ਪੀਯੂ: ਚੋਣਾਂ ਲਈ ਸੀਵਾਈਐੱਸਐੱਸ ਵੱਲੋਂ ਸਰਗਰਮੀਆਂ
ਪੱਤਰ ਪ੍ਰੇਰਕ
ਚੰਡੀਗੜ੍ਹ, 19 ਜੁਲਾਈ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਆਗਾਮੀ ਵਿਦਿਆਰਥੀ ਕੌਂਸਲ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਸੀ.ਵਾਈ.ਐੱਸ.ਐੱਸ. ਵੱਲੋਂ ਕਮਰਕੱਸੇ ਕਰਦਿਆਂ ਸਰਗਰਮੀਆਂ ਅਰੰਭ ਕਰ ਦਿੱਤੀਆਂ ਗਈਆਂ ਹਨ। ਜਥੇਬੰਦੀ ਨੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ (ਯੂਆਈਐੱਲਐੱਸ), ਹੋਟਲ ਮੈਨੇਜਮੈਂਟ ਇੰਸਟੀਚਿਊਟ ਅਤੇ ਸਾਇੰਸ ਵਿਭਾਗਾਂ ਦੀਆਂ ਚੱਲ ਰਹੀਆਂ ਕਾਉਂਸਲਿੰਗਾਂ ’ਚ ਨਵੇਂ ਵਿਦਿਆਰਥੀਆਂ ਦੀ ਮਦਦ ਕੀਤੀ ਤੇ ਦਾਖਲਾ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਸੀਵਾਈਐੱਸਐੱਸ ਦੀ ਚੰਡੀਗੜ੍ਹ ਯੂਨਿਟ ਦੇ ਅਹੁਦੇਦਾਰਾਂ ’ਚ ਚੋਣ ਪ੍ਰਭਾਰੀ ਪਰਮਿੰਦਰ ਜੈਸਵਾਲ ਗੋਲਡੀ, ਚੋਣ ਇੰਚਾਰਜ ਸੁਮਿਤ ਰੂਹਲ, ਨੇ ਦੱਸਿਆ ਕਿ ਇਸੇ ਸਾਲ ਸਤੰਬਰ ਮਹੀਨੇ ਹੋਣ ਜਾ ਰਹੀਆਂ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਚੋਣਾਂ ਲੜਨ ਲਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਅਗਸਤ ਮਹੀਨੇ ਵਿੱਚ ਪੀ.ਯੂ. ਕੈਂਪਸ ਤੇ ਸਬੰਧਿਤ ਕਾਲਜਾਂ ਦੀਆਂ ਟੀਮਾਂ ਐਲਾਨੀਆਂ ਜਾਣਗੀਆਂ। ਇਸੇ ਦੌਰਾਨ ਵਿਦਿਆਰਥੀ ਆਗੂ ਪਾਰਸ ਰਤਨ ਨੇ ਦੱਸਿਆ ਕਿ ਖਾਲਸਾ ਕਾਲਜ ’ਚ ਵਿਦਿਆਰਥੀ ਜਥੇਬੰਦੀ ‘ਇਨਸੋ’ ਦੇ ਪ੍ਰਧਾਨ ਇਮਰਾਨ ਮਲਿਕ, ਏਬੀਵੀਪੀ ਚੰਡੀਗੜ੍ਹ ਦੇ ਵਾਈਸ ਪ੍ਰਧਾਨ ਪ੍ਰਦੀਪ ਸਿੰਘ ਕਾਂਸਲ, ਖਾਲਸਾ ਕਾਲਜ ਸਟੂਡੈਂਟਸ ਯੂਨੀਅਨ ਤੋਂ ਰਮਨ ਲੁਬਾਣਾ ਜਥੇਬੰਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸੀਵਾਈਐੱਸਐੱਸ ਵਿੱਚ ਸ਼ਾਮਲ ਹੋ ਗਏ ਹਨ।