Punjab News: ਮਿਡ-ਡੇਅ ਮੀਲ ’ਚ ਸ਼ਾਮਲ ਹੋਵੇਗੀ ਖੀਰ ਤੇ ਘਿਓ ਦੇ ਹਲਵੇ ਦੀ ਮਿਠਾਸ
ਨੇਹਾ ਵਾਲੀਆ
ਅੰਮ੍ਰਿਤਸਰ, 2 ਜਨਵਰੀ
ਪੰਜਾਬ ਸਰਕਾਰ ਨੇ ਸਰਦੀਆਂ ਲਈ ਮਿਡ-ਡੇਅ ਮੀਲ ਚਾਰਟ ਵਿੱਚ ਤਬਦੀਲੀ ਕਰਦਿਆਂ ਖੀਰ ਅਤੇ ਘਿਓ ਦੇ ਹਲਵੇ ਸਮੇਤ ਮੌਸਮੀ ਪਕਵਾਨਾਂ ਨੂੰ ਇਸ ਵਿਚ ਸ਼ਾਮਲ ਕੀਤਾ ਹੈ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਾਰੇ ਸਰਕਾਰੀ ਸਕੂਲਾਂ ਨੂੰ ਇੱਕ ਪੱਤਰ ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਬਦਲਿਆ ਹੋਇਆ ਚਾਰਟ 8 ਜਨਵਰੀ ਤੋਂ 31 ਜਨਵਰੀ ਤੱਕ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਪੇਸ਼ ਕੀਤਾ ਜਾਵੇਗਾ। ਇਹ ਭੋਜਨ ਯੋਜਨਾ ਵਿਦਿਆਰਥੀਆਂ ਲਈ ਮੌਸਮੀ ਪੌਸ਼ਟਿਕ ਖ਼ੁਰਾਕ ਦੇ ਨਾਲ-ਨਾਲ ਰਵਾਇਤੀ ਖ਼ੁਰਾਕ ਨੂੰ ਸ਼ਾਮਲ ਕਰੇਗੀ। ਇਸ ਅਨੁਸਾਰ ਹਰ ਮੰਗਲਵਾਰ ਖੀਰ, ਵੀਰਵਾਰ ਨੂੰ ਘਿਓ ਦਾ ਹਲਵਾ ਅਤੇ ਸ਼ੁੱਕਰਵਾਰ ਨੂੰ ਮੌਸਮੀ ਫਲ - ਕਿੰਨੂ ਜਾਂ ਸੰਗਤਰਾ ਪਰੋਸਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਮੌਸਮੀ ਫਲ ਪਿਛਲੇ ਸਾਲ ਸ਼ਾਮਲ ਕੀਤਾ ਗਿਆ ਸੀ। ਸੂਬੇ ਵਿੱਚ 8ਵੀਂ ਜਮਾਤ ਤੱਕ 19,000 ਸਕੂਲੀ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਦਿੱਤਾ ਜਾਂਦਾ ਹੈ। ਵਿਭਾਗ ਨੇ ਪ੍ਰਾਇਮਰੀ ਸਕੂਲਾਂ ਵਿੱਚ ਪ੍ਰਤੀ ਬੱਚਾ ਮਿਡ-ਡੇਅ ਮੀਲ ਦੀ ਕੀਮਤ 5.45 ਰੁਪਏ ਤੋਂ ਵਧਾ ਕੇ 6.19 ਰੁਪਏ ਪ੍ਰਤੀ ਬੱਚਾ ਅਤੇ ਅੱਪਰ ਪ੍ਰਾਇਮਰੀ ਜਮਾਤਾਂ ਲਈ ਪ੍ਰਤੀ ਬੱਚਾ 8.17 ਰੁਪਏ ਤੋਂ ਵਧਾ ਕੇ 9.29 ਰੁਪਏ ਕਰ ਦਿੱਤੀ ਹੈ।
