲਾਟ ਦੀ ਨਿਸ਼ਾਨਦੇਹੀ ਕਾਰਨ ਮਾਹੌਲ ਤਣਾਅਪੂਰਨ ਰਿਹਾ
ਤੁੰਗਾਂ ਵਿੱਚ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਪ੍ਰਸ਼ਾਸਨਿਕ ਅਧਿਕਾਰੀ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਜਨਵਰੀ
ਇੱਥੋਂ ਨੇੜਲੇ ਪਿੰਡ ਤੁੰਗਾਂ ਵਿੱਚ ਪੰਚਾਇਤੀ ਸ਼ਾਮਲਾਟ ਜਗ੍ਹਾ ’ਤੇ ਕਥਿਤ ਨਾਜਾਇਜ਼ ਕਬਜ਼ੇ ਦਾ ਮਾਮਲਾ ਉਸ ਸਮੇਂ ਭਖ਼ ਗਿਆ ਜਦੋਂ ਪ੍ਰਸ਼ਾਸਨਿਕ ਅਧਿਕਾਰੀ ਭਾਰੀ ਪੁਲੀਸ ਫੋਰਸ ਸਮੇਤ ਸਬੰਧਤ ਸ਼ਾਮਲਾਟ ਦੀ ਨਿਸ਼ਾਨਦੇਹੀ ਕਰਨ ਪੁੱਜ ਗਏ। ਵੱਡੀ ਤਾਦਾਦ ’ਚ ਪੁਲੀਸ ਫੋਰਸ ਪਿੰਡ ਪੁੱਜਣ ’ਤੇ ਕਿਸਾਨ ਜਥੇਬੰਦੀਆਂ ਨਾਲ ਸਬੰਧਤ ਪਿੰਡ ਦੇ ਆਗੂਆਂ ਸਮੇਤ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਪ੍ਰਸ਼ਾਸਨ ਦਾ ਡਟ ਕੇ ਵਿਰੋਧ ਕੀਤਾ। ਲੋਕਾਂ ਵਲੋਂ ਵਿਰੋਧ ’ਚ ਰੋਸ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ ਗਈ। ਪਿੰਡ ਤੁੰਗਾਂ ਵਿੱਚ ਕਈ ਘੰਟੇ ਮਾਹੌਲ ਤਣਾਅਪੂਰਨ ਬਣਿਆ ਰਿਹਾ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਪੁਲੀਸ ਫੋਰਸ ਦੀ ਮੌਜੂਦਗੀ ਵਿਚ ਸ਼ਾਮਲਾਤ ਦੀ ਨਿਸ਼ਾਨਦੇਹੀ ਕਰਨਾ ਚਾਹੁੰਦੇ ਸੀ ਜਦੋਂ ਕਿ ਲੋਕ ਇਸ ਦਾ ਵਿਰੋਧ ਕਰ ਰਹੇ ਸਨ।
ਇਸ ਦੌਰਾਨ ਕਈ ਘੰਟੇ ਮਾਹੌਲ ਤਣਾਪੂਰਨ ਰਿਹਾ। ਇਸ ਮੌਕੇ ਨੌਜਵਾਨ ਸਭਾ ਦੇ ਆਗੂ ਕਾਮਰੇਡ ਸਤਵੀਰ ਸਿੰਘ ਤੁੰਗਾਂ ਨੇ ਦੱਸਿਆ ਕਿ ਪਿੰਡ ਵਿਚ ਕਰੀਬ 20/25 ਮਕਾਨ ਪੁਰਾਣੇ ਬਣੇ ਹੋਏ ਹਨ। ਇਨ੍ਹਾਂ ਮਕਾਨਾਂ ਬਾਰੇ ਸ਼ਿਕਾਇਤ ਹੋਈ ਸੀ ਕਿ ਇਨ੍ਹਾਂ ਮਕਾਨਾਂ ਦਾ ਕਥਿਤ ਤੌਰ ’ਤੇ ਸ਼ਾਮਲਾਟ ਜਗ੍ਹਾ ਉਪਰ ਨਾਜਾਇਜ਼ ਕਬਜ਼ਾ ਹੈ। ਉਨ੍ਹਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਸਬੰਧਤ ਜਗ੍ਹਾ ਬਾਰੇ ਅਦਾਲਤ ਵਲੋਂ ਕੋਈ ਫੈਸਲਾ ਹੋਇਆ ਹੈ ਜਿਸ ਨੂੰ ਲਾਗੂ ਕਰਨ ਵਾਸਤੇ ਪ੍ਰਸ਼ਾਸਨ ਅੱਜ ਪੁੱਜਿਆ ਸੀ ਜਿਸ ਦਾ ਲੋਕਾਂ ਵਲੋਂ ਡਟ ਕੇ ਵਿਰੋਧ ਕੀਤਾ ਗਿਆ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੇਜਰ ਸਿੰਘ ਪੁੰਨਾਂਵਾਲ, ਊਧਮ ਸਿੰਘ ਸੰਤੋਖਪੁਰਾ, ਭਰਪੂਰ ਸਿੰਘ ਦੁੱਗਾਂ, ਸੀਟੂ ਆਗੂ ਕਾਮਰੇਡ ਰਾਮ ਸਿੰਘ ਸੋਹੀਆਂ, ਕਿਸਾਨ ਆਗੂ ਹਰਦੇਵ ਸਿੰਘ ਕੁਲਾਰਾਂ, ਰਣਧੀਰ ਸਿੰਘ ਤੇ ਜੱਗਾ ਸਿੰਘ ਮੰਗਵਾਲ ਆਦਿ ਆਗੂ ਵੀ ਪੁੱਜ ਗਏ। ਪ੍ਰਸ਼ਾਸਨ ਦੀ ਤਰਫ਼ੋਂ ਮੌਕੇ ’ਤੇ ਐੱਸਡੀਐੱਮ, ਤਹਿਸੀਲਦਾਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਡੀਐੱਸਪੀ ਮੌਜੂਦ ਸਨ। ਇਸ ਦੌਰਾਨ ਅਧਿਕਾਰੀਆਂ ਦਾ ਵਿਰੋਧ ਕਰ ਰਹੇ ਲੋਕਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਨਾਲ ਗੱਲਬਾਤ ਚੱਲਦੀ ਰਹੀ। ਆਖ਼ਰਕਾਰ ਸ਼ਾਮ ਚਾਰ ਵਜੇ ਇਹ ਸਹਿਮਤੀ ਬਣੀ ਕਿ 9 ਜਨਵਰੀ ਨੂੰ ਬਾਅਦ ਦੁਪਹਿਰ ਤਿੰਨ ਵਜੇ ਐੱਸਡੀਐੱਮ ਦਫ਼ਤਰ ਵਿਖੇ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਵਿਚਕਾਰ ਮੀਟਿੰਗ ਹੋਵੇਗੀ।

