ਜ਼ਖ਼ਮੀ ਕਿਸਾਨਾਂ ਦਾ ਇਲਾਜ ਕਰਵਾਏਗੀ ਪੰਜਾਬ ਸਰਕਾਰ: ਸਿਹਤ ਮੰਤਰੀ
ਦਰਸ਼ਨ ਸਿੰਘ ਸੋਢੀ/ਸਰਬਜੀਤ ਸਿੰਘ ਭੰਗੂ
ਐਸਏਐਸ ਨਗਰ/ਪਟਿਆਲਾ, 14 ਫਰਵਰੀ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਅੰਦੋਲਨ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਦੇ ਇਲਾਜ ਦਾ ਸਾਰਾ ਖਰਚਾ ਸੂਬਾ ਸਰਕਾਰ ਵੱਲੋਂ ਕੀਤਾ ਜਾਵੇਗਾ। ਸਿਹਤ ਮੰਤਰੀ ਅੱਜ ਡਾ. ਬੀਆਰ ਅੰਬੇਦਕਰ ਸਟੇਟ ਇੰਸਟੀਚਿਊਟ ਫਾਰ ਮੈਡੀਕਲ ਸਾਇੰਸਿਜ਼ (ਸਰਕਾਰੀ ਮੈਡੀਕਲ ਕਾਲਜ) ਫੇਜ਼-6 ਵਿੱਚ ਜ਼ਖ਼ਮੀ ਕਿਸਾਨਾਂ, ਮੀਡੀਆ ਕਰਮੀਆਂ ਅਤੇ ਪੁਲੀਸ ਜਵਾਨਾਂ ਦਾ ਹਾਲ ਜਾਣਨ ਲਈ ਪਹੁੰਚੇ ਸਨ। ਬੀਤੇ ਦਿਨੀਂ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਮਗਰੋਂ ਵੱਡੀ ਗਿਣਤੀ ਕਿਸਾਨ, ਮੀਡੀਆ ਕਰਮੀ ਤੇ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਸਨ ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਸਿਹਤ ਮੰਤਰੀ ਨੇ ਇਸ ਦੌਰਾਨ ਏਮਜ਼ ਹਸਪਤਾਲ ਮੁਹਾਲੀ ਦੇ ਐਮਰਜੈਂਸੀ ਕੇਅਰ ਯੂਨਿਟ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਵੀ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਖ਼ਮੀਆਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਸਿਹਤ ਮੰਤਰੀ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ ਸਰਹੱਦ ਨਾਲ ਲੱਗਦੇ ਸਾਰੇ ਹਸਪਤਾਲਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ ਅਤੇ ਐਮਰਜੈਂਸੀ ਸੇਵਾਵਾਂ 24 ਘੰਟੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਸਿਵਲ ਹਸਪਤਾਲ ਰਾਜਪੁਰਾ ’ਚ ਪੁੱਜੇ 55 ਜ਼ਖ਼ਮੀ ਕਿਸਾਨ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਸਿਵਲ ਹਸਪਤਾਲ ਰਾਜਪੁਰਾ ਵਿੱਚ ਬੀਤੇ ਦਿਨ 31 ਤੇ ਅੱਜ 24 ਜ਼ਖ਼ਮੀ ਕਿਸਾਨ ਲਿਆਂਦੇ ਗਏ ਹਨ। ਐੱਸਐੱਮਓ ਡਾ. ਬਿੱਧੀ ਚੰਦ ਨੇ ਦੱਸਿਆ ਕਿ ਹਸਪਤਾਲ ਵਿੱਚ ਕੁੱਲ 55 ਫੱਟੜ ਕਿਸਾਨ ਦਾਖਲ ਹੋਏ ਹਨ, ਜਿਨ੍ਹਾਂ ’ਚੋਂ 4 ਦੀ ਹਾਲਤ ਨਾਜ਼ੁਕ ਹੋਣ ਕਰਕੇ ਉਨ੍ਹਾਂ ਨੂੰ ਰੈਫ਼ਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 46 ਕਿਸਾਨਾਂ ਨੂੰ ਡਾਕਟਰੀ ਸਹੂਲਤ ਦੇਣ ਮਗਰੋਂ ਘਰੇ ਭੇਜ ਦਿੱਤਾ ਗਿਆ ਹੈ ਤੇ ਇਸ ਵੇਲੇ ਪੰਜ ਜ਼ਖ਼ਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਜ਼ਖ਼ਮੀ ਹੋਏ ਚਾਰ ਕਿਸਾਨਾਂ ’ਚੋਂ ਇੱਕ ਦੀ ਅੱਖ ਖਰਾਬ ਹੋਈ
ਬਨੂੜ (ਕਰਮਜੀਤ ਸਿੰਘ ਚਿੱਲਾ): ਸ਼ੰਭੂ ਬੈਰੀਅਰ ’ਤੇ ਹਰਿਆਣਾ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਮਗਰੋਂ ਜ਼ਖ਼ਮੀ ਹੋਏ ਕੁਝ ਕਿਸਾਨਾਂ ਨੂੰ ਸਥਾਨਕ ਸੀਐੱਚਸੀ ਵਿੱਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਥਰੂ ਗੈਸ ਦੇ ਗੋਲਿਆਂ ਕਾਰਨ ਜ਼ਖ਼ਮੀ ਹੋਏ ਚਾਰ ਕਿਸਾਨ ਇਸ ਹਸਪਤਾਲ ਵਿੱਚ ਪਹੁੰਚੇ ਹਨ ਜਿਨ੍ਹਾਂ ਵਿੱਚੋਂ ਤਿੰਨ ਨੂੰ ਡਾਕਟਰੀ ਸਹਾਇਤਾ ਦੇਣ ਮਗਰੋਂ ਘਰ ਭੇਜ ਦਿੱਤਾ ਗਿਆ ਹੈ ਜਦਕਿ ਇੱਕ ਨੌਜਵਾਨ ਦੀ ਅੱਖ ਅਤੇ ਮੱਥੇ ਵਿੱਚ ਗੰਭੀਰ ਜ਼ਖ਼ਮ ਹੋਣ ਕਾਰਨ ਚੰਡੀਗੜ੍ਹ ਸੈਕਟਰ-32 ਦੇ ਸਰਕਾਰੀ ਮੈਡੀਕਲ ਹਸਪਤਾਲ ਵਿੱਚ ਭੇਜਿਆ ਗਿਆ ਹੈ।