ਜ਼ਮੀਨੀ ਪੱਧਰ ’ਤੇ ਆ ਰਹੀਆਂ ਬਜਟ ਦੀਆਂ ਸਮੱਸਿਆਵਾਂ
ਨਵੀਂ ਮਿਡ-ਡੇਅ ਮੀਲ ਯੋਜਨਾ ਲਈ ਹੁਕਮ ਤਾਂ ਜਾਰੀ ਹੋਏ ਹਨ, ਪਰ ਮਿਡ-ਡੇਅ ਮੀਲ ਦੇ ਸਕੂਲ ਇੰਚਾਰਜ ਲਈ ਇਸ ਨੂੰ ਦਿੱਤੇ ਬਜਟ ਅਤੇ ਲਾਗਤ ਦੇ ਤਹਿਤ ਲਾਗੂ ਕਰਨਾ ਮੁਸ਼ਕਲਾਂ ਨਾਲ ਭਰਿਆ ਹੈ।
ਇਸ ਸਬੰਧੀ ਅੰਮ੍ਰਿਤਸਰ ਦੇ ਸੋਹੀਆਂ ਕਲਾਂ ਦੇ ਇੱਕ ਸਕੂਲ ਵਿੱਚ ਮਿਡ ਡੇ ਮੀਲ ਇੰਚਾਰਜ ਰਾਜਿੰਦਰ ਕੌਰ ਨੇ ਕਿਹਾ, ‘‘ਅਸੀਂ ਪਹਿਲਾਂ ਵਿਦਿਆਰਥੀਆਂ ਨੂੰ ਪਹਿਲਾਂ ਹੀ ਇੱਕ ਡੰਗ ਖੀਰ ਪਰੋਸ ਰਹੇ ਸੀ, ਇਸ ਨਾਲ ਸਕੂਲ ਦੇ ਖਾਣੇ ਦਾ ਬਜਟ ਪ੍ਰਭਾਵਿਤ ਹੁੰਦਾ ਹੈ। ਪ੍ਰਤੀ ਬੱਚੇ ਦੇ ਖਾਣੇ ਨੂੰ ਪਕਾਉਣ ਦੀ ਦਿੱਤੀ ਗਈ ਲਾਗਤ ਦੇ ਤਹਿਤ, ਘਿਓ ਦਾ ਹਲਵਾ ਅਤੇ ਖੀਰ ਪਰੋਸਣ ਨਾਲ ਬਜਟ ਹੋਰ ਵਿਗੜ ਸਕਦਾ ਹੈ।
ਉਨ੍ਹਾਂ ਕਿਹਾ ਕਿ ਬਜ਼ਾਰ ਵਿਚ ਘਿਓ 700 ਤੋਂ 900 ਰੁਪਏ ਪ੍ਰਤੀ ਕਿਲੋਗ੍ਰਾਮ, ਮੌਸਮੀ ਸਬਜ਼ੀਆਂ 40-70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਦੁੱਧ ਤੇ ਹੋਰ ਵਸਤਾਂ ਦਾ ਮੁੱਲ ਵੀ ਦਿਨੋਂ ਦਿਨ ਵਧ ਰਿਹਾ ਹੈ। ਸਾਨੂੰ ਦੇਖਣ ਦੀ ਲੋੜ ਹੈ ਕਿ ਅਸੀਂ ਇਸ ਨਵੀਂ ਮਿਡ ਡੇ ਮੀਲ ਸੂਚੀ ਨੂੰ ਕਿੰਨਾ ਸਮਾਂ ਦੇ ਸਕਦੇ ਹਾਂ। ਰਜਿੰਦਰ ਕੌਰ ਦੱਸਿਆ ਕਿ ਉਸ ਦਾ ਸਕੂਲ ਰੋਜ਼ਾਨਾ 160 ਬੱਚਿਆਂ ਨੂੰ ਮਿਡ-ਡੇਅ ਦਿੰਦਾ ਹੈ, ਜਿਸ ਵਿੱਚ ਮੌਸਮੀ ਫਲ ਪਰੋਸਦੇ ਹਨ, ਪਰ ਇਨ੍ਹਾਂ ਮੌਸਮੀ ਫਲਾਂ ਦਾ ਖਰਚਾ ਸਕੂਲ ਕਿਸੇ ਨਾ ਕਿਸੇ ਤਰ੍ਹਾਂ ਝੱਲ ਰਹੇ ਹਨ।
