ਪੰਜਾਬ ਕਿਸਾਨ ਯੂਨੀਅਨ ਵੱਲੋਂ ਸੁੂਬਾ ਪੱਧਰੀ ਇਜਲਾਸ ਦੀਆਂ ਤਿਆਰੀਆਂ
ਟ੍ਰਿਬਿਉਨ ਨਿੳੂਜ਼ ਸਰਵਿਸ
ਰਾਏਕੋਟ, 6 ਜੁਲਾਈ
ਪੰਜਾਬ ਕਿਸਾਨ ਯੂਨੀਅਨ ਦੀ ਸੂਬਾ ਪੱਧਰੀ ਮਹੀਨਾਵਾਰ ਮੀਟਿੰਗ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਹੋਈ। ਇਸ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ 25 ਅਗਸਤ ਨੂੰ ਜੱਥੇਬੰਦੀ ਦਾ ਸੂਬਾ ਪੱਧਰੀ ਇਜਲਾਸ ਕੀਤਾ ਜਾਵੇਗਾ, ਜਿਸ ਦੀਆਂ ਤਿਆਰੀਆਂ ਵਜੋਂ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਜੱਥੇਬੰਦੀ ਦੇ ਆਗੂਆਂ ਨੇ ਕਿਹਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਮੱਕੀ, ਮੂੰਗੀ ਸਮੇਤ ਹਰ ਫਸਲ ‘ਤੇ ਐੱਮਐੱਸਪੀ ਦੀ ਮੰਗ ਨੂੰ ਲੈ ਕੇ ਜਿਨ੍ਹਾਂ ਇਲਾਕਿਆਂ ਵਿੱਚ ਮੂੰਗੀ ਤੇ ਮੱਕੀ ਦੀ ਆਮਦ ਹੈ, ਅੰਮ੍ਰਿਤਸਰ, ਜਲੰਧਰ, ਜਗਰਾਉਂ, ਨਵਾਂਸ਼ਹਿਰ, ਕਪੂਰਥਲਾ ਵਿਖੇ ਮਾਰਕੀਟ ਕਮੇਟੀਆਂ ਦੇ ਦਫਤਰਾਂ ਅੱਗੇ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣਗੇੇ। ਉਹਨਾਂ ਕਿਹਾ ਕਿ ਮੌੜ ਮੰਡੀ ਵਿਖੇ ਆਮ ਲੋਕਾਂ ਨਾਲ ਲੈਣ ਦੇਣ ਦਾ ਵਿਵਹਾਰ ਖਰਾਬ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ਼ 25 ਜੁਲਾਈ ਨੂੰ ਖੁੱਲੀ ਕਾਨਫਰੰਸ ਕੀਤੀ ਜਾਵੇਗੀ ਤੇ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਧੱਕੇ ਨਾਲ ਕਾਬਜ਼ ਹੋਣ ਵਾਲੇ ਭੌਂ-ਮਾਫੀਆ ਖਿਲਾਫ਼ ਡਟਵੀਂ ਲੜਾਈ ਲੜੀ ਜਾਵੇਗੀ। ਇਸ ਮੌਕੇ ਜਨਰਲ ਸਕੱਤਰ ਗੁਰਨਾਮ ਭੀਖੀ, ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ, ਸੂਬਾ ਕਮੇਟੀ ਆਗੂ ਜਸਵਿੰਦਰ ਸਿੰਘ ਲਾਡੀ, ਮਲਕੀਤ ਸਿੰਘ ਭੈਣੀ ਬੜਿੰਗਾ ਆਦਿ ਆਗੂ ਹਾਜ਼ਰ ਸਨ।