Punjab News - AAP Vs Congress: ਕਾਂਗਰਸੀ ਆਗੂਆਂ ਨੇ ਲਾਏ ਭਗਵੰਤ ਮਾਨ ’ਤੇ ਭਾਜਪਾ ਦੀ Troll Army ਦਾ ਹਿੱਸਾ ਹੋਣ ਦੇ ਦੋਸ਼
ਮੁੱਖ ਮੰਤਰੀ ਵੱਲੋਂ ਰਾਹੁਲ ਗਾਂਧੀ ਵਿਚ ‘ਆਗੂ ਬਣਨ ਦੇ ਗੁਣ ਨਾ ਹੋਣ’ ਦੋ ਦੋਸ਼ ਲਾਏ ਜਾਣ ਤੋਂ ਪੰਜਾਬ ਕਾਂਗਰਸ ਦੇ ਆਗੂ ਖ਼ਫ਼ਾ; ਪ੍ਰਤਾਪ ਬਾਜਵਾ ਅਤੇ ਰਾਜਾ ਵੜਿੰਗ ਨੇ ਕੀਤੀ ਭਗਵੰਤ ਮਾਨ ਦੀ ਨਿੰਦਾ
ਰਾਜਮੀਤ ਸਿੰਘ
ਚੰਡੀਗੜ੍ਹ, 31 ਮਾਰਚ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ (LoP) ਰਾਹੁਲ ਗਾਂਧੀ ਦੇ ਲੀਡਰਸ਼ਿਪ ਸਬੰਧੀ ਗੁਣਾਂ ਉਤੇ ਸਵਾਲ ਉਠਾਏ ਜਾਣ ਤੋਂ ਇਕ ਦਿਨ ਬਾਅਦ ਕਾਂਗਰਸੀ ਆਗੂਆਂ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਮਵਾਰ ਨੂੰ ਮੁੱਖ ਮੰਤਰੀ 'ਤੇ ਭਾਜਪਾ ਲੀਹ 'ਤੇ ਚੱਲਣ ਦਾ ਦੋਸ਼ ਲਗਾਇਆ ਹੈ।
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ (LoP) ਬਾਜਵਾ ਨੇ ਕਿਹਾ, "ਰਾਹੁਲ ਗਾਂਧੀ ਨੇ ਭਾਰਤ ਨੂੰ ਇਕਜੁੱਟ ਕਰਨ ਅਤੇ ਗਰੀਬਾਂ ਤੇ ਘੱਟ ਗਿਣਤੀਆਂ ਲਈ ਲੜਨ ਲਈ ਭਾਰਤ ਜੋੜੋ ਯਾਤਰਾ ਵਿੱਚ 4,080 ਕਿਲੋਮੀਟਰ ਪੈਦਲ ਯਾਤਰਾ ਕੀਤੀ, ਜਦੋਂ ਕਿ ਤੁਹਾਡੇ #6pmNoCM ਵਾਚ ਤਹਿਤ ਅਧੂਰੇ ਵਾਅਦਿਆਂ ਅਤੇ ਸੈਸ਼ਨ ਤੋਂ ਲਾਂਭੇ ਰਹਿਣ ਵਰਗੀਆਂ ਕਾਰਵਾਈਆਂ ਦੌਰਾਨ ਪੰਜਾਬ ਨਸ਼ਿਆਂ ਅਤੇ ਨਿਰਾਸ਼ਾ ਵਿੱਚ ਡੁੱਬਿਆ ਹੋਇਆ ਹੈ। @RahulGandhi ਸੰਸਦ ਵਿੱਚ ਸੰਵਿਧਾਨ ਦਾ ਮਜ਼ਬੂਤੀ ਨਾਲ ਬਚਾਅ ਕਰਦਾ ਹੈ; ਤੁਸੀਂ @BJP4India ਦੀਆਂ ਲੀਹਾਂ ’ਤੇ ਚੱਲਦੇ ਹੋਏ ਸਵਾਲਾਂ ਤੋਂ ਲੁਕਦੇ ਹੋ। ਚੰਦਰਯਾਨ ਉੱਡ ਗਿਆ, ਪਰ ਤੁਹਾਡੀ ਸ਼ਰਾਬ ਦੇ ਬਾਲਣ ਵਾਲੀ ਲੀਡਰਸ਼ਿਪ ਜ਼ਮੀਨ 'ਤੇ ਹੀ ਟਿਕੀ ਹੋਈ ਹੈ। @INCIndia ਦੇ LoP ਦਾ ਮਜ਼ਾਕ ਉਡਾਉਣ ਤੋਂ ਪਹਿਲਾਂ ਆਪਣੀਆਂ ਸਵੇਰ ਤੋਂ ਸ਼ਾਮ ਤੱਕ ਦੀਆਂ ਨਾਕਾਮੀਆਂ ਵੱਲ ਧਿਆਨ ਦਿਓ।"
