ਪੁਆਧੀ ਪੰਜਾਬੀ ਸੱਥ ਮੁਹਾਲੀ ਵੱਲੋਂ ਪੁਰਸਕਾਰਾਂ ਦਾ ਐਲਾਨ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 23 ਅਕਤੂਬਰ
ਪੁਆਧੀ ਪੰਜਾਬੀ ਸੱਥ ਮੁਹਾਲੀ ਵੱਲੋਂ ਹਰੇਕ ਸਾਲ ਪੁਆਧ ਖੇਤਰ ਦੀਆਂ ਵੱਖ-ਵੱਖ ਕਾਰਜਾਂ ਵਿੱਚ ਨਾਮਣਾ ਖੱਟਣ ਵਾਲੀਆਂ ਸੱਤ ਸ਼ਖ਼ਸੀਅਤਾਂ ਨੂੰ ਦਿੱਤੇ ਜਾਂਦੇ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊਂ, ਸਰਪ੍ਰਸਤ ਨਿਰਮਲ ਸਿੰਘ ਲਾਂਬੜਾਂ ਅਤੇ ਸਕੱਤਰ ਪ੍ਰਿੰਸੀਪਲ ਗੁਰਮੀਤ ਸਿੰਘ ਖਰੜ ਨੇ ਦੱਸਿਆ ਕਿ ਇਹ ਪੁਰਸਕਾਰ ਸੱਥ ਦੇ 21 ਵੇਂ ਸਾਲਾਨਾ ਸਮਾਰੋਹ ਮੌਕੇ ਦਿੱਤੇ ਜਾਣਗੇ, ਜਿਹੜਾ ਕਿ 24 ਨਵੰਬਰ ਨੂੰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਾਲ ਸਰਦਾਰਨੀ ਰਵਿੰਦਰ ਕੌਰ ਪੁਰਸਕਾਰ ਲਈ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਦੇ ਪੰਜਾਬੀ ਵਿਭਾਗ ਦੀ ਮੁਖੀ ਡਾ. ਗੁਰਪ੍ਰੀਤ ਕੌਰ (ਵਜੀਦਪੁਰ), ਢਾਡੀ ਪ੍ਰੀਤਮ ਸਿੰਘ ਕਲੌੜ ਪੁਰਸਕਾਰ ਲਈ ਢਾਡੀ ਗੁਰਦੇਵ ਸਿੰਘ (ਕੋਨਾ) ਪੰਚਕੂਲਾ ਦੀ ਚੋਣ ਕੀਤੀ ਗਈ ਹੈ। ਇਸੇ ਤਰ੍ਹਾਂ ਸਾਹਿਤਕਾਰ ਗੁਰਬਖ਼ਸ਼ ਸਿੰਘ ਕੇਸਰੀ ਪੁਰਸਕਾਰ ਲਈ ਸ਼ਾਇਰ ਹਰਵਿੰਦਰ ਸਿੰਘ (ਹਾਡਾਣਾ) ਚੰਡੀਗੜ੍ਹ, ਮਾਸਟਰ ਸਰੂਪ ਸਿੰਘ ਨੰਬਰਦਾਰ ਪੁਰਸਕਾਰ ਲਈ ਸਰਕਾਰੀ ਸਿੱਖਿਆ ਕਾਲਜ ਸੈਕਟਰ-20 ਚੰਡੀਗੜ੍ਹ ਦੇ ਡਾ. ਮੁਖਤਿਆਰ ਸਿੰਘ (ਜੋਧਪੁਰ), ਜਥੇਦਾਰ ਅੰਗਰੇਜ਼ ਸਿੰਘ ਬਡਹੇੜੀ ਪੁਰਸਕਾਰ ਲਈ ਖੋਜੀ ਲੇਖਕ ਜਸਵੰਤ ਸਿੰਘ (ਕੁਰਾਲੀ) ਚੰਡੀਗੜ੍ਹ, ਭਗਤ ਆਸਾ ਰਾਮ ਸੋਹਾਣਾ ਪੁਰਸਕਾਰ ਲਈ ਭਗਤ ਤਰਲੋਚਨ ਪੁਆਧੀ ਅਖਾੜਾ ਗਾਇਕ (ਗੋਬਿੰਦਗੜ੍ਹ) ਅਤੇ ਮਾਸਟਰ ਰਘਬੀਰ ਸਿੰਘ ਬੈਦਵਾਨ ਪੁਰਸਕਾਰ ਲਈ ਕਲਾਕਾਰ ਗੁਰਬਿੰਦਰ ਸਿੰਘ ਉਰਫ਼ ਰੋਮੀ (ਘੜਾਮਾਂ) ਦੀ ਚੋਣ ਕੀਤੀ ਗਈ ਹੈ।