ਭੜਕਾਊ ਕਾਰਵਾਈਆਂ
ਐਤਵਾਰ ਸਵੇਰੇ ਅਮਰੀਕਾ ਦੇ ਸ਼ਹਿਰ ਸੈਨ ਫਰਾਂਸਿਸਕੋ ਵਿਚ ਖਾਲਿਸਤਾਨ ਦੇ ਹਮਾਇਤੀਆਂ ਨੇ ਭਾਰਤੀ ਸਫ਼ਾਰਤਖਾਨੇ ਨੂੰ ਅੱਗ ਲਾ ਦਿੱਤੀ। ਸ਼ਹਿਰ ਦੇ ਅੱਗ ਬੁਝਾਊ ਮਹਿਕਮੇ ਦੇ ਕਰਮਚਾਰੀਆਂ ਨੇ ਜਲਦੀ ਅੱਗ ’ਤੇ ਕਾਬੂ ਪਾ ਲਿਆ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਘਟਨਾ ਦੀ ਨਿੰਦਾ ਕਰਦਿਆਂ ਇਸ ਨੂੰ ਅਪਰਾਧਕ ਕਾਰਵਾਈ ਦੱਸਿਆ ਹੈ। ਭਾਰਤ ਨੇ ਅਮਰੀਕੀ ਸਰਕਾਰ ਨੂੰ ਸਫ਼ਾਰਤਖਾਨਿਆਂ ਨੂੰ ਸੁਰੱਖਿਆ ਦੇਣ ਦੀ ਉਸ ਦੀ ਜ਼ਿੰਮੇਵਾਰੀ ਦਾ ਚੇਤਾ ਕਰਵਾਇਆ ਹੈ। ਮਾਰਚ ਵਿਚ ਵੀ ਖਾਲਿਸਤਾਨੀ ਹਮਾਇਤੀਆਂ ਨੇ ਇਸੇ ਸਫ਼ਾਰਤਖਾਨੇ ਵਿਚ ਦਾਖਲ ਹੋ ਕੇ ਹੁੱਲੜਬਾਜ਼ੀ ਕੀਤੀ ਅਤੇ ਖਾਲਿਸਤਾਨ ਦੇ ਹੱਕ ਵਿਚ ਨਾਅਰੇ ਲਗਾਏ ਸਨ। ਖਾਲਿਸਤਾਨ-ਪੱਖੀਆਂ ਨੇ ਕੈਲੀਫੋਰਨੀਆ ਵਿਚ 8 ਜੁਲਾਈ ਨੂੰ ਬਰਕਲੇ ਤੋਂ ਸੈਨ ਫਰਾਂਸਿਸਕੋ ਤਕ ਜਲੂਸ ਕੱਢਣ ਦਾ ਐਲਾਨ ਕੀਤਾ ਹੈ। ਟੋਰਾਂਟੋ ਕੈਨੇਡਾ ਵਿਚ ਵੀ ਅਜਿਹੀ ਰੈਲੀ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ; ਮੰਦਭਾਗੀ ਗੱਲ ਇਹ ਹੈ ਕਿ ਉੱਥੇ ਕੱਢੇ ਗਏ ਪੋਸਟਰਾਂ ’ਤੇ ਭਾਰਤ ਦੇ ਸਫੀਰਾਂ ਵਿਰੁੱਧ ਧਮਕੀਆਂ ਤੇ ਇਤਰਾਜ਼ਯੋਗ ਟਿੱਪਣੀਆਂ ਦਰਜ ਕੀਤੀਆਂ ਗਈਆਂ ਹਨ। ਭਾਰਤ ਨੇ ਕੈਨੇਡਾ ਸਰਕਾਰ ਨਾਲ ਇਹ ਚਿੰਤਾ ਸਾਂਝੀ ਕੀਤੀ ਹੈ ਜਿਸ ਨੇ ਇਨ੍ਹਾਂ ਪੋਸਟਰਾਂ ਨੂੰ ਅਜਿਹੀ ਸਮੱਗਰੀ ਕਰਾਰ ਦਿੱਤਾ ਹੈ ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਕ ਮਹੀਨਾ ਪਹਿਲਾਂ ਕੈਨੇਡਾ ਵਿਚ ਖਾਲਿਸਤਾਨੀ ਹਮਾਇਤੀਆਂ ਨੇ ਇਕ ਰੈਲੀ ਕੱਢੀ ਸੀ ਜਿਸ ਵਿਚ 1984 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦਾ ਟੈਬਲਿਊ ਬਣਾਇਆ ਗਿਆ ਸੀ।
ਖਾਲਿਸਤਾਨ-ਪੱਖੀ ਅਜਿਹੀਆਂ ਕਾਰਵਾਈਆਂ ਕਰ ਕੇ ਪੰਜਾਬੀਆਂ ਤੇ ਸਿੱਖਾਂ ਦਾ ਭਲਾ ਨਹੀਂ ਕਰ ਰਹੇ। ਉਹ ਆਪਣੀ ਬਣਾਈ ਦੁਨੀਆਂ ਵਿਚ ਰਹਿੰਦੇ ਹਨ; ਉਨ੍ਹਾਂ ਦੀਆਂ ਅਜਿਹੀਆਂ ਕਾਰਵਾਈਆਂ ਕਾਰਨ ਪੰਜਾਬੀ ਤੇ ਸਿੱਖ ਭਾਈਚਾਰੇ ਦੇ ਅਕਸ ਨੂੰ ਖੋਰਾ ਲੱਗਦਾ ਹੈ। ਇਹੀ ਨਹੀਂ, ਉਹ ਵਿਦੇਸ਼ਾਂ ਵਿਚ ਰਹਿੰਦੇ ਆਪਣੇ ਭਾਈਚਾਰੇ ਦੇ ਲੋਕਾਂ ਦੇ ਜਜ਼ਬਾਤ ਨਾਲ ਖੇਡਦੇ ਅਤੇ ਉਨ੍ਹਾਂ ਨੂੰ ਗਲਤ ਰਾਹਾਂ ਵੱਲ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਉਹ ਨਹੀਂ ਜਾਣਦੇ ਕਿ ਪੰਜਾਬ ਦੇ ਲੋਕ ਕਿਹੜੀਆਂ ਹਕੀਕੀ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਦਾਹਰਨ ਦੇ ਤੌਰ ’ਤੇ 2020-21 ਵਿਚ ਪੰਜਾਬ ਦੇ ਕਿਸਾਨਾਂ ਨੇ ਇੱਕੀਵੀਂ ਸਦੀ ਦਾ ਸਭ ਤੋਂ ਵੱਡਾ ਜਮਹੂਰੀ ਘੋਲ ਲੜਿਆ ਅਤੇ ਕੇਂਦਰ ਸਰਕਾਰ ਨੂੰ ਖੇਤੀ ਵਿਰੋਧੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ। ਪੰਜਾਬ ਦੇ ਲੋਕ ਜਾਣਦੇ ਹਨ ਕਿ ਉਨ੍ਹਾਂ ਦਾ ਭਵਿੱਖ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਨ ਅਤੇ ਜਮਹੂਰੀ ਤੌਰ-ਤਰੀਕਿਆਂ ਨਾਲ ਆਪਣੇ ਸਾਂਝੇ ਹੱਕਾਂ ਲਈ ਸੰਘਰਸ਼ ਕਰਨ ਵਿਚ ਹੈ। ਭੜਕਾਊ ਸਿਆਸਤ ਪੰਜਾਬ ਤੇ ਪੰਜਾਬੀਆਂ ਦੇ ਹੱਕ ਵਿਚ ਨਹੀਂ ਭੁਗਤਦੀ।
ਹੈਰਾਨੀ ਦੀ ਗੱਲ ਇਹ ਹੈ ਕਿ ਅਮਰੀਕਾ, ਕੈਨੇਡਾ, ਆਸਟਰੇਲੀਆ ਆਦਿ ਦੇਸ਼ਾਂ ਦੀਆਂ ਸਰਕਾਰਾਂ ਅਜਿਹੇ ਤੱਤਾਂ ਦੀਆਂ ਸਰਗਰਮੀਆਂ ਵਿਰੁੱਧ ਅਸਰਦਾਇਕ ਕਾਰਵਾਈਆਂ ਨਹੀਂ ਕਰਦੀਆਂ। ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਨ੍ਹਾਂ ਦੇਸ਼ਾਂ ਦੇ ਹਵਾਲੇ ਨਾਲ ਕਿਹਾ ਹੈ ਕਿ ‘‘ਇਹ ਅਤਿਵਾਦੀ ਵਿਚਾਰਧਾਰਾਵਾਂ ਸਾਡੇ, ਉਨ੍ਹਾਂ (ਭਾਵ ਇਨ੍ਹਾਂ ਦੇਸ਼ਾਂ) ਅਤੇ ਸਾਡੇ ਅਤੇ ਉਨ੍ਹਾਂ ਵਿਚਕਾਰਲੇ ਰਿਸ਼ਤਿਆਂ ਕਿਸੇ ਵਾਸਤੇ ਵੀ ਫਾਇਦੇਮੰਦ ਨਹੀਂ ਹਨ।’’ ਭਾਰਤ ਨੇ ਕੈਨੇਡਾ, ਇੰਗਲੈਂਡ, ਆਸਟਰੇਲੀਆ ਅਤੇ ਅਮਰੀਕਾ ਨੂੰ ਕਿਹਾ ਹੈ ਕਿ ਅਜਿਹੀਆਂ ਸਰਗਰਮੀਆਂ ’ਤੇ ਨਕੇਲ ਪਾਈ ਜਾਵੇ। ਇਨ੍ਹਾਂ ਦੇਸ਼ਾਂ ਵਿਚ ਅਧਿਕਾਰੀਆਂ ਦੀ ਅਲਗਰਜ਼ੀ ਕਾਰਨ ਅਜਿਹੀਆਂ ਸਰਗਰਮੀਆਂ ਵਧੀਆਂ ਹਨ। ਇਨ੍ਹਾਂ ਦੇਸ਼ਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਤੱਤਾਂ ’ਤੇ ਨਕੇਲ ਕਸਣ ਕਿਉਂਕਿ ਉਨ੍ਹਾਂ ਦੀਆਂ ਸਰਗਰਮੀਆਂ ਦੁਵੱਲੇ ਰਿਸ਼ਤਿਆਂ ਲਈ ਹਾਨੀਕਾਰਕ ਹੋਣ ਦੇ ਨਾਲ ਨਾਲ ਉਨ੍ਹਾਂ ਦੇਸ਼ਾਂ ਨੂੰ ਵੀ ਨੁਕਸਾਨ ਪਹੁੰਚਾਉਣ ਵਾਲੀਆਂ ਹਨ ਜਿੱਥੇ ਉਹ ਨਾਗਰਿਕਾਂ ਵਜੋਂ ਰਹਿ ਰਹੇ ਹਨ।