ਪੰਜਾਬ ਵਿੱਚ ਨਸ਼ਿਆਂ ਦੇ ਪਾਸਾਰ ਲਈ ਰਵਾਇਤੀ ਪਾਰਟੀਆਂ ਜ਼ਿੰਮੇਵਾਰ: ਭੱਲਾ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 24 ਅਕਤੂਬਰ
‘ਆਪ’ ਜ਼ਿਲ੍ਹਾ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਨਸ਼ਿਆਂ ਦੇ ਪਸਾਰੇ ਲਈ ਰਵਾਇਤੀ ਪਾਰਟੀਆਂ ਦੇ ਆਗੂ ਜ਼ਿੰਮੇਵਾਰ ਹਨ, ਜਿਸ ਦੀ ਤਾਜ਼ਾ ਮਿਸਾਲ ਕਾਂਗਰਸ ਦੀ ਸਾਬਕਾ ਵਿਧਾਇਕ ਅਤੇ ਭਾਜਪਾ ਦੀ ਆਗੂ ਸਤਿਕਾਰ ਕੌਰ ਗਹਿਰੀ ਦਾ ਨਸ਼ੇ ਦੀ ਖੇਪ ਨਾਲ ਫੜਿਆ ਜਾਣਾ ਹੈ।
ਸ੍ਰੀ ਭੱਲਾ ਨੇ ਆਖਿਆ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਸੂਬੇ ਅੰਦਰ ਲੰਬਾ ਸਮਾਂ ਰਾਜ ਕੀਤਾ, ਜਿਸ ਦੌਰਾਨ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਆਗੂ ਨਸ਼ਾ ਤਸਕਰੀ ਦੇ ਧੰਦੇ ਵਿੱਚ ਲਿਪਤ ਰਹੇ ਹਨ। ਸ੍ਰੀ ਭੱਲਾ ਨੇ ਦੋਸ਼ ਲਾਇਆ ਕਿ ਰਵਾਇਤੀ ਪਾਰਟੀਆਂ ਦੇ ਆਗੂਆਂ ਦੀ ਨਲਾਇਕੀਆਂ ਕਾਰਨ ਹੀ ਅੱਜ ਸੂਬੇ ਦਾ ਇਹ ਹਾਲ ਹੋਇਆ ਹੈ, ਜਿਸ ਨੂੰ ਠੀਕ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 50 ਸਾਲਾਂ ਵਿਚ ਨਸ਼ਾ ਤਸਕਰੀ ਅਤੇ ਭ੍ਰਿਸ਼ਟਾਚਾਰ ਨੇ ਆਪਣੀਆਂ ਜੜ੍ਹਾਂ ਬੇਹੱਦ ਡੂੰਘੀਆਂ ਕਰ ਲਈਆਂ ਹਨ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਨਿਸ਼ਚਾ ਕੀਤਾ ਹੋਇਆ ਹੈ ਕਿ ਉਹ ਇਨ੍ਹਾਂ ਜੜ੍ਹਾਂ ਨੂੰ ਪੁੱਟ ਕੇ ਹੀ ਦਮ ਲੈਣਗੇ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ਿਆਂ ਦੇ ਵਗ ਰਹੇ ਹੜ੍ਹ ਨੂੰ ਵੱਡੀ ਪੱਧਰ ’ਤੇ ਠੱਲ੍ਹ ਪਾਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਚੰਗੇ ਨਤੀਜੇ ਸਾਹਮਣੇ ਆਉਣਗੇ।