ਕਿਸਾਨ ਪ੍ਰਦਰਸ਼ਨਾਂ ਪਿੱਛੇ ਪੰਜਾਬ ਸਰਕਾਰ ਦਾ ਹੱਥ: ਜਾਖੜ
ਪਾਲ ਸਿੰਘ ਨੌਲੀ
ਜਲੰਧਰ, 28 ਮਈ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਚੋਣਾਂ ਦੌਰਾਨ ਕਿਸਾਨ ਪ੍ਰਦਰਸ਼ਨਾਂ ਨੂੰ ਪੰਜਾਬ ਸਰਕਾਰ ਸੂਬੇ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਵਰਤ ਰਹੀ ਹੈ ਤਾਂ ਜੋ ਸਰਕਾਰ ਦੀਆਂ ਵੱਡੀਆਂ ਨਾਕਾਮੀਆਂ ’ਤੇ ਪਰਦਾ ਪਾਇਆ ਜਾ ਸਕੇ। ਉਨ੍ਹਾਂ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਦੋਸ਼ ਵੀ ਲਾਇਆ ਕਿ ਇਨ੍ਹਾਂ ਪ੍ਰਦਰਸ਼ਨਾਂ ਨਾਲ ਸਮਾਜ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਗਈ ਹੈ, ‘ਪੇਂਡੂ ਬਨਾਮ ਸ਼ਹਿਰੀ’ ਅਤੇ ‘ਕਿਸਾਨ ਬਨਾਮ ਵਪਾਰੀ।’
ਜਾਖੜ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵੱਡੇ ਮੁੱਦੇ ਚੋਣਾਂ ਵਿੱਚੋਂ ਗਾਇਬ ਹਨ। ਪੰਜਾਬ ਸਰਕਾਰ ਤੋਂ ਨਸ਼ਿਆਂ ਤੋਂ ਲੈ ਕੇ ਬੇਰੁਜ਼ਗਾਰੀ ਤੱਕ ਦੇ ਵੱਡੇ-ਵੱਡੇ ਵਾਅਦਿਆਂ ਅਤੇ ਕਿਸਾਨਾਂ ਨਾਲ ਕੀਤੇ ਵਾਅਦਿਆਂ ’ਤੇ ਸਵਾਲ ਉਠਾਏ ਜਾਣੇ ਚਾਹੀਦੇ ਸਨ ਪਰ ਭਾਜਪਾ ਉਮੀਦਵਾਰਾਂ ਦੇ ਕਿਸਾਨ ਵਿਰੋਧੀ ਧਰਨਿਆਂ ਕਾਰਨ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਵਿੱਚੋਂ ਬਚ ਕੇ ਨਿਕਲੀ। ਸੁਨੀਲ ਜਾਖੜ ਨੇ ਕਿਹਾ ਕਿ ਲੋਕਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਪੰਜਾਬ ਵਿੱਚ ਚੋਣ ਪ੍ਰਚਾਰ ਲਈ ਬੁਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ‘ਆਪ’ ਮੰਤਰੀ ਬਲਕਾਰ ਸਿੰਘ ਦੀ ਅਸ਼ਲੀਲ ਵੀਡੀਓ ਦਾ ਹਵਾਲਾ ਦਿੰਦਿਆਂ ਉਸ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਨ ਦੀ ਮੰਗ ਕੀਤੀ।
ਨਸ਼ਿਆਂ ਦੇ ਮਾਮਲੇ ’ਚ ਕਾਂਗਰਸ ਘੇਰੀ
ਸੁਨੀਲ ਜਾਖੜ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਨਸ਼ਿਆਂ ਦੇ ਮੁੱਦੇ ’ਤੇ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਤਾਂ ਕਾਂਗਰਸ ਨੇ ਇਸ ਨੂੰ ਜਵਾਬਦੇਹ ਨਹੀਂ ਠਹਿਰਾਇਆ ਕਿਉਂਕਿ ਕਾਂਗਰਸ ਦੇ ਦੋ ਮੁੱਖ ਨੇਤਾਵਾਂ ’ਤੇ ਪਹਿਲਾਂ ਨਸ਼ਿਆਂ ਨਾਲ ਜੁੜੇ ਹੋਣ ਦੇ ਗੰਭੀਰ ਦੋਸ਼ ਲੱਗ ਚੁੱਕੇ ਹਨ।