Advertisement

ਲੋਕਾਂ ਦੇ ਵਿਰੋਧ ਕਾਰਨ ਨਿਸ਼ਾਨਦੇਹੀ ਨਹੀਂ ਹੋਈ: ਤਹਿਸੀਲਦਾਰ

ਤਹਿਸੀਲਦਾਰ ਗੁਰਵਿੰਦਰ ਕੌਰ ਦਾ ਕਹਿਣਾ ਹੈ ਕਿ ਪਿੰਡ ਤੁੰਗਾਂ ਵਿੱਚ ਸ਼ਾਮਲਾਟ ਜਗ੍ਹਾ ਉਪਰ ਨਜਾਇਜ਼ ਕਬਜ਼ੇ ਦਾ ਮਾਮਲਾ ਹੈ। ਅਦਾਲਤ ਦੇ ਹੁਕਮਾਂ ’ਤੇ ਸਬੰਧਤ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਲਈ ਪੁੱਜੇ ਸਨ ਪਰ ਲੋਕਾਂ ਦੇ ਵਿਰੋਧ ਕਾਰਨ ਕਾਰਵਾਈ ਨਹੀਂ ਹੋਈ। ਭਲਕੇ ਪੰਚਾਇਤ ਤੇ ਪਿੰਡ ਦੇ ਲੋਕਾਂ ਨਾਲ ਮੀਟਿੰਗ ਰੱਖੀ ਗਈ ਹੈ।

Advertisement

Advertisement
Author Image

joginder kumar

View all posts

Advertisement