ਗਾਜ਼ੀਪੁਰ ਜੱਟਾਂ ਦੇ ਵਸਨੀਕ ਸ਼ਮਸ਼ਾਨਘਾਟ ਦੀ ਜ਼ਮੀਨ ’ਤੇ ਕੂੜਾ ਸੁੱਟਣ ਤੋਂ ਭੜਕੇ
ਹਰਜੀਤ ਸਿੰਘ
ਜ਼ੀਰਕਪੁਰ, 22 ਨਵੰਬਰ
ਇੱਥੋਂ ਦੇ ਨੇੜਲੇੇ ਪਿੰਡ ਗਾਜ਼ੀਪੁਰ ਜੱਟਾਂ ਦੇ ਵਾਸੀਆਂ ਨੇ ਨਗਰ ਕੌਂਸਲ ਵੱਲੋਂ ਸ਼ਮਸ਼ਾਨਘਾਟ ਦੀ ਜ਼ਮੀਨ ’ਤੇ ਡੰਪਿੰਗ ਗਰਾਊਂਡ ਸਥਾਪਤ ਕਰਨ ਦਾ ਵਿਰੋਧ ਕੀਤਾ। ਪਿੰਡ ਵਾਸੀਆਂ ਨੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਕੌਂਸਲ ਸ਼ਮਸ਼ਾਨਘਾਟ ਨੂੰ ਖ਼ਤਮ ਕਰ ਕੇ ਉਸ ਦੀ ਥਾਂ ’ਤੇ ਢਕੋਲੀ ਦੀ ਸੁਸਾਇਟੀਆਂ ਦਾ ਕੂੜਾ ਸੁੱਟਣ ਦੀ ਯੋਜਨਾ ਬਣਾ ਰਹੀ ਹੈ।
ਪਿੰਡ ਦੇ ਵਸਨੀਕ ਰਣਜੀਤ ਸਿੰਘ ਗਾਜ਼ੀਪੁਰ, ਸੁਖਵਿੰਦਰ ਸਿੰਘ, ਕਰਮਜੀਤ ਸਿੰਘ, ਬਹਾਦੁਰ ਸਿੰਘ, ਪ੍ਰਕਾਸ਼ ਚੌਧਰੀ, ਕਮਲਜੀਤ ਸਿੰਘ, ਧਰਮਿੰਦਰ ਸਿੰਘ, ਐਸ.ਪੀ. ਸ਼ਰਮਾ ਪ੍ਰਧਾਨ ਗੋਲਡਨ ਸੈਂਡ ਸੁਸਾਇਟੀ, ਰਵਿੰਦਰ ਕੋਹਲੀ ਨੇ ਦੱਸਿਆ ਕਿ ਪਿੰਡ ਦੀ ਸਾਢੇ ਤਿੰਨ ਕਿੱਲੇ ਬਹੁ-ਕਰੋੜੀ ਜ਼ਮੀਨ ਮੁਰਬੇਬੰਦੀ ਵੇਲੇ ਸਾਂਝੇ ਕੰਮਾਂ ਲਈ ਛੱਡੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਕੌਂਸਲ ਦੀ ਕਥਿਤ ਤੌਰ ’ਤੇ ਮਿਲੀਭੁਗਤ ਦੇ ਚਲਦਿਆਂ ਪਹਿਲਾਂ ਹੀ ਪਿੰਡ ਦੀ ਦੋ ਕਿੱਲੇ ਦੇ ਕਰੀਬ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਹੋ ਗਿਆ ਹੈ। ਨਗਰ ਕੌਂਸਲ ਨੇ ਇਹ ਕਬਜ਼ਾ ਛੁਡਾਉਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ। ਇਹ ਮਾਮਲਾ ਅਦਾਲਤ ਵਿੱਚ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕੁੱਲ ਸਾਢੇ ਤਿੰਨ ਕਿੱਲੇ ਸ਼ਾਮਲਾਤ ਜ਼ਮੀਨ ਵਿੱਚੋਂ ਸਿਰਫ਼ ਤਿੰਨ ਬਿੱਘਿਆਂ ਦੇ ਕਰੀਬ ਸ਼ਮਸ਼ਾਨਘਾਟ ਦੀ ਥਾਂ ਬਚੀ ਹੋਈ ਹੈ। ਇਸ ’ਤੇ ਹੁਣ ਨਗਰ ਕੌਂਸਲ ਢਕੌਲੀ ਦੀਆਂ ਸੁਸਾਇਟੀਆਂ ਦਾ ਕੂੜਾ ਸੁੱਟਣ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਪਹਿਲਾਂ ਪਿੰਡ ਦੀ ਸੁਖਨਾ ਚੋਅ ਨੇੜੇ ਪਈ ਸ਼ਾਮਲਾਤ ਜ਼ਮੀਨ ’ਤੇ ਕੌਂਸਲ ਵੱਲੋਂ ਪੂਰੇ ਸ਼ਹਿਰ ਦਾ ਕੂੜਾ ਸੁੱਟਿਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਢਕੌਲੀ ਦੀਆਂ ਸੁਸਾਇਟੀਆਂ ਦਾ ਕੂੜਾ ਪਹਿਲਾਂ ਸਥਾਪਤ ਕੀਤੇ ਡੰਪਿੰਗ ਗਰਾਊਂਡ ਵਿੱਚ ਸੁੱਟੇ।
ਪੁਲੀਸ ਦੀ ਮਦਦ ਨਾਲ ਕਬਜ਼ਾ ਲਿਆ ਜਾਵੇਗਾ: ਈਓ
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਪਥਰੀਆ ਨੇ ਕਿਹਾ ਕਿ ਇਹ ਥਾਂ ਨਗਰ ਕੌਂਸਲ ਦੀ ਹੈ। ਇਸ ਦੀ ਸ਼ਹਿਰ ਦੇ ਸਾਂਝੇ ਕੰਮਾਂ ਲਈ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਕੁੱਝ ਵਸਨੀਕ ਸਰਕਾਰੀ ਕੰਮ ਵਿੱਚ ਅੜਿੱਕਾ ਪਾ ਰਹੇ ਹਨ ਜਿਸ ਲਈ 27 ਤਰੀਕ ਨੂੰ ਪੁਲੀਸ ਨੂੰ ਨਾਲ ਲੈ ਕੇ ਕਬਜ਼ਾ ਕੀਤਾ ਜਾਵੇਗਾ।