ਵੜਿੰਗ ਨੇ ਕਿਹਾ ਕਿ ਇਹ ਦੁਖਦਾਈ ਹੈ ਕਿ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਭਾਜਪਾ ਦੀ "ਟ੍ਰੋਲ ਆਰਮੀ" ਵਿੱਚ ਇੱਕ ਹੋਰ ਪਿਆਦੇ ਵਜੋਂ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਪ੍ਰਵਾਨਿਤ ਤੱਥ ਹੈ ਕਿ "ਮਾਨ ਸਾਹਿਬ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ਮੁਤਾਬਕ ਕੰਮ ਕਰਦੇ ਹਨ"।
ਪੰਜਾਬ ਕਾਂਗਰਸ ਦੇ ਪ੍ਰਧਾਨ ਵੜਿੰਗ ਨੇ X ਉਤੇ ਆਪਣੀ ਪੋਸਟ ਵਿਚ ਕਿਹਾ, "ਕਿਸਾਨਾਂ 'ਤੇ ਬੇਰਹਿਮੀ ਨਾਲ ਦਮਨ ਤੋਂ ਬਾਅਦ, ਹੁਣ ਸਾਡੇ ਮੁੱਖ ਮੰਤਰੀ ਸਾਹਿਬ 'ਰਾਜੇ ਨਾਲੋਂ ਵੱਧ ਵਫ਼ਾਦਾਰ' ਬਣਨ ਦੀ ਕੋਸ਼ਿਸ਼ ਵਿਚ ਇੱਕ ਕਦਮ ਹੋਰ ਅੱਗੇ ਵਧ ਗਏ ਹਨ।"
ਗ਼ੌਰਤਲਬ ਹੈ ਕਿ ਬੀਤੇ ਦਿਨ ਇਕ ਟੀਵੀ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਜੇ ‘ਰਾਹੁਲ ਗਾਂਧੀ ਵਿਚ ਆਗੂ ਬਣਨ ਦੇ ਗੁਣ ਨਹੀਂ ਹਨ ਤਾਂ ਕਿਉਂ ਉਨ੍ਹਾਂ ਨੂੰ ਧੱਕੇ ਨਾਲ ਲੀਡਰ ਬਣਾਇਆ’ ਜਾ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਜਦੋਂ ਵੀ ਭਾਰਤ ਵਿਚ ਕੋਈ ਅਹਿਮ ਮਾਮਲਾ ਹੁੰਦਾ ਹੈ ਤਾ ਰਾਹੁਲ ਗਾਂਧੀ ‘ਇਟਲੀ ਆਪਣੇ ਨਾਨਕੇ’ ਚਲੇ ਜਾਂਦੇ ਹਨ ਜਾਂ ਅਮਰੀਕਾ ਵਿਚ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਸ੍ਰੀਹਰੀਕੋਟਾ ਤੋਂ ਚੰਦਰਯਾਨ ਤਾਂ ਲਾਂਚ ਹੋ ਗਿਆ ਪਰ ਕਾਂਗਰਸ ਵਿਚੋਂ ‘ਰਾਹੁਲ ਗਾਂਧੀ ਦੀ ਲਾਂਚਿੰਗ’ ਨਹੀਂ ਹੋ ਰਹੀ।