ਪੰਜਾਬ ਕੋਲ ਸਾਰੇ ਮੁਲਕ ਨੂੰ ਰਾਹ ਦਿਖਾਉਣ ਦੀ ਸਮਰੱਥਾ: ਮਿੱਤਲ
ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਦਸੰਬਰ
ਕੇਂਦਰੀ ਨੀਤੀ ਆਯੋਗ ਵੱਲੋਂ ਜ਼ਿਲ੍ਹੇ ਨੂੰ ਐਸਪੀਰੇਸ਼ਨਲ ਤੋਂ ਇੰਸਪੀਰੇਸ਼ਨਲ ਬਣਾਉਣ ਲਈ ‘ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ’ ਤਹਿਤ ਪ੍ਰਧਾਨ ਮੰਤਰੀ ਦਫ਼ਤਰ ਦੇ ਸੰਯੁਕਤ ਸਕੱਤਰ ਡਾ. ਦੀਪਕ ਮਿੱਤਲ ਨੇ ਜ਼ਿਲ੍ਹਾ ਮੋਗਾ ਦਾ ਦੌਰਾ ਕਰ ਕੇ ਪਰਾਲੀ ਪ੍ਰਬੰਧਨ ਲਈ ਖਰੀਦੇ ਬੇਲਰਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਗੁਰੂ ਸਾਹਿਬ ਚੈਰੀਟੇਬਲ ਸੋਸਾਇਟੀ ਖੋਸਾ ਕੋਟਲਾ, ਵਾਟਰ ਹਾਰਵੈਸਟਿੰਗ ਸਿਸਟਮ ਖੋਸਾ ਜਲਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਰੂਪਾ ਦਾ ਵੀ ਦੌਰਾ ਕੀਤਾ। ਇਸ ਮੌਕੇ ਡੀਸੀ ਕੁਲਵੰਤ ਸਿੰਘ, ਏਡੀਸੀ ਜਗਵਿੰਦਰਜੀਤ ਸਿੰਘ ਗਰੇਵਾਲ ਤੇ ਏਡੀਸੀ ਸ਼੍ਰੀਮਤੀ ਅਨੀਤਾ ਦਰਸ਼ੀ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਸ੍ਰੀ ਮਿੱਤਲ ਨੇ ਕਿਹਾ ਕਿ ਪੰਜਾਬ ਕੋਲ ਪੂਰੇ ਦੇਸ਼ ਨੂੰ ਰਾਹ ਦਿਖਾਉਣ ਦੀ ਸਮਰੱਥਾ ਹੈ। ਇਸ ਦਿਸ਼ਾ ਵਿੱਚ ਪੰਜਾਬੀਆਂ ਨੂੰ ਅੱਗੇ ਲੱਗਣਾ ਚਾਹੀਦਾ ਹੈ। ਕੋਈ ਸਮਾਂ ਸੀ ਜਦੋਂ ਪੰਜਾਬੀ ਆਪਣੀ ਨਰੋਈ ਸਿਹਤ ਅਤੇ ਪ੍ਰਾਹੁਣਚਾਰੀ ਲਈ ਪੂਰੇ ਵਿਸ਼ਵ ਵਿੱਚ ਜਾਣੇ ਜਾਂਦੇ ਸਨ। ਅੱਜ ਲੋੜ ਹੈ ਕਿ ਪੰਜਾਬ ਦੀ ਇਹ ਸ਼ਾਨ ਮੁੜ ਬਹਾਲ ਕੀਤੀ ਜਾਵੇ। ਨੀਤੀ ਆਯੋਗ ਵੱਲੋਂ ਜ਼ਿਲ੍ਹਾ ਮੋਗਾ ਨੂੰ ਹੁਣ ਤੱਕ ਕਰੀਬ 14 ਕਰੋੜ ਰੁਪਏ ਫੰਡ ਦਿੱਤੇ ਗਏ ਹਨ। ਉਨ੍ਹਾਂ ਜ਼ਿਲ੍ਹੇ ਅੰਦਰ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਰੋਕਣ ਲਈ ਸਾਰਿਆਂ ਨੂੰ ਇੱਕਜੁੱਟਤਾ ਨਾਲ ਉਪਰਾਲੇ ਕਰਨ ਲਈ ਆਖਿਆ। ਉਨ੍ਹਾਂ ਮੋਗਾ ਜ਼ਿਲ੍ਹੇ ਨੂੰ ਜਲਦ ਤੋਂ ਜਲਦ ‘ਐਸਪੀਰੇਸ਼ਨਲ ਤੋਂ ‘ਇੰਸਪੀਰੇਸ਼ਨਲ‘ ਜ਼ਿਲ੍ਹਾ ਬਣਾਉਣ ਲਈ ਟੀਮ ਵਜੋਂ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਜੁੱਤੀ ਅਤੇ ਮਿੱਟੀ ਦਾ ਘੜਾ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਉੱਤੇ ਵੀ ਜ਼ੋਰ ਦਿੰਦੇ ਸਵੈ-ਸਹਾਇਤਾ ਗਰੁੱਪਾਂ ਵੱਲੋਂ ਤਿਆਰ ਕੀਤੇ ਜਾ ਰਹੇ ਉਤਪਾਦਾਂ ਨੂੰ ਬਾਜ਼ਾਰ ਮੁਹੱਈਆ ਕਰਵਾਇਆ ਜਾਵੇ।