ਤਿਓਣਾ ’ਚ ਪੱਕੇ ਨਹਿਰੀ ਖਾਲ ਦਾ ਜਤਿੰਦਰ ਭੱਲਾ ਵੱਲੋਂ ਉਦਘਾਟਨ
ਸ਼ਗਨ ਕਟਾਰੀਆ
ਬਠਿੰਡਾ, 11 ਦਸੰਬਰ
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਪਿੰਡ ਤਿਓਣਾ ਵਿੱਚ 60 ਲੱਖ ਰੁਪਏ ਦੀ ਲਾਗਤ ਨਾਲ ਬਣੇ 2800 ਮੀਟਰ ਲੰਮੇ ਖਾਲ ਦਾ ਰਸਮੀ ਉਦਘਾਟਨ ਕੀਤਾ ਗਿਆ। ਸ੍ਰੀ ਭੱਲਾ ਨੇ ਕਿਹਾ ਕਿ ਇਸ ਖਾਲ ਦੇ ਬਣਨ ਤੋਂ ਬਾਅਦ ਤਿਓਣਾ ਖੇਤਰ ਦੇ ਕਰੀਬ 700 ਏਕੜ ਰਕਬੇ ਨੂੰ ਨਹਿਰੀ ਪਾਣੀ ਦੀ ਸਪਲਾਈ ਹੋ ਸਕੇਗੀ, ਜਦੋਂ ਕਿ ਇਸ ਤੋਂ ਪਹਿਲਾਂ ਉਕਤ ਖੇਤਰ ਵਿਚ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ ਸੀ। ਉਨ੍ਹਾਂ ਕਿਹਾ ਕਿ ਬਠਿੰਡਾ (ਦਿਹਾਤੀ) ਹਲਕੇ ਦੇ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਕਾਫੀ ਮਾੜਾ ਹੈ, ਜਿਹੜਾ ਕਿ ਫ਼ਸਲਾਂ ਲਈ ਲਾਹੇਵੰਦ ਨਹੀਂ, ਪਰ ਇਸ ਖੇਤਰ ਵਿਚ ਨਹਿਰੀ ਪਾਣੀ ਦੀ ਵੀ ਵੱਡੀ ਘਾਟ ਰੜਕ ਰਹੀ ਸੀ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਖੇਤਰ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਦਾ ਬੀੜਾ ਚੁੱਕਿਆ ਗਿਆ ਹੈ। ਇਸ ਤਹਿਤ ਬਠਿੰਡਾ (ਦਿਹਾਤੀ) ਹਲਕੇ ਦੇ 68 ਮੋਘਿਆਂ ਅਤੇ ਪਾਈਪ ਲਾਈਨਾਂ ਦਾ ਕੰਮ ਮੁਕੰਮਲ ਕੀਤਾ ਗਿਆ ਹੈ, ਜਿਸ ਉੱਪਰ ਇਕ ਸਾਲ ਵਿਚ 31 ਕਰੋੜ 42 ਲੱਖ ਰੁਪਏ ਸਰਕਾਰ ਵੱਲੋਂ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅਗਲੇ ਵਿੱਤੀ ਸਾਲ ਵਿੱਚ ਬਠਿੰਡਾ ਦਿਹਾਤੀ ਹਲਕੇ ਦੇ ਸਾਰੇ ਖੇਤਰਾਂ ਵਿਚ ਨਹਿਰੀ ਪਾਣੀ ਪੁੱਜਦਾ ਕਰ ਦਿੱਤਾ ਜਾਵੇਗਾ। ਇਸ ਮੌਕੇ ਭੂਮੀ ਰੱਖਿਆ ਵਿਭਾਗ ਦੇ ਐਕਸੀਅਨ ਰਮਨ ਸਿੱਧੂ, ਮਨਜੀਤ ਸਿੰਘ ਸਰਪੰਚ ਪਿੰਡ ਤਿਓਣਾ, ਸੁਰਜੀਤ ਸਿੰਘ ਪ੍ਰਧਾਨ ਸਹਿਕਾਰੀ ਸਭਾ ਤਿਓਣਾ ਅਤੇ ਲਵਪ੍ਰੀਤ ਸਿੰਘ ਸਮੇਤ ਕਿਸਾਨ ਹਾਜ਼ਰ ਸਨ।