ਬੀਤੇ ਵਰ੍ਹੇ ਸ਼ਾਮਲ ਕੀਤੇ ਗਏ ਸਨ ਮੌਸਮੀ ਫਲ
ਇਸ ਤੋਂ ਪਹਿਲਾਂ ਪਿਛਲੇ ਸਾਲ ਮਿਡ-ਡੇਅ ਮੀਲ ਸਕੀਮ ਤਹਿਤ ਮੌਸਮੀ ਫਲ ਸ਼ਾਮਲ ਕੀਤੇ ਗਏ ਸਨ। ਪਰ ਖਰੀਦ ਅਤੇ ਲਾਗਤ ਦੀਆਂ ਚੁਣੌਤੀਆਂ ਕਾਰਨ ਇਹ ਯੋਜਨਾ ਲੰਬੇ ਸਮੇਂ ਤੱਕ ਜਾਰੀ ਨਹੀਂ ਰਹੀ। ਖਿਲਚੀਆਂ ਦੇ ਇੱਕ ਸਰਕਾਰੀ ਸਕੂਲ ਦੀ ਇੱਕ ਹੋਰ ਮਿਡ-ਡੇਅ ਮੀਲ ਇੰਚਾਰਜ ਜੀਤ ਕੌਰ ਨੇ ਦੱਸਿਆ ਕਿ ਪਿਆਜ਼, ਟਮਾਟਰ ਸਮੇਤ ਮੌਸਮੀ ਸਬਜ਼ੀਆਂ ਦਾ ਬਾਜ਼ਾਰ ਵਿਚ ਭਾਅ ਕਾਫੀ ਮਹਿੰਦਾ ਹੈ, ਜਿਸ ਨਾਲ ਸਕੂਲ ਦੇ ਮਿਡ-ਡੇਅ ਮੀਲ ਦੇ ਬਜਟ ਵਿੱਚ ਵਾਧਾ ਹੋ ਰਿਹਾ ਹੈ। ਕੜ੍ਹੀ ਅਤੇ ਤਲ ਕੇ ਬਣਾਏ ਜਾਣ ਵਾਲੇ ਪਕਵਾਨਾਂ ਲਈ ਤੇਲ ਖਰੀਦਣਾ ਬਜਟ ਨੂੰ ਹੋਰ ਵਿਗਾੜੇਗਾ। ਇੱਥੋਂ ਦੇ ਸਕੂਲਾਂ ਵਿੱਚ ਔਸਤਨ 130 ਤੋਂ 150 ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਦਿੱਤਾ ਜਾਂਦਾ ਹੈ। ਇੰਨੇ ਕੁ ਖਰਚੇ ਨਾਲ ਘਿਓ ਅਤੇ ਹੋਰ ਖਰਚਿਆਂ ਨੂੰ ਸਹਿਣ ਕਰਨਾ ਚੁਣੌਤੀਪੂਰਨ ਲੱਗਦਾ ਹੈ।
ਮਿਡ-ਡੇਅ ਮੀਲ ਕੁੱਕ ਅਤੇ ਹੈਲਪਰ ਤਨਖ਼ਾਹ ਵਧਾਉਣ ਦੀ ਮੰਗ ’ਤੇ
ਮਿਡ-ਡੇਅ ਮੀਲ ਕੁੱਕ ਅਤੇ ਹੈਲਪਰ ਵੀ ਤਨਖ਼ਾਹ ਵਧਾਉਣ ਦੀ ਮੰਗ ਕਰ ਰਹੀਆਂ ਹਨ। ਸੂਬੇ ਵਿੱਚ ਮਿਡ ਡੇ ਵਰਕਰਾਂ ਵੱਲੋਂ ਪਿਛਲੇ ਛੇ ਮਹੀਨਿਆਂ ਵਿੱਚ ਕਈ ਵਿਰੋਧ ਪ੍ਰਦਰਸ਼ਨ ਕੀਤੇ ਗਏ ਹਨ, ਉਹ 3000 ਰੁਪਏ ਪ੍ਰਤੀ ਮਹੀਨਾ ਤੋਂ 7000 ਰੁਪਏ ਪ੍ਰਤੀ ਮਹੀਨਾ ਕਰਨ ਦੀ ਮੰਗ ਕਰ ਰਹੇ ਹਨ।