For the best experience, open
https://m.punjabitribuneonline.com
on your mobile browser.
Advertisement

ਕਿਸਾਨ ਖੁਦ ਮਾਰਕੀਟਿੰਗ ਕਰਨ ਤਾਂ ਪੰਜਾਬ ਦੁਨੀਆਂ ਦਾ ਅਮੀਰ ਸੂਬਾ ਬਣ ਸਕਦੈ: ਸੰਧਵਾਂ

07:56 AM Sep 04, 2024 IST
ਕਿਸਾਨ ਖੁਦ ਮਾਰਕੀਟਿੰਗ ਕਰਨ ਤਾਂ ਪੰਜਾਬ ਦੁਨੀਆਂ ਦਾ ਅਮੀਰ ਸੂਬਾ ਬਣ ਸਕਦੈ  ਸੰਧਵਾਂ
ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਸਨਮਾਨ ਕਰਦੇ ਹੋਏ ਡਾ. ਭਗਵੰਤ ਸਿੰਘ ਅਤੇ ਗੁਰਪ੍ਰੀਤ ਧਮੌਲੀ।
Advertisement

ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 3 ਸਤੰਬਰ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨ ਮੇਲਾ ਵਿੱਚ ਸ਼ਿਰਕਤ ਕੀਤੀ। ਇਸ ਮਗਰੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਭਗਵੰਤ ਸਿੰਘ ਦੇ ਗ੍ਰਹਿ ਸੁੰਦਰ ਨਗਰ ਰਾਜਪੁਰਾ ਵਿੱਚ ਪੁੱਜੇ। ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਵੱਲੋਂ ਖੁਦ ਮਾਰਕੀਟਿੰਗ ਕੀਤੀ ਜਾਵੇਗੀ ਤਾਂ ਪੰਜਾਬ ਨਾ ਕੇਵਲ ਦੇਸ਼ ਦਾ ਸਗੋਂ ਦੁਨੀਆ ਦਾ ਸਭ ਤੋਂ ਅਮੀਰ ਸੂਬਾ ਬਣ ਕੇ ਉੱਭਰੇਗਾ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲ਼ੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਗ ਲਾਉਣ ਦੇ ਰੁਝਾਨ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ ਅਤੇ ਗੰਭੀਰ ਬਿਮਾਰੀਆਂ ਫੈਲਦੀਆਂ ਹਨ। ਇਸ ਮੌਕੇ ਡਾਕਟਰ ਭਗਵੰਤ ਸਿੰਘ ਅਤੇ ਪਾਰਟੀ ਪੰਜਾਬ ਦੇ ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਧਮੋਲੀ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਲੋਈ ਅਤੇ ਸ੍ਰੀ ਸਾਹਿਬ ਦੇ ਕੇ ਸਾਂਝੇ ਤੌਰ ’ਤੇ ਸਨਮਾਨ ਕੀਤਾ।

Advertisement

ਰਾਜਪੁਰਾ ਵਿੱਚ ਲੱਗਿਆ ਦੋ-ਰੋਜ਼ਾ ਕਿਸਾਨ ਮੇਲਾ ਸਮਾਪਤ

ਰਾਜਪੁਰਾ ਦੀ ਨਵੀਂ ਅਨਾਜ ਮੰਡੀ ਵਿੱਚ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਦੋ-ਰੋਜ਼ਾ ਕਿਸਾਨ ਮੇਲਾ ਸਮਾਪਤ ਹੋ ਗਿਆ। ਮੇਲੇ ਦੇ ਆਖਰੀ ਦਿਨ ਅੰਤਰਰਾਸ਼ਟਰੀ ਘੋੜਾ ਦਿਲਬਾਗ ਅਤੇ ਇੱਕੋ ਵੇਲੇ ਪੰਜ ਫਲ ਦੇਣ ਵਾਲਾ ਹਾਈਬ੍ਰਿਡ ਪੌਦਾ ਖਿੱਚ ਦਾ ਕੇਂਦਰ ਰਹੇ। ਆਖਰੀ ਦਿਨ ਪਏ ਭਰਵੇਂ ਮੀਂਹ ਨੇ ਮੇਲੇ ਦਾ ਮਜ਼ਾ ਕਿਰਕਿਰਾ ਕਰ ਦਿੱਤਾ। ਦੁਪਹਿਰ ਦੇ ਖਾਣੇ ਤੋਂ ਬਾਅਦ ਸਭਿਆਚਾਰਕ ਰੰਗਾਰੰਗ ਪ੍ਰੋਗਰਾਮ ਚੱਲ ਰਿਹਾ ਸੀ ਕਿ ਤਿੰਨ ਵਜੇ ਭਾਰੀ ਮੀਂਹ ਪੈਣਾ ਸ਼ੁਰੂ ਹੋ ਗਿਆ, ਜੋ ਲਗਾਤਾਰ ਇਕ ਘੰਟਾ ਪੈਂਦਾ ਰਿਹਾ। ਮੀਂਹ ਰੁਕਣ ਤੋਂ ਬਾਅਦ ਪ੍ਰਬੰਧਕਾ ਨੇ ਮੁੜ ਮੇਲਾ ਸ਼ੁਰੂ ਕਰ ਦਿੱਤਾ। ਮੇਲੇ ਦੇ ਮੁੱਖ ਪ੍ਰਬੰਧਕ ਅਭਿਜਿੰਦਰ ਸੰਘਾ ਨੇ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ, ਹਰਿਆਣਾ ਅਤੇ ਯੂਪੀ ਦੇ ਕਿਸਾਨਾਂ ਨੇ ਪਹੁੰਚ ਕੇ ਆਧੁਨਿਕ ਕਿਸਾਨੀ ਬਾਰੇ ਜਾਣਕਾਰੀ ਹਾਸਲ ਕੀਤੀ। ਮਾਰਕੀਟਿੰਗ ਮਹਿਰਾ ਵੱਲੋਂ ਦਿੱਤੇ ਵਡਮੁੱਲੇ ਵਿਚਾਰਾਂ ਦਾ ਕਿਸਾਨਾਂ ਨੇ ਲਾਹਾ ਲਿਆ।

Advertisement

Advertisement
Author Image

Advertisement