ਭਾਰਤ ਵਿਚ ਪੰਜਾਬ
ਭਾਈ ਅਸ਼ੋਕ ਸਿੰਘ ਬਾਗੜੀਆਂ
ਮੋਗੇ ਵਿਚ ਝੰਡੇ ਵਾਲੀ ਘਟਨਾ ਪੰਜਾਬ ਅਤੇ ਖਾਸ ਕਰ ਕੇ ਸਿੱਖਾਂ ਲਈ ਫ਼ਿਕਰ ਵਾਲੀ ਗੱਲ ਹੈ। ਇਹ ਪੰਥ ਦੇ ਆਗੂਆਂ, ਵਿਦਵਾਨਾਂ ਅਤੇ ਸਿਆਸੀ ਲੀਡਰਾਂ ਦੀ ਗੰਭੀਰ ਤਵੱਜੋ ਮੰਗਦੀ ਹੈ| ਇਸ ਕਿਸਮ ਦੀ ਮੰਗ ਨੇ ਪਹਿਲਾਂ ਵੀ ਸਿੱਖ, ਸਿੱਖੀ ਅਤੇ ਸਿੱਖ ਨੌਜਵਾਨੀ ਦੀ ਘਾਣ ਕੀਤਾ ਹੈ| ਸਿੱਖਾਂ ਦੀ ਸਿਆਸੀ ਮੰਗ ਤਾਂ ਹਿੰਦੋਸਤਾਨ ਦੀ ਆਜ਼ਾਦੀ ਅਤੇ ਪੰਜਾਬ ਦੇ ਬਟਵਾਰੇ ਵੇਲੇ ਹਿੰਦੋਸਤਾਨ ਦੇ ਸ਼ਮਾਲੀ (ਉਤਰ) ਹਿੱਸੇ ਵਿਚ ਐਸਾ ਖਿੱਤਾ ਰਾਖਵਾਂ ਕਰਨ ਦੀ ਸੀ ਜਿਸ ਵਿਚ ਸਿੱਖ ਸਮਾਜ, ਸਿੱਖ ਸਭਿਆਚਾਰ, ਸਿੱਖ ਧਰਮ, ਸਿੱਖ ਜ਼ੁਬਾਨ ਮਹਿਫੂਜ਼ ਹੋਵੇ ਅਤੇ ਵਧੇ-ਫੁੱਲੇ| ਇਸ ਮੰਗ ਨੂੰ ਅੰਗਰੇਜ਼ੀ ਵਿਚ ਇਸ ਤਰ੍ਹਾਂ ਲਿਖਿਆ ਮਿਲਦਾ ਹੈ: ‘A place in the north where the Sikhs can feel the glow of Independence’। ਇਹ ਖਿੱਤਾ ਹਿੰਦੋਸਤਾਨ ਦੇ ਸੰਘੀ ਢਾਂਚੇ ਦੇ ਅੰਦਰ ਸੀ, ਬਾਹਰ ਨਹੀਂ| ਹਿੰਦੋਸਤਾਨ ਤੋਂ ਅਲੱਗ ਜਗ੍ਹਾ ਮੰਗਣ ਦਾ ਕੋਈ ਸੰਕੇਤ ਨਹੀਂ ਮਿਲਦਾ| ਇਹ ਠੀਕ ਹੈ। ਇਹ ਕਹਿ ਦੇਣਾ ਜਾਇਜ਼ ਹੋਵੇਗਾ ਕਿ ਇਹ ਜੋ ਹਿੰਦੋਸਤਾਨ ਦੇ ਅੰਦਰ ਇਕ ਖਾਸ ਜਗ੍ਹਾ ਦੀ ਤਸੱਲੀ ਉਸ ਵਕਤ ਦੇ ਆਗੂਆਂ- ਗਾਂਧੀ ਤੇ ਨਹਿਰੂ ਨੇ ਦਿੱਤੀ, ਉਹ ਪੂਰੀ ਨਾ ਹੋਣ ਕਰ ਕੇ ਪੰਜਾਬੀ ਜ਼ੁਬਾਨ ਨਾਲ ਬੇਇਨਸਾਫੀ ਕੀਤੀ ਗਈ। ਉਦੋਂ ਹਿੰਦੋਸਤਾਨ ਦੇ ਸਾਰੇ ਸੂਬੇ ਜ਼ੁਬਾਨ ਦੇ ਆਧਾਰ ਤੇ ਪੁਨਰਗਠਿਤ ਕੀਤੇ ਗਏ ਸਨ। ਇਉਂ ਪੰਜਾਬ ਬਾਰੇ ਕੇਂਦਰ ਦੀ ਪਹੁੰਚ ਨਾਲ ਸਿੱਖਾਂ ਵਿਚ ਡੂੰਘੀ ਨਿਰਾਸ਼ਾ ਬਣ ਗਈ| ਸਿੱਖਾਂ ਵਿਚ ਪੈਦਾ ਹੋਈ ਇਸ ਨਿਰਾਸ਼ਾ ਨੂੰ ਸਿਆਸੀ ਆਗੂਆਂ ਨੇ ਆਪੋ-ਆਪਣੀ ਸਿਆਸਤ ਲਈ ਵਰਤ ਕੇ ਹਾਲਾਤ ਹੋਰ ਵੀ ਜ਼ਿਆਦਾ ਨਾਜ਼ੁਕ ਬਣਾ ਦਿੱਤੇ|
ਪਿਛਲੇ ਕੁਝ ਸਮੇਂ ਤੋਂ ਹਿੰਦੋਸਤਾਨ ਦਾ ਸਿਆਸੀ ਮਾਹੌਲ ਜਿਸ ਤਰ੍ਹਾਂ ਤੇਜ਼ੀ ਨਾਲ ਬਦਲ ਰਿਹਾ ਹੈ, ਸਿੱਖ ਲੀਡਰਸ਼ਿਪ ਦਾ ਇਹ ਫਰਜ਼ ਬਣਦਾ ਹੈ ਕਿ ਇਸ ਨਾਜ਼ੁਕ ਸਮੇਂ ਤੇ ਆਪਣਾ ਰੋਲ ਬੇਬਾਕੀ ਨਾਲ, ਖੁਦਗੁਰਜ਼ੀਆਂ ਤੋਂ ਉਪਰ ਉਠ ਕੇ, ਪੰਜਾਬ ਤੇ ਪੰਥ ਨੂੰ ਸਮਰਪਿਤ ਹੋ ਕੇ ਨਿਭਾਵੇ ਅਤੇ ਹਾਲਾਤ ਨੂੰ ਮੁੜ 80ਵੇਂ ਦਹਾਕੇ ਵਾਲੇ ਹਾਲਾਤ ਵਿਚ ਜਾਣ ਨਾ ਦੇਣ ਜਿਸ ਦੌਰਾਨ ਅਣਗਿਣਤ ਨੌਜਵਾਨ ਮਾਰੇ ਗਏ| ਇਹ ਕਹਿ ਦੇਣਾ ਗਲਤ ਨਹੀਂ ਹੋਵੇਗਾ ਕਿ ਉਸ ਵਕਤ ਦੀ ਅਤੇ ਹੁਣ ਦੀ ਦਿੱਲੀ ਸਰਕਾਰ ਦੇ ਰਵੱਈਏ ਵਿਚ ਜ਼ਮੀਨ-ਅਸਮਾਨ ਦਾ ਫਰਕ ਹੈ| ਸਭ ਤੋਂ ਵੱਧ ਜ਼ਿੰਮੇਵਾਰੀ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਬਣਦੀ ਹੈ| ਉਨ੍ਹਾਂ ਦੀ ਡਿਊਟੀ ਬਣਦੀ ਹੈ ਕਿ ਉਹ ਗੁਮਰਾਹ ਹੋਏ ਜਾਂ ਕੀਤੇ ਜਾ ਰਹੇ ਨੌਜਵਾਨਾਂ ਨੂੰ ਸੇਧ ਦੇਣ ਅਤੇ ਖਾਲਿਸਤਾਨ ਬਾਰੇ ਆਪਣਾ ਨਜ਼ਰੀਆ ਸਿੱਖਾਂ ਅਤੇ ਭਾਰਤ ਸਾਹਮਣੇ ਰੱਖਣ| ਨਾਲ ਹੀ ਹਾਲਾਤ ਨੂੰ ਬਦਤਰ ਹੋਣ ਤੋਂ ਬਚਾ ਕੇ ਪੰਥ ਪ੍ਰਤੀ ਆਪਣੀ ਵਫਾਦਾਰੀ ਦਾ ਸਬੂਤ ਪੇਸ਼ ਕਰਨ ਅਤੇ ਨਿਭਾਉਣ|
90ਵੇਂ ਦਹਾਕੇ ਜਦੋਂ ਦਾਸ ਨੂੰ ਅਕਾਲ ਤਖਤ ਸਾਹਿਬ ਵਲੋਂ ਅਕਾਲੀ ਏਕਤਾ ਦੇ ਕਨਵੀਨਰ ਦੀ ਸੇਵਾ ਸੌਂਪੀ ਗਈ, ਉਸ ਵਕਤ ਵੀ ਮੈਨੂੰ ਬਾਹਰ ਬੈਠੇ ਸਿੱਖਾਂ ਦੇ ਐਸੇ ਫੋਨ ਆਉਂਦੇ ਸਨ ਕਿ ‘ਇਸ ਤਰ੍ਹਾਂ ਕਰ ਦਿਉ’ ਜਾਂ ‘ਉਸ ਤਰ੍ਹਾਂ ਕਰ ਦਿਉ’, ਮੈਂ ਉਨ੍ਹਾਂ ਨੂੰ ਅਕਸਰ ਇਹ ਜਵਾਬ ਦਿੰਦਾ- ‘ਬਾਹਰ ਬੈਠ ਕੇ ਬੋਲਣਾ ਬਹੁਤ ਸੌਖਾ ਹੈ, ਸਾਡਾ ਇਕ ਵੀ ਗਲਤ ਜਾਂ ਨਾਸਮਝੀ ਵਾਲਾ ਫੈਸਲਾ ਪੰਥ ਨੂੰ ਗਹਿਰੀ ਸਮੱਸਿਆ ਵਿਚ ਪਾ ਦੇਵੇਗਾ| ਅਗਰ ਤੁਸੀਂ ਹਿੰਦੋਸਤਾਨ ਦੇ ਸਿੱਖਾਂ ਬਾਰੇ ਕੁਝ ਕਰਨਾ ਚਾਹੁੰਦੇ ਹੋ ਤਾਂ ਹਿੰਦੁਸਤਾਨ ਵਿਚ ਆ ਕੇ ਸਮਾਜ ਨਾਲ ਅਤੇ ਸਮਾਜ ਸਾਮਹਣੇ ਗੱਲ ਕਰੋ| ਤੁਸੀਂ ਬਾਹਰਲੇ ਦੇਸ਼ਾਂ ਵਿਚ ਬੈਠ ਕੇ ਕੁਝ ਵੀ ਬੋਲਦੇ ਹੋ ਪਰ ਉਸ ਦੀ ਮਾਰ ਭਾਰਤ ਵਿਚ ਵਸਦੇ ਸਿੱਖਾਂ ਨੂੰ ਝੱਲਣੀ ਪੈਂਦੀ ਹੈ’| ਬਾਹਰ ਬੈਠੇ ਸਿੱਖਾਂ ਅੰਦਰ ਅਗਰ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੈ ਤਾਂ ਭਾਰਤ ਆ ਕੇ ਆਪਣਾ ਉਸਾਰੂ ਰੋਲ ਨਿਭਾਉਣ| ਇਹੀ ਗੱਲ ਅੱਜ ਵੀ ਬਾਹਰ ਬੈਠੇ ਗਰਮਖਿਆਲ ਸਿੱਖਾਂ ਉਤੇ ਲਾਗੂ ਹੁੰਦੀ ਹੈ। ਉਹ ਸਿੱਖ ਨੌਜਵਾਨੀ ਨੂੰ ਜਜ਼ਬਾਤੀ ਬਣਾ ਕੇ ਬਰਬਾਦ ਨਾ ਕਰਨ| ਸਿੱਖ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਐਸੇ ਕੰਮ ਨਾ ਕਰਵਾਏ ਜਾਣ ਜਿਸ ਨਾਲ ਸਿੱਖ ਨੌਜਵਾਨਾਂ ਦੇ ਨਾਲ ਨਾਲ ਸਿੱਖ ਸਮਾਜ ਨੂੰ ਵੀ ਇਸ ਦਾ ਭਾਰੀ ਖਮਿਆਜ਼ਾ ਭੁਗਤਣਾ ਪਵੇ| ਸਾਨੂੰ ਭੜਕਾਊ ਮੀਡੀਆ ਅਤੇ ਏਜੰਸੀਆਂ ਤੋਂ ਵੀ ਚੁਕੰਨੇ ਰਹਿਣਾ ਪਵੇਗਾ ਜੋ ਪੱਤਰਕਾਰੀ ਦੀ ਆੜ ਵਿਚ ਸਿੱਖ ਲੀਡਰਾਂ ਜਾਂ ਆਗੂਆਂ ਦੇ ਮੂੰਹ ਵਿਚ ਜ਼ਬਰਦਸਤੀ ਸ਼ਬਦ ਪਾ ਕੇ ਸਿੱਖਾਂ ਨੂੰ ਬਦਨਾਮ ਕਰਦੇ ਹਨ|
80ਵੇਂ ਅਤੇ 90ਵੇਂ ਦਹਾਕੇ ਵਿਚ ਵੀ ਕੁਝ ਏਜੰਸੀਆਂ ਨੇ ਸਿੱਖ ਨੌਜਵਾਨਾਂ ਨੂੰ ਭੜਕਾ ਕੇ ਕਈ ਭਾਵੁਕ ਮੁੱਦੇ ਬਹੁਤ ਉਛਾਲੇ ਜਿਸ ਦੇ ਅੰਜਾਮ ਤੋਂ ਅਸੀਂ ਸਾਰੇ ਭਲੀਭਾਂਤ ਜਾਣੂ ਹਨ| ਘੱਟ ਗਿਣਤੀਆਂ ਕਦੇ ਵੀ ਹਿੰਸਾ ਵਾਲੇ ਤਰੀਕੇ ਨਾਲ ਆਪਣੇ ਟੀਚੇ ਸਰ ਨਹੀਂ ਕਰ ਸਕਦੀਆਂ| ਸਿੱਖਾਂ ਨੂੰ ਵਾਹਿਗੁਰੂ ਨੇ ਉਹ ਹਰ ਗੁਣ ਬਖ਼ਸ਼ਿਆ ਹੈ ਜਿਸ ਨਾਲ ਉਹ ਮਾਨਵਤਾ ਦੀ ਸੇਵਾ ਦੇ ਨਾਲ ਨਾਲ ਆਪਣੇ ਆਪ ਨੂੰ ਵੀ ਪ੍ਰਫੁਲਤ ਕਰ ਸਕਣ| ਲੋੜ ਹੈ ਤਾਂ ਗੁਰੂ ਸਾਹਿਬਾਨ ਦੀ ਫਿਲਾਸਫੀ ਨੂੰ ਸਮਝਣ ਦੀ, ਅਪਨਾਉਣ ਦੀ ਅਤੇ ਉਸ ਅਨੁਸਾਰ ਵਿਚਰਨ ਦੀ| ਐਸੇ ਨਾਜ਼ੁਕ ਸਮੇਂ ਤੇ ਅਕਾਲੀ ਦਲ ਦੀ ਚੁੱਪ ਸਿੱਖਾਂ ਲਈ ਘਾਤਕ ਸਾਬਤ ਹੋਵੇਗੀ|
ਸੰਪਰਕ: 98140-95308