ਐੱਸਐੱਸਪੀ ਵੱਲੋਂ ਖਿਆਲਾ ਕਲਾਂ ’ਚ ਜਨਤਕ ਮਿਲਣੀ
ਪੱਤਰ ਪ੍ਰੇਰਕ
ਮਾਨਸਾ, 11 ਦਸੰਬਰ
ਮਾਨਸਾ ਪੁਲੀਸ ਅਤੇ ਆਮ ਲੋਕਾਂ ਦੇ ਸਬੰਧਾਂ ਵਿੱਚ ਲਿਆਉਣ ਅਤੇ ਵਿਸ਼ਵਾਸ/ਸਹਿਯੋਗ ਵਧਾਉਣ ਲਈ ਲੋਕਾਂ ਤੱਕ ਸਿੱਧੀ ਪਹੁੰਚ ਕਰਕੇ ਮੀਟਿੰਗ/ਮਿਲਣੀਆਂ ਕਰਨ ਲਈ ਮੁਹਿੰਮ ਚਲਾਈ ਹੋਈ ਹੈ, ਜਿਸ ਤਹਿਤ ਅੱਜ ਪਿੰਡ ਖਿਆਲਾ ਕਲਾਂ ਵਾਸੀਆਂ ਨਾਲ ਜਨਤਕ ਮਿਲਣੀ ਕੀਤੀ ਗਈ। ਮਿਲਣੀ ਦੌਰਾਨ ਖਿਆਲਾ ਕਲਾਂ,ਖਿਆਲਾ ਖੁਰਦ,ਮਲਕਪੁਰ ਖਿਆਲਾ ਦੀਆਂ ਪੰਚਾਇਤਾਂ, ਵਿਲੇਜ਼ ਡਿਫੈਂਸ ਕਮੇਟੀ ਮੈਂਬਰਾਂ, ਹੋਰ ਮੋਹਤਵਰ ਵਿਅਕਤੀਆਂ ਨੇ ਭਾਗ ਲਿਆ। ਐੱਸਐੱਸਪੀ ਡਾ. ਭਾਗੀਰਥ ਸਿੰਘ ਮੀਨਾ ਨੇ ਆਮ ਪਬਲਿਕ ਨੂੰ ਆਪਣੀ ਦੁੱਖ-ਤਕਲੀਫ਼ਾਂ ਅਤੇ ਸੁਝਾਅ ਪ੍ਰਸ਼ਾਸਨ ਨਾਲ ਸਾਂਝੇ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਕੁਰੀਤੀਆਂ ਨਸ਼ੇ, ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਆਦਿ ਨੂੰ ਠੱਲ੍ਹ ਪਾਉਣ ਲਈ ਬਿਨਾਂ ਕਿਸੇ ਝਿਜਕ, ਡਰ-ਭੈਅ ਦੇ ਅੱਗੇ ਆ ਕੇ ਪੁਲੀਸ ਦਾ ਸਾਥ ਦੇਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ’ਚ ਕਿਸੇ ਵੀ ਸ਼ਰਾਰਤੀ ਅਤੇ ਮਾੜੇ ਅਨਸਰਾਂ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ ਤੇ ਅਮਨ ਕਾਨੂੰਨ ਵਿਵਸਥਾ ਨੂੰ ਹਰ ਹਾਲ ਕਾਇਮ ਰੱਖਿਆ ਜਾਵੇਗਾ।