For the best experience, open
https://m.punjabitribuneonline.com
on your mobile browser.
Advertisement

ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ ਪੈਨਸ਼ਨਰਾਂ ਵੱਲੋਂ ਮੁਜ਼ਾਹਰੇ

06:55 AM Aug 07, 2024 IST
ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ ਪੈਨਸ਼ਨਰਾਂ ਵੱਲੋਂ ਮੁਜ਼ਾਹਰੇ
ਸੰਗਰੂਰ ’ਚ ਡੀਸੀ ਦਫ਼ਤਰ ਅੱਗੇ ਮੁਜ਼ਾਹਰਾ ਕਰਦੇ ਹੋਏ ਮੁਲਾਜ਼ਮ ਤੇ ਪੈਨਸ਼ਨਰ।
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 6 ਅਗਸਤ
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ’ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਤੈਅ ਕਰ ਕੇ ਮੁਲਤਵੀ ਕਰਨ ਦੀ ਡੰਗ ਟਪਾਊ ਨੀਤੀ ਦਾ ਵਿਰੋਧ ਕਰ ਰਹੇ ਸਨ। ਜਾਣਕਾਰੀ ਅਨੁਸਾਰ ਮੁਲਾਜ਼ਮ ਅਤੇ ਪੈਨਸ਼ਨਰ ਸਥਾਨਕ ਡੀਸੀ ਦਫ਼ਤਰ ਅੱਗੇ ਇਕੱਠੇ ਹੋਏ ਜਿਥੇ ਰੋਸ ਰੈਲੀ ਕੀਤੀ। ਇਸ ਮਗਰੋਂ ਸਰਕਾਰ ਦੇ ਲਾਰਿਆਂ ਦੀ ਪੰਡ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਕਨਵੀਨਰ ਮੇਲਾ ਸਿੰਘ ਪੁੰਨਾਂਵਾਲ, ਰਾਜ ਕੁਮਾਰ ਅਰੋੜਾ, ਜਗਦੀਸ਼ ਸ਼ਰਮਾ, ਗੁਰਪ੍ਰੀਤ ਸਿੰਘ ਮੰਗਵਾਲ, ਚਮਕੌਰ ਸਿੰਘ ਮਹਿਲਾ, ਮਾਲਵਿੰਦਰ ਸਿੰਘ, ਹਰਜੀਤ ਸਿੰਘ ਵਾਲੀਆ, ਜੀਵਨ ਸਿੰਘ, ਸੀਤਾ ਰਾਮ ਸ਼ਰਮਾ, ਭੁਪਿੰਦਰ ਸਿੰਘ ਜੱਸੀ ਅਤੇ ਗੁਰਿੰਦਰਪਾਲ ਸਿੰਘ ਕੌਹਰੀਆਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੱਤ ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਕੱਚੇ ,ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨਾ, ਪੇਂਡੂ ਭੱਤੇ ਸਮੇਤ ਬੰਦ ਕੀਤੇ 37 ਭੱਤੇ ਬਹਾਲ ਕਰਨਾ, ਤਨਖਾਹ ਕਮਿਸ਼ਨ ਦਾ ਦੂਸਰਾ ਹਿੱਸਾ ਜਾਰੀ ਕਰਨਾ ਆਦਿ ਮੰਗਾਂ ਸਰਕਾਰ ਦੇ ਏਜੰਡੇ ’ਤੇ ਨਹੀਂ ਹਨ। 10 ਅਗਸਤ ਨੂੰ ਪੈਨਸ਼ਨ ਭਵਨ ਲੁਧਿਆਣਾ ਵਿੱਚ ਸਾਂਝੇ ਫਰੰਟ ਦੀ ਮੀਟਿੰਗ ਵਿੱਚ ਤਿੱਖੇ ਸੰਘਰਸ਼ ਸਬੰਧੀ ਫੈਸਲੇ ਲਏ ਜਾਣਗੇ। ਉਨ੍ਹਾਂ ਐਲਾਨ ਕੀਤਾ ਕਿ ਦਿ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਵਲੋਂ 14 ਅਤੇ 15 ਅਗਸਤ ਨੂੰ ਰਾਜ ਭਰ ਵਿਚ ਰੋਸ ਮੁਜ਼ਾਹਰੇ ਕਰਕੇ ਝੰਡਾ ਲਹਿਰਾਉਣ ਵਾਲੇ ਮੰਤਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਯਾਦ ਪੱਤਰ ਭੇਜੇ ਜਾਣਗੇ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਤਿੱਖੇ ਸੰਘਰਸ਼ ਉਲੀਕੇ ਜਾਣਗੇ।
ਧੂਰੀ (ਪਵਨ ਕੁਮਾਰ ਵਰਮਾ): ਧੂਰੀ ਦੇ ਤ੍ਰਿਵੈਣੀ ਚੌਕ ਵਿੱਚ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੰਗ ਉਠਾਈ ਕਿ 2:59 ਮੁਲਾਂਕਣ ਅਨੁਸਾਰ ਪੈਨਸ਼ਨ ਵਿੱਚ ਸੋਧ ਕੀਤੀ ਜਾਵੇ, ਤਨਖਾਹ ਕਮਿਸ਼ਨ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਮੈਡੀਕਲ ਬਿੱਲ ਲਈ ਗ੍ਰਾਂਟ ਜਾਰੀ ਕੀਤੀ ਜਾਵੇ, ਪੈਨਸ਼ਨਰ ਲਈ ਕੈਸ਼ਲੈਸ ਸਕੀਮ ਲਾਗੂ ਕੀਤਾ ਜਾਵੇ।
ਇਸ ਮੌਕੇ ਕੁਲਵੰਤ ਸਿੰਘ, ਜੈ ਦੇਵ, ਰਾਮ ਗੋਪਾਲ, ਇੰਦਰਜੀਤ ਸ਼ਰਮਾ, ਅਵਤਾਰ ਸਿੰਘ, ਸੋਮ ਨਾਥ, ਬਾਲ ਕ੍ਰਿਸ਼ਨ, ਸੁਖਦੇਵ ਸਿੰਘ, ਜੰਗ ਸਿੰਘ, ਰਤਨ ਸਿੰਘ, ਜਸਵਿੰਦਰ ਸਿੰਘ, ਕਰਮ ਸਿੰਘ ਮਾਨ, ਹਰਬੰਸ ਸਿੰਘ, ਸੁੰਦਰ ਲਾਲ, ਫਕੀਰ ਸਿੰਘ, ਗੁਰਮੇਲ ਸਿੰਘ, ਰਲਾ ਸਿੰਘ,ਕਰਮਜੀਤ ਸਿੰਘ ਅਤੇ ਹੋਰ ਕਈ ਮੈਂਬਰ ਹਾਜ਼ਰ ਸਨ।

Advertisement
Advertisement
Author Image

sukhwinder singh

View all posts

Advertisement