ਪੰਜਾਬ ਸਰਕਾਰ ਨੇ ਸਮੇਂ ਸਿਰ ਖਰੀਦ ਦੇ ਪ੍ਰਬੰਧ ਨਹੀਂ ਕੀਤੇ: ਪ੍ਰਨੀਤ ਕੌਰ
ਦਰਸ਼ਨ ਸਿੰਘ ਮਿੱਠਾ
ਘਨੌਰ, 23 ਅਕਤੂਬਰ
ਭਾਜਪਾ ਆਗੂ ਪ੍ਰਨੀਤ ਕੌਰ ਨੇ ਕਿਹਾ ਕਿ ‘ਆਪ’ ਨੇ ਝੋਨੇ ਦੀ ਫ਼ਸਲ ਚੁੱਕਣ ਲਈ ਸਮੇਂ ਸਿਰ ਪ੍ਰਬੰਧ ਨਹੀਂ ਕੀਤੇ ਜਿਸ ਕਾਰਨ ਕਿਸਾਨ ਮੰਡੀਆਂ ’ਚ ਰੁਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਸਰਕਾਰ ਝੋਨਾ ਚੁੱਕਣ ਦੇ ਪ੍ਰਬੰਧ ਕਰਦੀ ਤਾਂ ਅੱਜ ਕਿਸਾਨ ਮੰਡੀਆਂ ’ਚ ਨਾ ਰੁਲਦਾ। ਪ੍ਰਨੀਤ ਕੌਰ ਪਿੰਡ ਹਰਪਾਲਪੁਰ ਵਿੱਚ ਇਕ ਭੋਗ ਸਮਾਗਮ ਵਿਚ ਸ਼ਿਰਕਤ ਕਰਨ ਲਈ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫ਼ਸਲ ਮੰਡੀਆਂ ’ਚ ਆਉਣ ਤੋਂ ਪਹਿਲਾਂ ਸਮੇਂ ਸਿਰ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਸਾਰੇ ਪ੍ਰਬੰਧ ਮੁਕੰਮਲ ਕਰਨੇ ਹੁੰਦੇ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ ਪਰ ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ‘ਆਪ’ ਸਰਕਾਰ ਸੁੱਤੀ ਰਹੀ ਤੇ ਹੁਣ ਕੇਂਦਰ ਨੂੰ ਕੋਸਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਪੂਰੇ ਭਾਰਤ ’ਚ ਸਿਰਫ਼ ਪੰਜਾਬ ਦਾ ਕਿਸਾਨ ਹੀ ਮੰਡੀਆਂ ਵਿੱਚ ਰੁਲਿਆ ਹੈ। ਇਸ ਮੌਕੇ ਹਰਵਿੰਦਰ ਸਿੰਘ ਹਰਪਾਲਪੁਰ, ਪੀਏ ਬਲਵਿੰਦਰ, ਜਸਪਾਲ ਸਿੰਘ ਗਗਰੌਲੀ ਜ਼ਿਲ੍ਹਾ ਪ੍ਰਧਾਨ ਪਟਿਆਲਾ, ਰਾਜਪੁਰਾ ਮੰਡੀ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ, ਘਨੌਰ ਅਨਾਜ ਮੰਡੀ ਦੇ ਪ੍ਰਧਾਨ ਬਲਜਿੰਦਰ ਸਿੰਘ ਮਾੜੂ ਤੇ ਸੁਲੱਖਣ ਸਿੰਘ ਆਦਿ ਹਾਜ਼ਰ ਸਨ।