ਪੰਜਾਬ ਸਰਕਾਰ ਨੁਕਸਾਨ ਦਾ ਮੁਆਵਜ਼ਾ ਜਾਰੀ ਕਰੇ: ਕਾਂਗਰਸ
ਪੱਤਰ ਪ੍ਰੇਰਕ
ਜਲੰਧਰ, 31 ਜੁਲਾਈ
ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਆਦਮਪੁਰ, ਬਲਾਕ ਭੋਗਪੁਰ ਅਤੇ ਜਲੰਧਰ ਈਸਟ ਦੇ ਅਹੁਦੇਦਾਰਾਂ ਵਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਨੂੰ ਤੁਰੰਤ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਐਸ.ਡੀ.ਐਮ. ਆਦਮਪੁਰ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਐਸ.ਡੀ.ਐਮ. ਦੀ ਗੈਰ ਹਾਜ਼ਰੀ ਵਿੱਚ ਤਹਿਸੀਲਦਾਰ ਸੁਖਵੀਰ ਕੌਰ ਨੇ ਮੰਗ ਪੱਤਰ ਲਿਆ। ਇਸ ਮੌਕੇ ਹਲਕਾ ਆਦਮਪੁਰ ਦੇ ਪ੍ਰਮੁੱਖ ਕਾਂਗਰਸੀ ਆਗੂ ਹਾਜ਼ਰ ਸਨ। ਜਿਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਪ੍ਰਤੀ ਏਕੜ ਪੰਜਾਹ ਹਜ਼ਾਰ ਰੁਪਏ ਅਤੇ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਹਰੇਕ ਘਰ ਨੂੰ ਪ੍ਰਤੀ ਘਰ ਘੱਟੋਂ ਘੱਟ 5 ਲੱਖ ਰੁਪਏ, ਦੁਕਾਨਦਾਰਾਂ ਦੇ ਹੋਏ ਨੁਕਸਾਨ ਲਈ 2 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਪੰਜਾਹ ਹਜ਼ਾਰ ਰੁਪਏ ਪ੍ਰਤੀ ਪਸ਼ੂ ਤੁਰੰਤ ਜਾਰੀ ਕੀਤੇ ਜਾਣ। ਉਨ੍ਹਾਂ ਅੱਗੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਸੜਕਾਂ, ਪੁਲ, ਸਕੂਲਾਂ ਤੇ ਹਸਪਤਾਲਾਂ ਮੁਰੰਮਤ ਲਈ ਤੁਰੰਤ ਰਾਸ਼ੀ ਜਾਰੀ ਕਰੇ। ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਸਰਪੰਚ ਜਤਿੰਦਰ ਸਿੰਘ ਚਮਿਆਰੀ, ਆਦਮਪੁਰ ਈਸਟ ਦੇ ਪ੍ਰਧਾਨ ਸਰਪੰਚ ਸੁਖਵਿੰਦਰ ਸਿੰਘ ਮੁਜੱਫਰਪੁਰ, ਜ਼ਿਲ੍ਹਾ ਸਕੱਤਰ ਗੁਰਪ੍ਰੀਤ ਸਿੰਘ ਗੋਪੀ ਸਰਨਾਣਾ, ਬਲਵੀਰ ਸਿੰਘ ਮੰਡੇਰਾਂ, ਮਹਿੰਦਰ ਪੰਚ ਪੰਡੋਰੀ, ਤਜਿੰਦਰ ਸਿੰਘ ਸਰਪੰਚ ਵਡਾਲਾ, ਸਰਪੰਚ ਕੁਲਵਿੰਦਰ ਸਿੰਘ ਜਲਭੈ ਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।