For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਵਿੱਚ ਪੁੱਡਾ ਨੇ ਨਾਜਾਇਜ਼ ਉਸਾਰੀਆਂ ਢਾਹੀਆਂ

07:09 AM Jul 04, 2024 IST
ਬਠਿੰਡਾ ਵਿੱਚ ਪੁੱਡਾ ਨੇ ਨਾਜਾਇਜ਼ ਉਸਾਰੀਆਂ ਢਾਹੀਆਂ
ਬਠਿੰਡਾ ਵਿਚ ਬੁੱਧਵਾਰ ਨੂੰ ਨਾਜਾਇਜ਼ ਕਬਜ਼ੇ ਹਟਾਉਂਦੀ ਹੋਈ ਪੁੱਡਾ ਦੀ ਟੀਮ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ
ਬਠਿੰਡਾ, 3 ਜੁਲਾਈ
ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈਲਪਮੈਂਟ ਅਥਾਰਟੀ (ਪੁੱਡਾ) ਨੇ ਕਰੀਬ ਤਿੰਨ ਮਹੀਨਿਆਂ ਬਾਅਦ ਅੱਜ ਫਿਰ ਵੱਡੀ ਕਾਰਵਾਈ ਕਰਦਿਆਂ, ਇਥੋਂ ਮਾਡਲ ਟਾਊਨ ਵਿੱਚੋਂ ਨਾਜਾਇਜ਼ ਕਬਜ਼ੇ ਹਟਾਏ। ਪੁੱਡਾ ਦੇ ਅਧਿਕਾਰੀਆਂ ਤੋਂ ਇਲਾਵਾ ਤਹਿਸੀਲਦਾਰ ਬਠਿੰਡਾ ਮੌਜੂਦ ਰਹੇ। ਇਸ ਕਵਾਇਦ ਮੌਕੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਮੌਜੂਦ ਸਨ ਅਤੇ ਜੇਸੀਬੀ ਦੀ ਮਦਦ ਨਾਲ ਘਰਾਂ ਤੋਂ ਬਾਹਰ ਗਲੀਆਂ ਵਿੱਚ ਕੀਤੇ ਨਾਜਾਇਜ਼ ਕਬਜ਼ੇ ਹਟਾ ਦਿੱਤੇ ਗਏ। ਸਵੇਰ ਸਾਰ ਪੁੱਜੀਆਂ ਕਬਜ਼ਾ ਹਟਾਊ ਟੀਮਾਂ ਲਗਾਤਾਰ ਫੇਜ਼-1 ਵਿੱਚ ਆਪਣਾ ਕੰਮ ਕਰਦੀਆਂ ਰਹੀਆਂ ਪਰ ਇਸ ਵਾਰ ਸੁਰੱਖਿਆ ਕਰਮਚਾਰੀਆਂ ਦੀ ਨਫ਼ਰੀ ਵੱਧ ਹੋਣ ਕਰਕੇ ਕਬਜ਼ਾਕਾਰਾਂ ਵੱਲੋਂ ਕਿਸੇ ਕਿਸਮ ਦਾ ਵਿਆਪਕ ਵਿਰੋਧ ਦੇਖਣ ਵਿੱਚ ਨਹੀਂ ਆਇਆ।
ਪੁੱਡਾ ਅਧਿਕਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ ਲੋਕਾਂ ਨੂੰ ਨਾਜਾਇਜ਼ ਕਬਜ਼ੇ ਖੁਦ ਖਤਮ ਕਰਨ ਬਾਰੇ ਨੋਟਿਸ ਦਿੱਤੇ ਜਾ ਚੁੱਕੇ ਸਨ ਪਰ ਉਨ੍ਹਾਂ ’ਤੇ ਅਮਲ ਨਾ ਹੋਣ ਕਾਰਣ ਪ੍ਰਸ਼ਾਸਨ ਨੂੰ ਇਹ ਕਾਰਵਾਈ ਆਪ ਕਰਨੀ ਪੈ ਰਹੀ ਹੈ। ਕਾਰਵਾਈ ਦੌਰਾਨ ਜੇਸੀਬੀ ਨਾਲ ਘਰਾਂ ਦੇ ਬਾਹਰ ਕੀਤੀਆਂ ਗਈਆਂ ਚਾਰਦੀਵਾਰੀਆਂ, ਤਾਰਾਂ ਦੀਆਂ ਵਲਗਣਾਂ ਅਤੇ ਬਣੀਆਂ ਫ਼ਰਸ਼ਾਂ ਨੂੰ ਤੋੜ ਦਿੱਤਾ ਗਿਆ। ਕਈ ਲੋਕਾਂ ਨੇ ਘਰਾਂ ਦੇ ਬਾਹਰ ਗੈਰਾਜ ਅਤੇ ਬਗੀਚੀਆਂ ਵੀ ਬਣਾਈਆਂ ਹੋਈਆਂ ਸਨ।
ਜ਼ਿਕਰਯੋਗ ਹੈ ਕਿ ਸ਼ਹਿਰ ਵਿਚਲੇ ਨਾਜਾਇਜ਼ ਕਬਜ਼ਿਆਂ ਦੇ ਸਬੰਧ ’ਚ ਸਥਾਨਕ ਪ੍ਰਸ਼ਾਸਨ ਦੀ ਕਾਰਵਾਈ ਤੋਂ ਨਾ-ਖ਼ੁਸ਼ ਇੱਕ ਸੇਵਾ ਮੁਕਤ ਈਟੀਓ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਕੇ ਰਿੱਟ ਦਾਖ਼ਲ ਕੀਤੀ ਸੀ। ਕਰੀਬ ਤਿੰਨ ਮਹੀਨੇ ਪਹਿਲਾਂ ਅਦਾਲਤ ਨੇ ਇਸ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੂੰ ਕਬਜ਼ੇ ਹਟਾਉਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਸਨ। ਆਦੇਸ਼ਾਂ ਦੀ ਰੌਸ਼ਨੀ ’ਚ ਪ੍ਰਸ਼ਾਸਨ ਨੇ ਲੰਘੇ ਮਾਰਚ ਮਹੀਨੇ ਜਦੋਂ ਮਾਡਲ ਟਾਊਨ ਵਿੱਚ ਵਿਆਪਕ ਕਾਰਵਾਈ ਕੀਤੀ ਤਾਂ ਕੁੱਝ ਲੋਕਾਂ ਵੱਲੋਂ ਇਸ ਦਾ ਵਿਰੋਧ ਹੋਇਆ ਸੀ।

Advertisement

ਜ਼ੀਰਾ ਦੇ ਬਾਜ਼ਾਰ ਵਿੱਚੋਂ ਨਾਜਾਇਜ਼ ਕਬਜ਼ੇ ਹਟਾਏ

ਜ਼ੀਰਾ (ਹਰਮੇਸ਼ਪਾਲ ਨੀਲੇਵਾਲਾ): ਜ਼ੀਰਾ ਵਿੱਚ ਨਗਰ ਕੌਂਸਲ ਜ਼ੀਰਾ ਦੇ ਅਧਿਕਾਰੀਆਂ ਨੇ ਟਰੈਫਿਕ ਪੁਲੀਸ ਦੀ ਮਦਦ ਨਾਲ ਪੂਰੇ ਬਾਜ਼ਾਰ ਵਿੱਚੋਂ ਨਾਜਾਇਜ਼ ਕਬਜ਼ੇ ਹਟਵਾਏ। ਇਸ ਦੌਰਾਨ ਕਾਰਜ ਸਾਧਕ ਅਫਸਰ ਧਰਮਪਾਲ ਸਿੰਘ ਦੀ ਅਗਵਾਈ ਹੇਠ ਵਾਲੀ ਟੀਮ ਵੱਲੋਂ ਟਰੈਫਿਕ ਪੁਲੀਸ ਦੀ ਮਦਦ ਨਾਲ ਰੇਲਵੇ ਰੋਡ ’ਤੇ ਲੱਗੀਆਂ ਰੇਹੜੀਆਂ ਅਤੇ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਅਤੇ ਦੁਕਾਨਾਂ ਦੇ ਅੱਗੇ ਰੱਖਿਆ ਸਾਮਾਨ ਵੀ ਜ਼ਬਤ ਕੀਤਾ ਗਿਆ। ਨਗਰ ਕੌਂਸਲ ਅਧਿਕਾਰੀਆਂ ਨੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਅੱਗੇ ਜ਼ਿਆਦਾ ਸਮਾਨ ਲਾਉਣ ਤੋਂ ਗੁਰੇਜ਼ ਕਰਨ। ਇਸ ਮੌਕੇ ਟਰੈਫਿਕ ਇੰਚਾਰਜ ਏਐੱਸਆਈ ਸਵਰਨ ਸਿੰਘ, ਹੈੱਡ ਕਾਂਸਟੇਬਲ ਰਣਜੀਤ ਸਿੰਘ, ਹੈੱਡ ਕਾਂਸਟੇਬਲ ਇਕਬਾਲ ਸਿੰਘ, ਏਐੱਸਆਈ ਅਨਵਰ ਮਸੀਹ, ਸਫਾਈ ਸੇਵਕ ਸੰਦੀਪ, ਵਿਸ਼ਾਲ, ਕ੍ਰਿਸ਼ਨ ਕੁਮਾਰ, ਵਿਨੋਦ ਕੁਮਾਰ, ਬਿਕਰਮ, ਵਿਸ਼ਾਲ ਤੇ ਜਸਬੀਰ ਆਦਿ ਹਾਜ਼ਰ ਸਨ।

Advertisement
Author Image

Advertisement
Advertisement
×