ਵੱਖ ਵੱਖ ਵਾਰਡਾਂ ’ਚ ਰੋਸ ਪ੍ਰਦਰਸ਼ਨ
ਪਵਨ ਗੋਇਲ
ਭੁੱਚੋ ਮੰਡੀ, 28 ਜੁਲਾਈ
ਬਾਜ਼ਾਰ ਅਤੇ ਗਲੀਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਜਮ੍ਹਾਂ ਹੋਣ ਕਾਰਨ ਸ਼ਹਿਰ ਵਾਸੀਆਂ ਨੇ ਵੱਖ ਵੱਖ ਵਾਰਡਾਂ ਅਤੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤੇ ਅਤੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੀਵਰੇਜ ਦੀਆਂ ਪਾਈਪਾਂ ਦੀ ਸਫ਼ਾਈ ਨਾ ਹੋਣ ਕਾਰਨ ਸ਼ਹਿਰ ਵਿੱਚ ਨਿਕਾਸੀ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਸੀਵਰੇਜ ਵਿਭਾਗ ਦੇ ਦਫ਼ਤਰ ਅੱਗੇ ਵੀ ਗੰਦਾ ਪਾਣੀ ਖੜਾ ਹੈ।
ਵਾਰਡ ਨੰਬਰ-1 ਵਿੱਚ ਕੌਂਸਲਰ ਪ੍ਰਿੰਸੀ ਗੋਲਨ ਨੇ ਖੁਦ ਮੈਨਹੋਲ ਵਿੱਚ ਬਾਂਸ ਮਾਰ ਕੇ ਪਾਣੀ ਦੀ ਨਿਕਾਸੀ ਕਰਨ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਅਧਿਕਾਰੀਆਂ ਨੇ ਚੁੱਪ ਧਾਰੀ ਹੋਈ ਹੈ। ਵਾਰਡ ਨੰਬਰ-4 ਦੇ ਦੁਕਾਨਦਾਰਾਂ ਨੇ ਸੀਵਰੇਜ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਡਾ. ਪਰਮਜੀਤ ਸਿੰਘ ਕਲੇਰ, ਨਵੀਨ ਸਿੰਗਲਾ, ਰਾਜਿੰਦਰ ਸ਼ਰਮਾ ਅਤੇ ਰਾਜ ਕੁਮਾਰ ਨੇ ਕਿਹਾ ਕਿ ਉਹ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਦੁਕਾਨਾਂ ਅੱਗੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਹਨ।
ਗੁਰੂ ਅਰਜਨ ਦੇਵ ਨਗਰ ਵਿੱਚ ਵਾਰਡ ਨੰਬਰ-6,7 ਅਤੇ 8 ਦੇ ਵਾਸੀਆਂ ਨੇ ਵੱਖ ਵੱਖ ਰੋਸ ਪ੍ਰਦਰਸ਼ਨ ਕੀਤੇ। ਸਾਬਕਾ ਕੌਂਸਲਰ ਦਲਜੀਤ ਸਿੰਘ, ਡਾ. ਜਗਦੀਸ਼ ਸਿੰਘ ਕੰਗ ਅਤੇ ਇਕਬਾਲ ਸਿੰਘ ਨੇ ਕਿਹਾ ਕਿ ਗਲੀਆਂ ਦਰਿਆ ਬਣ ਚੁੱਕੀਆਂ ਹਨ। ਇਸ ਦੇ ਹੱਲ ਲਈ ਡੀਸੀ ਅਤੇ ਸੀਐੱਮਓ ਬਠਿੰਡਾ ਨੂੰ ਮੰਗ ਪੱਤਰ ਭੇਜਿਆ ਗਿਆ ਹੈ।
ਫੰਡ ਦੀ ਘਾਟ ਕਾਰਨ ਆ ਰਹੀ ਹੈ ਸਮੱਸਿਆ: ਅਧਿਕਾਰੀ
ਜਲ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਜੇਈ ਮਨਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸਾਮਾਨ ਅਤੇ ਫੰਡ ਦੀ ਘਾਟ ਕਾਰਨ ਇਹ ਸਥਿੱਤੀ ਬਣੀ ਹੋਈ ਹੈ। ਇਸ ਸਬੰਧੀ ਹਲਕਾ ਵਿਧਾਇਕ ਵੱਲੋਂ ਮੀਟਿੰਗ ਬੁਲਾਈ ਗਈ ਹੈ, ਸ਼ਾਇਦ ਕੋਈ ਹੱਲ ਹੋ ਜਾਵੇ।